ਹਾਊਸ ਆਫ਼ ਹੌਰਰਜ਼ : ਬੱਚਿਆਂ ਨਾਲ ਅਣ-ਮਨੁੱਖੀ ਵਰਤਾਉ ਕਰਨ ਵਾਲੇ ਮਾਪਿਆਂ ਨੇ ਗੁਨਾਹ ਕਬੂਲਿਆ

ਹਾਊਸ ਆਫ਼ ਹੌਰਰਜ਼ : ਬੱਚਿਆਂ ਨਾਲ ਅਣ-ਮਨੁੱਖੀ ਵਰਤਾਉ ਕਰਨ ਵਾਲੇ ਮਾਪਿਆਂ ਨੇ ਗੁਨਾਹ ਕਬੂਲਿਆ

ਰਿਵਰਸਾਈਡ(ਲਾਸ ਏਂਜਲਸ)/ਏਟੀ ਨਿਊਜ਼ :
ਇੱਥੇ ਮਾਂ-ਬਾਪ ਨੇ ਆਪਣੇ ਹੀ ਬੱਚਿਆਂ ਦਾ ਸ਼ੋਸ਼ਣ ਕਰਨ ਤੇ ਉਨ੍ਹਾਂ ਦੇ ਨਾਲ ਬੇਹੱਦ ਸਖ਼ਤ ਵਿਹਾਰ ਕਰਨ ਦੇ ਦੋਸ਼ਾਂ ਨੂੰ ਸਵੀਕਾਰ ਕੀਤਾ ਹੈ। ਇਨ੍ਹਾਂ ਨੇ ਆਪਣੇ 13 ਬੱਚਿਆਂ ਵਿਚੋਂ ਕਈਆਂ ਨੂੰ ਨਾ ਸਿਰਫ਼ ਬਿਸਤਰੇ 'ਤੇ ਜੰਜ਼ੀਰਾਂ ਨਾਲ ਬੰਨ੍ਹੀ ਰੱਖਿਆ ਬਲਕਿ ਖਾਣ ਨੂੰ ਵੀ ਕੁਝ ਨਹੀਂ ਦਿੱਤਾ। ਅਮਰੀਕਾ ਵਿਚ ਇਸ ਮਾਮਲੇ ਨੂੰ 'ਹਾਊਸ ਆਫ਼ ਹੌਰਰਜ਼' (ਭੂਤੀਆ ਵਰਤਾਰੇ ਵਾਲਾ ਘਰ) ਦਾ ਨਾਂ ਦਿੱਤਾ ਜਾ ਰਿਹਾ ਹੈ। ਡੇਵਿਡ ਤੇ ਲੂਇਜ਼ੇ ਟਰਪਿਨ ਨੇ ਰਿਵਰਸਾਈਡ ਕਾਊਂਟੀ ਸੁਪਰੀਮ ਕੋਰਟ ਵਿਚ ਆਪਣੀ ਗਲਤੀ ਮੰਨ ਲਈ ਹੈ। ਇਨ੍ਹਾਂ ਦੋਵਾਂ ਨੂੰ ਜਨਵਰੀ 2018 ਵਿਚ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਸੀ ਜਦ ਦੱਖਣੀ ਲਾਸ ਏਂਜਲਸ ਦੇ ਪੇਰਰਿਸ ਇਲਾਕੇ ਵਿਚ ਬਣੇ ਘਰ ਵਿਚੋਂ ਉਨ੍ਹਾਂ ਦੀ 17 ਸਾਲ ਦੀ ਬੇਟੀ ਕਿਸੇ ਤਰ੍ਹਾਂ ਭੱਜਣ ਵਿਚ ਸਫ਼ਲ ਹੋ ਗਈ ਤੇ ਉਸ ਨੇ ਪੁਲੀਸ ਨੂੰ ਫੋਨ ਕਰ ਕੇ ਸਾਰੀ ਕਹਾਣੀ ਸੁਣਾਈ। ਗ੍ਰਿਫ਼ਤਾਰੀ ਵੇਲੇ ਜੋੜੇ ਦੇ ਬੱਚਿਆਂ ਦੀ ਉਮਰ ਦੋ ਸਾਲ ਤੋਂ ਲੈ ਕੇ 29 ਸਾਲ ਵਿਚਾਲੇ ਸੀ। ਜਾਂਚ ਕਰਤਾਵਾਂ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਕੁੱਟਿਆ ਜਾਂਦਾ ਸੀ ਤੇ ਪਿੰਜਰਿਆਂ ਵਿਚ ਬੰਦ ਕਰ ਕੇ ਰੱਖਿਆ ਜਾਂਦਾ ਸੀ।