‘ਛੋਟਾ ਘੱਲੂਘਾਰਾ’

‘ਛੋਟਾ ਘੱਲੂਘਾਰਾ’

ਪ੍ਰਮਿੰਦਰ ਸਿੰਘ ‘ਪ੍ਰਵਾਨਾ’

‘ਛੋਟਾ ਘੱਲੂਘਾਰਾ’ ਸਿੱਖਾਂ ਅਤੇ ਮੁਗ਼ਲਾਂ ਦਰਮਿਆਨ 17 ਮਈ 1746 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ ਵਿਚ ਵਾਪਰਿਆ ਜੋ ਖ਼ੂਨੀ ਦੁਖਾਂਤ ਹੈ। ‘ਇਤਿਹਾਸ ਵਿਚ ਇਹ ਦੁਖਾਂਤ ਛੋਟੇ ਘੱਲੂਘਾਰੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦੂਸਰੇ ਘੱਲੂਘਾਰੇ ਸਮੇਂ ਵੱਡਾ ਕਤਲੇਆਮ ਹੋਇਆ ਸੀ। ਇਸ ਲਈ ਉਸ ਨੂੰ ਵੱਖਰਾ ਦਰਸਾਉਣ ਲਈ ਇਸ ਨੂੰ ਛੋਟਾ ਘੱਲੂਘਾਰਾ ਕਿਹਾ ਜਾਣ ਲੱਗਾ। ਕਾਹਨੂੰਵਾਨ ਛੰਭ ਗੁਰਦਾਸਪੁਰ ਤੋਂ ਮੁਕੇਰੀਆਂ ਜਾਂਦੀ ਸੜਕ ਉੱਤੇ 8 ਕਿੱਲੋਮੀਟਰ ਦੂਰ ਫ਼ੌਜੀ ਛਾਉਣੀ ਤਿੱਬਤ ਤੋਂ ਸੱਜੇ ਪਾਸੇ 4 ਕਿੱਲੋਮੀਟਰ ਦੂਰ ਸਥਿਤ ਹੈ।
ਛੋਟੇ ਘੱਲੂਘਾਰੇ ਦੇ ਇਤਿਹਾਸ ਵਿਚ ਜੋ ਜੁਲਾਈ 1745 ਈਸਵੀ ਵਿਚ ਜਕਰੀਆ ਖ਼ਾਨ ਦੀ ਮੌਤ ਪਿੱਛੋਂ ਉਸ ਦਾ ਲੜਕਾ ਯਹੀਆ ਖ਼ਾਨ ਲਾਹੌਰ ਦਾ ਸੂਬੇਦਾਰ ਬਣਿਆ। ਉਸ ਨੇ ਲਖਪਤ ਰਾਏ ਨੂੰ ਆਪਣਾ ਗਵਰਨਰ ਨਿਯੁਕਤ ਕੀਤਾ। ਮਈ 1946 ਦੇ ਸ਼ੁਰੂ ਵਿਚ ਐਮਨਾਬਾਦ ਸੈਦਪੁਰ ਪੱਛਮੀ ਪੰਜਾਬ ਪਾਕਿਸਤਾਨ ਨੇੜੇ ਗੁਰਦੁਆਰਾ ਰੋੜੀ ਸਾਹਿਬ ਦੇ ਦਰਸ਼ਨ ਲਈ ਸਿੱਖ ਜਥੇ ਦੇ ਆਉਣ ਦੀ ਖ਼ਬਰ ਜਦ ਲਖਪਤ ਰਾਏ ਨੂੰ ਮਿਲੀ, ਉਸ ਨੇ ਸਿੰਘਾਂ ਨੂੰ ਦਰਸ਼ਨ ਤੋਂ ਰੋਕਣ ਲਈ ਆਪਣੇ ਭਰਾ ਜਸਪਤ ਰਾਏ ਦੀ ਅਗਵਾਈ ਹੇਠ ਫ਼ੌਜ ਲਾਹੌਰ ਭੇਜੀ। ਜਥੇ ਨੂੰ ਐਮਨਾਬਾਦ ਤੋਂ 25 ਕਿੱਲੋਮੀਟਰ ਦੂਰ ਪਿੰਡ ਗੁਸਾਈਆਂ ਨੇੜੇ ਰੋਕਿਆ ਗਿਆ। ਸਿੰਘ ਪਹਿਲਾਂ ਤੋਂ ਹੀ ਭੁਖਣ ਭਾਣੇ ਸਨ, ਸਿਰਫ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੇ ਦਰਸ਼ਨ ਕਰਨਾ ਚਾਹੁੰਦੇ ਸਨ ਅਤੇ ਆਰਾਮ ਲਈ ਰਾਤ ਕੱਟਣੀ ਚਾਹੁੰਦੇ ਸਨ। ਪਰ ਜਸਪਤ ਰਾਏ ਨੇ ਇਕ ਨਾ ਸੁਣੀ। ਇਸ ਝੜਪ ਵਿਚ ਨਿਭਾਰੂ ਸਿੰਘ ਯੋਧੇ ਨੇ ਹਾਥੀ ‘ਤੇ ਬੈਠੇ ਜਸਪਤ ਰਾਏ ਦਾ ਸਿਰ ਲਾਹ ਦਿੱਤਾ। ਲਖਪਤ ਰਾਏ ਨੂੰ ਜਦੋਂ ਆਪਣੇ ਭਰਾ ਦੇ ਮਾਰੇ ਜਾਣ ਦੀ ਖ਼ਬਰ ਮਿਲੀ, ਉਸ ਨੇ ਕ੍ਰੋਧ ਵਿਚ ਆ ਕੇ ਫ਼ੌਜਦਾਰ ਯਹੀਆ ਖ਼ਾਨ ਦੀ ਹਾਜ਼ਰੀ ਵਿਚ ਪੱਗ ਲਾਹ ਕੇ ਸਹੁੰ ਖਾਧੀ ਕਿ ਹੁਣ ਉਹ ਸਿੱਖੀ ਦਾ ਨਾਮੋ ਨਿਸ਼ਾਨ ਮਿਟਾ ਦੇਵੇਗਾ। ਉਸ ਨੇ ਲਾਹੌਰ ਦੇ ਗਵਰਨਰ ਯਹੀਆ ਖ਼ਾਨ ਤੋਂ ਫ਼ੌਜ ਮੰਗੀ। ਅਗਲੇ ਹੀ ਦਿਨ ਲਾਹੌਰ ਵਿਚ ਮੱਸਿਆ ਦੇ ਦਿਨ ਉਸ ਨੇ ਬਾਜ਼ਾਰ ਵਿਚ ਜਾਂਦੇ ਹਰ ਸਿੱਖ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ।
ਜਦੋਂ ਇਸ ਦਰਦਨਾਕ ਘਟਨਾ ਦੀ ਦੁਖਦਾਈ ਖ਼ਬਰ ਸਿੱਖ ਜਰਨੈਲ ਨਵਾਬ ਕਪੂਰ ਸਿੰਘ ਨੂੰ ਮਿਲੀ ਤਾਂ ਸਾਰੇ ਸਿੱਖ ਜਰਨੈਲਾਂ ਨੂੰ ਸੁਨੇਹੇ ਭੇਜੇ ਕਿ ਫ਼ੌਜਾਂ ਲੈ ਕੇ ਕਾਹਨੂੰਵਾਨ ਪਹੁੰਚਣ। ਜਰਨੈਲ ਜਦ ਇਕੱਠੇ ਹੋ ਕੇ ਪੁੱਜੇ ਤਾਂ ਫ਼ੌਜ ਦੀ ਗਿਣਤੀ 2500 ਦਸੀ ਜਾਂਦੀ ਹੈ। ਦੂਜੇ ਪਾਸੇ ਦੀਵਾਨ ਲਖਪਤ ਰਾਏ ਨੇ ਲੱਖਾਂ ਦੀ ਫ਼ੌਜ ਲੈ ਕੇ ਸਿੱਖਾਂ ਦਾ ਪਿੱਛਾ ਕਰਦਿਆਂ ਘੇਰਾ ਪਾ ਲਿਆ। ਕਾਹਨੂੰਵਾਨ,  ਹਰਗੋਬਿੰਦਪੁਰ, ਗੁਰਦਾਸਪੁਰ ਤੇ ਬਿਆਸ ਦਰਿਆ ਨਾਲ ਜੁੜੇ ਇਸ ਵਿਸ਼ਾਲ ਛੰਭ ਵਿਚ ਸ਼ਾਹੀ ਫ਼ੌਜ ਨੇ ਚੌਕੀਆਂ ਬਣਾ ਲਈਆਂ ਅਤੇ ਤੋਪਾਂ ਵੀ ਬੀੜ ਦਿੱਤੀਆਂ। ਛੰਭ ਨੇੜਲੇ ਲੋਕਾਂ ਨੂੰ ਸਿੱਖਾਂ ਦੀ ਜਾਣਕਾਰੀ ਦਿੰਦੇ ਰਹਿਣ ਲਈ ਕਿਹਾ ਅਤੇ ਪਹਾੜੀ ਰਾਜਿਆਂ ਨਾਲ ਸੰਪਰਕ ਬਣਾ ਕੇ ਸਿੱਖਾਂ ਨੂੰ ਮੁਕਾਉਣਾ ਸ਼ੁਰੂ ਕਰ ਦਿੱਤਾ। ਇਹ ਛੰਭ ਦਾ ਸੰਘਣਾ ਜੰਗਲ ਪਹਿਲਾਂ ਹੀ ਮੁਸੀਬਤ ਸਮੇਂ ਸਿੰਘਾਂ ਦੀ ਪਨਾਹਗਾਰ ਸੀ। ਸਿੰਘ ਜੰਗਲ ਵਿਚ ਰਹਿਣ ਕਰਕੇ ਫ਼ੌਜੀ ਸਿਖਲਾਈ ਦੇ ਦਾਅ ਪੇਚ ਸਭ ਜਾਣਦੇ ਸਨ। ਸਿੰਘ ਰਾਤ ਨੂੰ ਜੰਗਲ ਤੋਂ ਬਾਹਰ ਨਿਕਲਦੇ ਲਖਪਤ ਰਾਏ ਦੀਆਂ ਫ਼ੌਜਾਂ ਦਾ ਕਤਲੇਆਮ ਕਰਕੇ ਰਾਸ਼ਨ ਅਤੇ ਹਥਿਆਰ ਲੁੱਟ ਕੇ ਟਿਕਾਣਿਆਂ ‘ਤੇ ਚਲੇ ਜਾਂਦੇ। ਇਸ ਕੰਡਿਆਲੀਆਂ ਝਾੜੀਆਂ ਦੇ ਜੰਗਲ ਵਿਚ ਸਿੰਘ ਭੁਖਣ ਭਾਣੇ ਗੁਰੀਲਾ ਢੰਗ ਨਾਲ ਯੁੱਧ ਦੀ ਰਣਨੀਤੀ ਵਰਤਦੇ ਰਹੇ। ਲਖਪਤ ਰਾਏ ਆਪਣੀ ਹਾਰ ਨੂੰ ਵੇਖ ਕੇ ਘਟੀਆਪਣ ‘ਤੇ ਉਤਰ ਆਇਆ। ਉਸ ਨੇ ਨੇੜਲੇ ਪਿੰਡਾਂ ਦੇ ਲੁਹਾਰ, ਤਰਖਾਣ ਮੰਗਵਾ ਕੇ ਜੰਗਲ ਦੇ ਰੁੱਖ ਕਟਵਾ ਕੇ ਚੁਫੇਰਿਓਂ ਅੱਗ ਲਗਵਾ ਦਿੱਤੀ। 5000 ਦੀ ਫ਼ੌਜ ਦੇ ਸਿੰਘਾਂ ਨੂੰ ਮੁਸੀਬਤ ਪੈ ਗਈ।
ਸਿੰਘਾਂ ਵਾਸਤੇ ਇਹ ਘੋਰ ਬਿਪਤਾ ਦਾ ਸਮਾਂ ਸੀ। ਫਿਰ ਵੀ ਉਨ੍ਹਾਂ ਨੇ ਮੁਗ਼ਲ ਸੈਨਾ ਦਾ ਟਾਕਰਾ ਬੜੀ ਬਹਾਦਰੀ ਨਾਲ ਕੀਤਾ। ਇਕ ਤਾਂ ਅਤਿ ਦੀ ਗਰਮੀ, ਦੂਸਰਾ ਜੰਗਲ ਦੀ ਭਿਆਨਕ ਅੱਗ, ਤੀਜਾ ਉੱਚਾ ਸਿੱਧਾ ਪਹਾੜ ਤੇ ਵਿਰੋਧੀ ਪਹਾੜੀ ਰਾਜੇ, ਚੌਥਾ ਚੜ੍ਹਦੇ ਪਾਸੇ ਸ਼ੂਕਦਾ ਬਿਆਸ ਦਰਿਆ। ਛੰਭ ਛੱਡ ਕੇ ਜਾਣ ਦਾ ਕੋਈ ਰਸਤਾ ਬਾਕੀ ਨਾ ਰਿਹਾ। ਲਖਪਤ ਰਾਏ ਦੀਆਂ ਫ਼ੌਜਾਂ ਤੇਜ਼ੀ ਨਾਲ ਮਾਰੋ ਮਾਰ ਕਰਦੀਆਂ ਵਧ ਰਹੀਆਂ ਸਨ। ਇਸ ਵਿਸ਼ਾਲ ਘੇਰੇ ਵਿਚ ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸੁੱਖਾ ਸਿੰਘ ਮਾੜੀ ਕੰਬੋਕੀ ਤੇ ਗੁਰਦਿਆਲ ਸਿੰਘ ਡੱਲੇਵਾਲ ਸਿੰਘਾਂ ਦੀ ਅਗਵਾਈ ਕਰ ਰਹੇ ਸਨ।
ਕੁੱਝ ਸਿੰਘਾਂ ਨੇ ਬਿਖੜਾ ਪੈਂਡਾ ਤੈਅ ਕਰਕੇ ਰਾਵੀ ਦਰਿਆ ਪਾਰ ਕਰਕੇ ਕਠੂਆ ਤੇ ਬਸੋਲੀ ਵੱਲ ਮੂੰਹ ਕੀਤਾ। ਅੱਗੋਂ ਪਹਾੜੀ ਰਾਜਿਆਂ ਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ। ਸਿੰਘ ਫਿਰ ਵੀ ਚੜ੍ਹਦੀ ਕਲਾ ਵਿਚ ਜੈਕਾਰੇ ਲਾਉਂਦਿਆਂ ਦੁਸ਼ਮਣ ਖ਼ਿਲਾਫ਼ ਟੁੱਟ ਕੇ ਜੂਝ ਪਏ। ਇਹ ਘਮਸਾਣ ਦੀ ਗਹਿਗੱਚ ਲੜਾਈ ਵਿਚ 7000 ਸਿੰਘ ਸ਼ਹੀਦੀ ਪਾ ਗਏ। ਲਖਪਤ ਦੇ ਨਾਮੀ ਜਰਨੈਲ ਇਸ ਯੁੱਧ ਵਿਚ ਮਾਰੇ ਗਏ। 3000 ਸਿੰਘਾਂ ਨੂੰ ਫੜ ਕੇ ਲਾਹੌਰ ਦੇ ਨਾਖਾਸ ਚੌਕ ਵਿਚ ਸ਼ਹੀਦ ਕਰ ਦਿੱਤਾ ਗਿਆ। ਕੁੱਝ ਸਿੰਘ ਮਾਲਵੇ ਵੱਲ ਤੇ ਕੁੱਝ ਪਹਾੜਾਂ ਵੱਲ ਨਿਕਲ ਗਏ। ਕਈ ਸਿੰਘ ਜੰਗਲ ਦੀ ਅੱਗ ਤੇ ਦਰਿਆ ਦੀ ਮਾਰ ਹੇਠ ਸ਼ਹੀਦੀਆਂ ਪਾ ਗਏ ਸਨ। ਪਹਿਲਾਂ ਇਸ ਯੁੱਧ ਨੂੰ ਸਿਰਫ਼ ਘੱਲੂਘਾਰਾ ਹੀ ਕਿਹਾ ਜਾਂਦਾ ਸੀ। ਮੁਗ਼ਲਾਂ ਦੇ ਦੋ ਦਹਾਕੇ ਤੱਕ ਚੱਲਦੇ ਜ਼ੁਲਮ ਦੌਰਾਨ 1762 ਈਸਵੀ ਵਿਚ ਕੁਪ ਰੋਹੀੜਾ ਦੇ ਅਸਥਾਨ ‘ਤੇ ਹੋਏ ਸਿੱਖਾਂ ਦੇ ਭਾਰੀ ਕਤਲੇਆਮ ਤੋਂ ਬਾਅਦ ਇਸ ਨੂੰ ਛੋਟਾ ਘੱਲੂਘਾਰਾ ਕਿਹਾ ਜਾਣ ਲੱਗਾ। ਘੱਲੂਘਾਰੇ ਦਾ ਮਤਲਬ ਹੈ ਸਭ ਕੁਝ ਬਰਾਬਰ ਹੋ ਜਾਣਾ। ਘੱਲੂਘਾਰੇ ਦਾ ਸਬੰਧ ਅਫਗਾਨੀ ਬੋਲੀ ਨਾਲ ਹੈ।