ਆਸਟਰੇਲੀਆ ‘ਚ ਸਿੱਖ ਖਿਲਾਫ ਨਸਲੀ ਟਿੱਪਣੀ ਕਰਨ ਵਾਲਾ ਗੋਰਾ ਗਲਤੀ ਮੰਨ ਗਿਆ

ਆਸਟਰੇਲੀਆ ‘ਚ ਸਿੱਖ ਖਿਲਾਫ ਨਸਲੀ ਟਿੱਪਣੀ ਕਰਨ ਵਾਲਾ ਗੋਰਾ ਗਲਤੀ ਮੰਨ ਗਿਆ

ਨਸਲੀ ਟਿੱਪਣੀ ਕਰਨ ਵਾਲੇ ਟਰੱਕ ਚਾਲਕ ਗਰਾਂਟ ਮੋਰੋਨੀ ਨਾਲ ਕੌਂਸਲਰ ਸੰਨੀ ਸਿੰਘ।

ਐਡੀਲੇਡ/ਬਿਊਰੋ ਨਿਊਜ਼ :

ਪਿਛਲੇ ਮਹੀਨੇ ਇਕ ਗੋਰੇ ਟਰੱਕ ਚਾਲਕ ਗਰਾਂਟ ਮੋਰੋਨੀ ਨੇ ਆਸਟਰੇਲੀਆ ਦੀਆਂ ਕੌਂਸਲ ਚੋਣਾਂ ਦੇ ਉਮੀਦਵਾਰ ਸੰਨੀ ਸਿੰਘ ਦੇ ਚੋਣ-ਬੈਨਰ ‘ਤੇ ਛਪੀ ਸਿੱਖੀ ਪਹਿਰਾਵੇ ਵਾਲੀ ਉਸ ਦੀ ਤਸਵੀਰ ਪ੍ਰਤੀ ਭੱਦੀ ਸ਼ਬਦਾਵਲੀ ਵਰਤਦਿਆਂ ਨਸਲੀ ਟਿੱਪਣੀਆਂ ਕਰਨ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਦੁਨੀਆ ਭਰ ਵਿਚ ਗੋਰੇ ਟਰੱਕ ਚਾਲਕ ਦੀ ਇਸ ਨਫਰਤ ਫੈਲਾਉਣ ਵਾਲੀ ਹਰਕਤ ਦੀ ਨਿੰਦਾ ਕੀਤੀ ਗਈ ਸੀ।
ਹੁਣ ਇਹ ਸਿੱਖ ਸੰਨੀ ਸਿੰਘ ਚੋਣ ਜਿੱਤ ਗਿਆ ਹੈ। ਦੱਖਣੀ ਆਸਟਰੇਲੀਆ ਦੇ ਕਸਬਾ ਪੋਰਟ ਅਗਸਤਾ ਤੋਂ ਕੌਂਸਲਰ ਚੁਣੇ ਸੰਨੀ ਸਿੰਘ ਨੂੰ ਜਦੋਂ ਪੋਰਟ ਅਗਸਤਾ ਦੇ ਵਸਨੀਕਾਂ ਨੇ ਸੋਸ਼ਲ ਮੀਡੀਆ ਰਾਹੀਂ ਮੁਬਾਰਕਾਂ ਦਿੱਤੀਆਂ ਹੈ, ਤਾਂ ਵਧਾਈ ਦੇਣ ਵਾਲਿਆਂ ਵਿਚ ਉਹ ਵਿਅਕਤੀ ਵੀ ਸ਼ਾਮਲ ਹੈ, ਜਿਸ ਨੇ ਸੰਨੀ ਸਿੰਘ ਬਾਰੇ ਨਸਲੀ ਟਿੱਪਣੀ ਕੀਤੀ ਸੀ। ਉਸ ਨੇ ਸੰਨੀ ਸਿੰਘ ਦੇ ਪੋਰਟ ਅਗਸਤਾ ਦੇ ਦਫ਼ਤਰ ਪੁੱਜ ਕੇ ਕੌਂਸਲ ਚੋਣ ਜਿੱਤਣ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ ਸਿੱਖ ਭਾਈਚਾਰੇ ਬਾਰੇ ਟਿੱਪਣੀ ਕਰਨ ਦੀ ਗ਼ਲਤੀ ਵੀ ਮੰਨੀ ਹੈ।
ਇਸ ਮੌਕੇ ਸੰਨੀ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਮਿਸਟਰ ਗਰਾਂਟ ਮੋਰੋਨੀ ਨੂੰ ਸਿੱਖ ਧਰਮ ਅਤੇ ਸਿੱਖ ਭਾਈਚਾਰੇ ਬਾਰੇ ਜ਼ਿਆਦਾ ਪਤਾ ਨਹੀਂ ਸੀ। ਉਨ੍ਹਾਂ ਮਿਸਟਰ ਗਰਾਂਟ ਮੋਰੋਨੀ ਨੂੰ ਸਿੱਖ ਧਰਮ ਤੇ ਭਾਈਚਾਰੇ ਬਾਰੇ ਸੰਖੇਪ ‘ਚ ਦੱਸਿਆ, ਜਿਸ ਕਾਰਨ ਉਸ ਨੇ ਸਿੱਖੀ ਇਤਿਹਾਸ ਜਾਣਨ ਵਿਚ ਦਿਲਚਸਪੀ ਦਿਖਾਈ।
ਦੱਸਣਯੋਗ ਹੈ ਕਿ ਨਸਲੀ ਟਿੱਪਣੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਨਾਲ ਸੰਨੀ ਸਿੰਘ ਤੇ ਉਸ ਦੇ ਪਰਿਵਾਰ ਨੂੰ ਕਾਫ਼ੀ ਧੱਕਾ ਲੱਗਿਆ ਸੀ ਪਰ ਉਨ੍ਹਾਂ ਟਰੱਕ ਚਾਲਕ ਖ਼ਿਲਾਫ਼ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਨਸਲੀ ਟਿੱਪਣੀ ਦਾ ਆਸਟਰੇਲਿਆਈ ਲੋਕਾਂ ਨੇ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਵਿਰੋਧ ਕੀਤਾ ਸੀ। ਆਸਟਰੇਲੀਆ ਦੀ ਪੁਲੀਸ ਨੇ ਵੀਡੀਓ ਕਲਿੱਪ ਦੇ ਆਧਾਰ ‘ਤੇ ਟਰੱਕ ਚਾਲਕ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਸੀ। ਗਰਾਂਟ ਮੋਰੋਨੀ ਨੂੰ ਜਿੱਥੇ ਟਰੱਕ ਚਲਾਉਦੇ ਸਮੇਂ ਮੋਬਾਈਲ ਵਰਤਣ ਦੇ ਮਾਮਲੇ ਵਿਚ ਜੁਰਮਾਨਾ ਕੀਤਾ ਗਿਆ ਸੀ, ਉਥੇ ਆਸਟਰੇਲਿਆਈ ਗੈਸ ਕੰਪਨੀ ਨੇ ਉਸ ਨਾਲ ਢੋਆ-ਢੁਆਈ ਲਈ ਕੀਤੇ ਇਕਰਾਰ ਵੀ ਰੱਦ ਕਰ ਦਿੱਤੇ ਸਨ।