ਗੁਰੂ ਨਾਨਕ ਸਪੋਰਟਸ ਕਲੱਬ ਸਨਵਾਕੀਨ ਅਤੇ ਕਰਮਨ ਵੱਲੋਂ ਫੈਮਲੀ ਪਿਕਨਿਕ ਅਤੇ ਵਿਸਾਖੀ ਟੂਰਨਾਮੈਂਟ

ਗੁਰੂ ਨਾਨਕ ਸਪੋਰਟਸ ਕਲੱਬ ਸਨਵਾਕੀਨ ਅਤੇ ਕਰਮਨ ਵੱਲੋਂ ਫੈਮਲੀ ਪਿਕਨਿਕ ਅਤੇ ਵਿਸਾਖੀ ਟੂਰਨਾਮੈਂਟ

ਓਪਨ ਕਬੱਡੀ ਮੁਕਾਬਲਿਆਂ ‘ਚ ‘ਮਲਟੀ ਸਪੋਰਟਸ ਕਲੱਬ ਟਰੇਸੀ’ ਪਹਿਲੇ ਤੇ ‘ਆਜ਼ਾਦ ਸਪੋਰਟਸ ਕਲੱਬ ਫਰਿਜ਼ਨੋ’ ਦੂਜੇ ਸਥਾਨ ‘ਤੇ ਰਿਹਾ
ਫਰਿਜ਼ਨੋ/ਕੁਲਵੰਤ ਧਾਲੀਆਂ/ਨੀਟਾ ਮਾਛੀਕੇ :
ਸੈਂਟਰਲ ਵੈਲੀ ਕੈਲੀਫੋਰਨੀਆ ਦੇ ਸ਼ਹਿਰ ਸਨਵਾਕੀਨ ਦੇ ਸਟੇਡੀਅਮ ਵਿਚ ਗੁਰੂ ਨਾਨਕ ਸਪੋਰਟਸ ਕਲੱਬ ਕਰਮਨ ਅਤੇ ਸਨਵਾਕੀਨ ਵੱਲੋਂ ਫੈਮਲੀ ਪਿਕਨਿਕ ਅਤੇ ਦੋ ਦਿਨਾਂ ਟੂਰਨਾਮੈਂਟ ਕਰਵਾਇਆ ਗਿਆ। ਇਸ ਦੇ ਪਹਿਲੇ ਦਿਨ ਸ਼ੁਰੂਆਤ ਭਾਈ ਰਣਜੀਤ ਸਿੰਘ ਵਲੋਂ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਈ। ਫੈਮਲੀ ਪਿਕਨਿਕ ਵਿਚ ਗਿੱਧੇ, ਭੰਗੜੇ ਤੋਂ ਇਲਾਵਾ ਹੋਰ ਵਿਰਾਸਤੀ ਖੇਡਾਂ ਜਿਵੇਂ ਚਾਟੀ ਰੇਸ, ਬੋਰੀ ਰੇਸ, ਤਿੰਨ ਟੰਗੀ ਰੇਸ, ਰੱਸਾਕਸ਼ੀ, ਕੁੱਕੜ ਫੜਨਾ ਵਰਗੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਸ ਵਿਚ ਔਰਤਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਬੀਬੀਆਂ ਵਲੋਂ ਪੰਜਾਬੀ ਰਹੁ-ਰੀਤਾਂ ਨਾਲ ਸੰਬੰਧਤ ਗੀਤਾਂ ਤੋਂ ਇਲਾਵਾ ਨਾਨਕਾ ਮੇਲ ਅਤੇ ਦਾਦਕਾ ਮੇਲ ਦੇ ਗੀਤਾਂ ਦਾ ਮੁਕਾਬਲਾ ਬਹੁਤ ਸਲਾਹੁਣਯੋਗ ਸੀ। ਕਰਮਨ ਪੰਜਾਬੀ ਸਕੂਲ, ਜੀ.ਐਚ.ਜੀ. ਅਕੈਡਮੀ ਅਤੇ ਹੋਰ ਸਥਾਨਕ ਸਕੂਲਾਂ ਦੇ ਬੱਚਿਆਂ ਵਲੋਂ ਵਿਰਾਸਤੀ ਖੇਡਾਂ ਵਿਚ ਹਿੱਸਾ ਲੈ ਕੇ ਪੰਜਾਬੀ ਸਭਿਆਚਾਰ ਪ੍ਰਤੀ ਪਿਆਰ ਅਤੇ ਦਿਲਚਸਪੀ ਦਾ ਖ਼ੂਬ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਸਕੂਲਾਂ ਵਿਚ 4.0 ਜਾਂ ਵਧੀਕ ਜੀ.ਪੀ.ਏ. (੪.੦  or Plus 7.P.1.) ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਬਾਕੀ ਖੇਡਾਂ ਵਾਂਗ ਨਕਦ ਇਨਾਮ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਟੂਰਨਾਮੈਂਟ ਵਿਚ ਦੂਸਰੇ ਦਿਨ ਕਬੱਡੀ ਦੇ ਅੰਡਰ ਇੱਕੀ ਸਾਲ ਉਮਰ ਅਤੇ ਓਪਨ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਅੰਤਰ-ਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀਆਂ ਨੇ ਭਾਰਤ ਅਤੇ ਕੈਨੇਡਾ ਤੋਂ ਪਹੁੰਚ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਓਪਨ ਕਬੱਡੀ ਦੇ ਮੁਕਾਬਲਿਆਂ ਵਿਚ ‘ਮਲਟੀ ਸਪੋਰਟਸ ਕਲੱਬ ਟਰੇਸੀ’ ਪਹਿਲੇ ਸਥਾਨ ਅਤੇ ‘ਆਜ਼ਾਦ ਸਪੋਰਟਸ ਕਲੱਬ ਫਰਿਜ਼ਨੋ’ ਦੂਜੇ ਸਥਾਨ ‘ਤੇ ਰਿਹਾ। ਇਸੇ ਤਰ੍ਹਾਂ ਅੰਡਰ ਇੱਕੀ ਸਾਲ ਕਬੱਡੀ ਮੁਕਾਬਲਿਆਂ ਵਿਚ ਪਹਿਲਾ ਸਥਾਨ ‘ਕਿੰਗ ਸਪੋਰਟਸ ਕਲੱਬ ਸੈਕਰਾਮੈਂਟੋ’ ਅਤੇ ਦੂਸਰਾ ਸਥਾਨ ‘ਯੂਬਾ ਬ੍ਰਦਰਜ਼ ਯੂਬਾ ਸਿਟੀ’ ਨੇ ਪ੍ਰਾਪਤ ਕੀਤਾ। ਬੱਚਿਆਂ ਦੀ ਬਾਸਕਟ ਬਾਲ ਅਤੇ ਬਜ਼ੁਰਗਾਂ, ਬੱਚਿਆਂ ਅਤੇ ਬੀਬੀਆਂ ਦੁਆਰਾ ਰੱਸਾਕਸ਼ੀ ਦੇ ਮੁਕਾਬਲੇ ਵੀ ਹੋਏ। ਇਸ ਸਮੇਂ ਦੋਨੋਂ ਦਿਨ ਪੰਜਾਬੀ ਗਾਇਕੀ ਦੀ ਬੁਲੰਦ ਆਵਾਜ਼ ਗੀਤਕਾਰ ਅਤੇ ਗਾਇਕ ਧਰਮਵੀਰ ਥਾਂਦੀ, ਪ੍ਰਸਿੱਧ ਗਾਇਕਾ ਜੋਤ ਰਣਜੀਤ ਅਤੇ ਦਿਲਦਾਰ ਮਿਊਜ਼ੀਕਲ ਗਰੁੱਪ ਕੈਲੀਫੋਰਨੀਆ ਵੱਲੋਂ ਖੁੱਲ੍ਹੇ ਅਖਾੜੇ ਦੇ ਰੂਪ ਵਿਚ ਆਪਣੀ ਗਾਇਕੀ ਰਾਹੀਂ ਹਾਜ਼ਰੀਨ ਦਾ ਮਨੋਰੰਜਨ ਵੀ ਕੀਤਾ ਗਿਆ। ਕਬੱਡੀ ਟੂਰਨਾਮੈਂਟ ਦੌਰਾਨ ਸਟੇਜ ਸੰਚਾਲਨ ਬੀਬੀ ਆਸ਼ਾ ਸ਼ਰਮਾ ਨੇ ਕੀਤਾ ਅਤੇ ਇਸੇ ਦੌਰਾਨ ਸਮੇਂ-ਸਮੇਂ ਗੁਰਬਿੰਦਰ ਧਾਲੀਵਾਲ ਅਤੇ ਬਲਵੀਰ ਢਿੱਲੋਂ ਨੇ ਉਨ੍ਹਾਂ ਦਾ ਸਾਥ ਦਿੱਤਾ। ਜਦ ਕਿ ਫੈਮਲੀ ਪਿਕਨਿਕ ਦੌਰਾਨ ਸਟੇਜ ਸੰਚਾਲਨ ਗੁਲਬਿੰਦਰ ਗੈਰੀ ਢੇਸੀ ਨੇ ਕੀਤਾ। ਲੰਗਰ ਅਤੇ ਮੁਫ਼ਤ ਪਾਰਕਿੰਗ ਦਾ ਪ੍ਰਬੰਧ ਸੀ। ਪ੍ਰਬੰਧਕਾ ਵੱਲੋਂ ਜੇਤੂ ਟੀਮਾਂ ਨੂੰ ਦਿਲਕਸ਼ ਇਨਾਮ ਅਤੇ ਸਨਮਾਨ ਦੇਣ ਤੋਂ ਇਲਾਵਾ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।
ਵਰਨਣਯੋਗ ਹੈ ਕਿ 1970 ਦੇ ਦਹਾਕੇ ਦੌਰਾਨ ਸੈਂਟਰਲ ਵੈਲੀ ਵਿਚ ਕਬੱਡੀ ਦੀ ਸ਼ੁਰੂਆਤ ਕਰਨ ਵਾਲੇ ਗੁਰੂ ਨਾਨਕ ਸਪੋਰਟਸ ਕਲੱਬ ਦੀ ਆਪਣੀ ਕਬੱਡੀ ਦੀ ਕਈ ਸਾਲਾ ਤੋਂ ਕੋਈ ਟੀਮ ਨਹੀਂ ਹੈ, ਪਰ ਖੇਡਾਂ ਨੂੰ ਸਮਰਪਿਤ ਹੋਣ ਕਰਕੇ ਹਰ ਸਾਲ ਇਹ ਕਲੱਬ ਸਹਿਯੋਗੀਆਂ ਦੀ ਮਦਦ ਨਾਲ ਸ਼ਾਨਦਾਰ ਟੂਰਨਾਮੈਂਟ ਕਰਵਾਉਂਦੇ ਹਨ। ਅੰਤ ਆਪਣੀਆਂ ਯਾਦਗਾਰੀ ਅਮਿੱਟ ਪੈੜਾ ਛੱਡਦਾ ਹੋਇਆ ਅੰਤਰ-ਰਾਸ਼ਟਰੀ ਕਬੱਡੀ ਟੂਰਨਾਮੈਂਟ ਅਤੇ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆ।