ਰਾਵਲਪਿੰਡੀ ਦੇ ਹਿੰਦੂਆਂ-ਸਿੱਖਾਂ ਨੂੰ ਮਿਲਿਆ ਸ਼ਮਸ਼ਾਨਘਾਟ

ਰਾਵਲਪਿੰਡੀ ਦੇ ਹਿੰਦੂਆਂ-ਸਿੱਖਾਂ ਨੂੰ ਮਿਲਿਆ ਸ਼ਮਸ਼ਾਨਘਾਟ

ਰਾਵਲਪਿੰਡੀ/ਬਿਊਰੋ ਨਿਊਜ਼ :
ਪਾਕਿਸਤਾਨ ਦੇ ਸ਼ਹਿਰ ਰਾਵਲਪਿੰਡੀ ਦੇ ਹਿੰਦੂ-ਸਿੱਖਾਂ ਦੀ ਲੰਬੇ ਸਮੇਂ ਦੀ ਮੰਗ ਆਖ਼ਰ ਪੂਰੀ ਹੋ ਗਈ ਹੈ। ਹੁਣ ਉਹ ਆਪਣੇ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਸ਼ਹਿਰ ਦੀ ਟੀਪੂ ਰੋਡ ‘ਤੇ ਨਵੇਂ ਉਸਾਰੇ ਗਏ ਸ਼ਮਸ਼ਾਨਘਾਟ ਵਿੱਚ ਕਰ ਸਕਣਗੇ। ਇਹ ਸ਼ਮਸ਼ਾਨਘਾਟ ਸੰਨ 1923 ਵਿੱਚ ਰਾਵਲਪਿੰਡੀ ਦੇ ਰਹੀਸ-ਏ-ਆਜ਼ਮ ਲਾਲਾ ਤਣਸੁਖ ਰਾਇ ਸਿਆਲ ਵੱਲੋਂ ਧਰਮਸ਼ਾਲਾ ਅਤੇ ਮੰਦਰ ਦੀ ਇਮਾਰਤ ਨਾਲ ਬਣਾਇਆ ਗਿਆ ਸੀ। ਦੱਸਣਯੋਗ ਹੈ ਕਿ ਔਕਾਫ਼ ਬੋਰਡ ਵੱਲੋਂ ਇਹ ਇਮਾਰਤ ਸਥਾਨਕ ਰਸੂਖ਼ਦਾਰ ਮੀਡੀਆ ਕੰਪਨੀ ਨੂੰ ਲੀਜ਼ ‘ਤੇ ਦਿੱਤੀ ਗਈ ਸੀ। ਜੁਲਾਈ 2010 ਵਿੱਚ ਇਮਾਰਤ ਨੂੰ ਢਾਹੁਣ ਦੀ ਕੋਸ਼ਿਸ਼ ਕਰਨ ‘ਤੇ ਸਥਾਨਕ ਹਿੰਦੂਆਂ ਨੇ ਅਦਾਲਤ ਵਿੱਚ ਅਪੀਲ ਦਾਇਰ ਕੀਤੀ। ਅਦਾਲਤ ਵੱਲੋਂ ਇਮਾਰਤ ਨੂੰ ਢਾਹੁਣ ‘ਤੇ ਰੋਕ ਲਾਉਂਦਿਆਂ ਹਿੰਦੂਆਂ ਨੂੰ ਸ਼ਮਸ਼ਾਨਘਾਟ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ।
ਪਾਕਿਸਤਾਨ ਹਿੰਦੂ-ਸਿੱਖ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਨਵੇਂ ਉਸਾਰੇ ਸ਼ਮਸ਼ਾਨਘਾਟ ਵਿੱਚ ਰੱਖੇ ਗਏ ਧਾਰਮਿਕ ਸਮਾਰੋਹ ਦੌਰਾਨ ਦੱਸਿਆ ਕਿ ਪਹਿਲਾਂ ਉਪਰੋਕਤ ਇਮਾਰਤ ਦਾ ਭੂਮੀ ਸਹਿਤ ਕੁੱਲ ਰਕਬਾ 277 ਕਨਾਲ ਸੀ। ਸੰਨ 1949 ਵਿੱਚ ਪਾਕਿਸਤਾਨ ਸਰਕਾਰ ਨੇ 10 ਕਨਾਲ 3 ਮਰਲੇ ਜਗ੍ਹਾ ਛੱਡ ਕੇ ਬਾਕੀ ਸਾਰੀ ਭੂਮੀ ਵੇਚ ਦਿੱਤੀ ਅਤੇ ਕਬਜ਼ਾ ਮਾਫ਼ੀਆ ਦੇ ਚੱਲਦਿਆਂ ਹੁਣ ਸ਼ਮਸ਼ਾਨਘਾਟ ਦੀ ਸਿਰਫ਼ ਦੋ ਕਨਾਲ ਭੂਮੀ ਹੀ ਬਾਕੀ ਬਚੀ ਹੈ।
ਉਧਰ ਸਿੰਧ ਦੇ ਟੰਡੋ ਮੁਹੰਮਦ ਜਾਨ ਦਾ ਸੰਤ ਨਰਾਇਣ ਦਾਸ ਮੰਦਰ ਅਤੇ ਸ਼ਮਸ਼ਾਨਘਾਟ ਵੀ ਸਿੰਧੀ ਹਿੰਦੂਆਂ ਨੇ ਸੰਤ ਨਰਾਇਣ ਦੇ ਵੰਸ਼ਜ ਮਹਾਰਾਜ ਗਰੀਸ਼ ਦੀ ਸਹਾਇਤਾ ਨਾਲ ਦੁਰਗਾ ਦਾਸ ਨਾਂ ਦੇ ਹਿੰਦੂ ਦੇ ਕਬਜ਼ੇ ਵਿਚੋਂ ਮੁਕਤ ਕਰਵਾ ਲਿਆ ਹੈ, ਜੋ ਪਲਾਟਿੰਗ ਕਰਕੇ ਮੰਦਰ ਤੇ ਸ਼ਮਸ਼ਾਨਘਾਟ ਦੀ ਸਾਰੀ ਭੂਮੀ ਵੇਚ ਰਿਹਾ ਸੀ।