ਕ੍ਰਿਕਟਰ ਹਰਮਨਪ੍ਰੀਤ ਦੀ ਡਿਗਰੀ ਜਾਅਲੀ ਨਿਕਲੀ

ਕ੍ਰਿਕਟਰ ਹਰਮਨਪ੍ਰੀਤ ਦੀ ਡਿਗਰੀ ਜਾਅਲੀ ਨਿਕਲੀ

ਮੇਰਠ ਯੂਨੀਵਰਸਿਟੀ ਨੇ ਸਰਟੀਫਿਕੇਟ ਨੂੰ ਨਹੀਂ ਮੰਨਿਆ ਅਸਲੀ
ਮੋਗਾ/ਬਿਊਰੋ ਨਿਊਜ਼ :
ਟੀ-20 ਕ੍ਰਿਕਟ ਟੀਮ ਦੀ ਕਪਤਾਨ ਅਤੇ ਅਰਜੁਨ ਐਵਾਰਡ ਨਾਲ ਸਨਮਾਨਿਤ ਭਾਰਤੀ ਮੁਟਿਆਰ ਹਰਮਨਪ੍ਰੀਤ ਕੌਰ ਦੇ ਹੱਥੋਂ ਪੰਜਾਬ ਪੁਲੀਸ ਦੇ ਡੀਐਸਪੀ ਦੀ ਨੌਕਰੀ ਖੁੱਸ ਸਕਦੀ ਹੈ। ਪੰਜਾਬ ਪੁਲੀਸ ਦੀ ਜਾਂਚ ਵਿਚ ਉਸ ਦੇ ਗ੍ਰੈਜੂਏਸ਼ਨ ਦੇ ਸਰਟੀਫਿਕੇਟ ਨੂੰ ਸਹੀ ਨਹੀਂ ਪਾਇਆ ਗਿਆ। ਇਸ ਲਈ ਹਰਮਨਪ੍ਰੀਤ ਨੂੰ ਡੀਐਸਪੀ ਦਾ ਅਹੁਦਾ ਛੱਡਣਾ ਪਵੇਗਾ।
ਜ਼ਿਕਰਯੋਗ ਹੈ ਕਿ ਪਹਿਲੀ ਮਾਰਚ ਨੂੰ ਹਰਮਨਪ੍ਰੀਤ ਨੂੰ ਪੰਜਾਬ ਪੁਲੀਸ ਵਿਚ ਡੀਐਸਪੀ ਬਣਾਇਆ ਗਿਆ ਸੀ। ਡੀਐਸਪੀ ਦੇ ਅਹੁਦੇ ਲਈ ਹਰਮਨ ਨੇ ਰੇਲਵੇ ਦੀ ਨੌਕਰੀ ਛੱਡ ਦਿੱਤੀ ਸੀ। ਪੰਜਾਬ ਪੁਲੀਸ ਨੇ ਹਰਮਨਪ੍ਰੀਤ ਕੌਰ ਦੇ ਗ੍ਰੇਜੂਏਸ਼ਨ ਸਰਟੀਫਿਕੇਟ ਅਸਲੀ ਨਹੀਂ ਹੈ। ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਨੇ ਇਸ ਨੂੰ ਅਸਲ ਸਰਟੀਫਿਕੇਟ ਦੇਣ ਤੋਂ ਇਨਕਾਰ ਕੀਤਾ ਹੈ। ਹਰਮਨਪ੍ਰੀਤ ਦੇ ਪਿਤਾ ਹਰਮੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨੇ 12ਵੀਂ ਤੱਕ ਦੀ ਪੜ੍ਹਾਈ ਤਾਂ ਉਨ੍ਹਾਂ ਦੀ ਦੇਖ-ਰੇਖ ਵਿਚ ਮੋਗੇ ਤੋਂ ਕੀਤੀ ਹੈ।
ਬਾਅਦ ਵਿਚ ਉਸ ਦੀ ਚੋਣ ਭਾਰਤੀ ਮਹਿਲਾ ਕ੍ਰਿਕਟ ਟੀਮ ਵਿਚ ਹੋ ਗਈ। ਬਾਅਦ ਵਿਚ ਉਸ ਨੇ ਮੇਰਠ ਤੋਂ ਬੀਏ ਦੀ ਡਿਗਰੀ ਹਾਸਲ ਕੀਤੀ ਸੀ। ਉਨ੍ਹਾਂ ਦੀ ਇਸ ਬਾਰੇ ਹਰਮਨਪ੍ਰੀਤ ਨਾਲ ਗੱਲ ਹੋਈ ਹੈ। ਉਸ ਨੇ ਡਿਗਰੀ ਦੇ ਜਾਅਲੀ ਹੋਣ ਤੋਂ ਇਨਕਾਰ ਕੀਤਾ ਹੈ। ਇਸੇ ਡਿਗਰੀ ਦੇ ਆਧਾਰ ‘ਤੇ ਰੇਲਵੇ ਨੇ ਉਸ ਨੂੰ ਨੌਕਰੀ ਦਿੱਤੀ ਸੀ ਤਾਂ ਹੁਣ ਪੰਜਾਬ ਪੁਲੀਸ ਕੋਲ ਸਰਟੀਫਿਕੇਟ ਨਕਲੀ ਕਿਵੇਂ ਹੋ ਸਕਦਾ ਹੈ? ਹੋ ਸਕਦਾ ਹੈ ਕਿ ਮੇਰਠ ਯੂਨੀਵਰਸਿਟੀ ਤੋਂ ਜਾਂਚ ਵਿਚ ਕੋਈ ਤਕਨੀਕੀ ਗਲਤੀ ਹੋਈ ਹੋਵੇ। ਉਹ ਖੁਦ ਮੇਰਠ ਯੂਨੀਵਰਸਿਟੀ ਜਾਣਗੇ। ਜੁਲਾਈ 2017 ਵਿਚ ਹੋਏ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਵਿਚ ਹਰਮਨਪ੍ਰੀਤ ਨੇ ਆਸਟਰੇਲੀਆ ਖਿਲਾਫ਼ ਨਬਾਦ 171 ਦੌੜਾਂ ਬਣਾਈਆਂ ਸਨ ਜਿਸ ਤੋਂ ਬਾਅਦ ਉਹ ਚਰਚਾ ਵਿਚ ਆਈ ਸੀ।
ਡੀਜੀਪੀ ਮੈਨੇਜਮੈਂਟ ਐਮ ਕੇ ਤਿਵਾੜੀ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਨੇ ਹਮਨਪ੍ਰੀਤ ਕੌਰ ਦੇ ਬੀਏ ਦੇ ਸਰਟੀਫਿਕੇਟ ਨੂੰ ਅਸਲੀ ਨਹੀਂ ਦੱਸਿਆ। ਸਰਟੀਇਫਕੇਟ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਭੇਜੀ ਦਿੱਤੀ ਹੈ। ਇਸ ਸਥਿਤੀ ਵਿਚ ਹਰਮਨਪ੍ਰੀਤ ਕੌਰ ਦਾ ਡੀਐਸੀਪੀ ਅਹੁਦੇ ‘ਤੇ ਬਣਿਆ ਰਹਿਣਾ ਸ਼ਾਇਦ ਸੰਭਵ ਨਹੀਂ ਹੋਵੇਗਾ।