ਗੁਜਰਾਤ ਲਾਇਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ

ਗੁਜਰਾਤ ਲਾਇਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ

ਐਸ.ਏ.ਐਸ.ਨਗਰ (ਮੁਹਾਲੀ)/ਬਿਊਰੋ ਨਿਊਜ਼ :
ਮੁਹਾਲੀ ਵਿੱਚ ਆਈਪੀਐਲ ਦੇ ਖੇਡੇ 47ਵੇਂ ਮੈਚ ਵਿੱਚ ਗੁਜਰਾਤ ਦੇ ਸ਼ੇਰਾਂ ਨੇ ਪੰਜਾਬ ਦੇ ਮਹਾਰਾਜਿਆਂ ਨੂੰ ਆਸਾਨੀ ਨਾਲ ਹਰਾ ਦਿੱਤਾ। ਗੁਜਰਾਤ ਲਾਇਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਛੇ ਵਿਕਟਾਂ ਨਾਲ ਹਰਾ ਕੇ ਪੰਜਾਬ ਦੀ ਟੀਮ ਦੀਆਂ ਪਲੇਅ ਆਫ਼ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਮੱਧਮ ਪਾ ਦਿੱਤੀਆਂ। ਗੁਜਰਾਤੀਆਂ ਨੇ ਪੰਜਾਬ ਦੀਆਂ ਤਿੰਨ ਵਿਕਟਾਂ ਪਿੱਛੇ 189 ਦੌੜਾਂ ਦੇ ਮੁਕਾਬਲੇ 19.4 ਗੇਂਦਾਂ ਵਿੱਚ ਚਾਰ ਵਿਕਟਾਂ ‘ਤੇ 192 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਗੁਜਰਾਤ ਲਾਇਨਜ਼ ਨੇ ਟਾਸ ਜਿੱਤ ਕੇ ਪੰਜਾਬ ਦੀ ਟੀਮ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਨੇ ਨਿਰਧਾਰਤ 20 ਓਵਰਾਂ ਵਿੱਚ ਤਿੰਨ ਵਿਕਟਾਂ ਉੱਤੇ 189 ਦੌੜਾਂ ਬਣਾਈਆਂ। ਹਾਸ਼ਿਮ ਆਮਲਾ ਨੇ ਸਭ ਤੋਂ ਵੱਧ 104 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ 8 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 60 ਗੇਂਦਾਂ ਵਿੱਚ 104 ਦੌੜਾਂ ਬਣਾਈਆਂ। ਅਮਲਾ ਦਾ ਆਈਪੀਐਲ ਦੇ ਚਾਲੂ ਸੀਜ਼ਨ ਵਿੱਚ ਇਹ ਦੂਜਾ ਸੈਂਕੜਾ ਹੈ। ਪੰਜਾਬ ਦੀ ਪਹਿਲੀ ਵਿਕਟ ਪਹਿਲੇ ਓਵਰ ਵਿੱਚ ਮਾਰਟਿਨ ਗੁਪਟਿਲ ਵਜੋਂ ਡਿੱਗੀ। ਉਹ ਮਹਿਜ਼ ਦੋ ਦੌੜਾਂ ਬਣਾ ਸਕਿਆ। ਇਸ ਮਗਰੋਂ ਹਾਸ਼ਿਮ ਆਮਲਾ ਅਤੇ ਸ਼ੌਨ ਮਾਰਸ਼ ਨੇ ਪਾਰੀ ਨੂੰ ਸੰਭਾਲਿਆ ਅਤੇ ਦੋਵੇਂ ਨੇ ਰਲ ਕੇ ਦੂਜੀ ਵਿਕਟ ਦੀ ਸਾਂਝੇਦਾਰੀ ਵਿੱਚ 125 ਦੌੜਾਂ ਦਾ ਯੋਗਦਾਨ ਪਾਇਆ। ਗੁਜਰਾਤ ਦੀ ਪਹਿਲੀ ਵਿਕਟ ਦਸਵੇਂ ਓਵਰ ਦੀ ਦੂਜੀ ਗੇਂਦ ਤੇ ਡਿੱਗੀ, ਜਦੋਂ ਨਟਰਾਜਨ ਦੀ ਗੇਂਦ ਉੱਤੇ ਇਸ਼ਹਾਨ ਕਿਸ਼ਨ 24 ਗੇਂਦਾਂ ਵਿੱਚ 29 ਦੌੜਾਂ ਬਣਾ ਕੇ ਕੈਚ ਆਊਟ ਹੋਇਆ।
ਸਮਿੱਥ 39 ਗੇਂਦਾਂ ਵਿੱਚ 8 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 74 ਦੌੜਾਂ ਬਣਾ ਕੇ ਆਊਟ ਹੋਇਆ। ਗੁਜਰਾਤ ਟੀਮ ਦੇ ਕਪਤਾਨ ਸੁਰੇਸ਼ ਰੈਣਾ ਨੇ 25 ਗੇਂਦਾਂ ਵਿੱਚ 39 ਦੌੜਾਂ ਬਣਾਈਆਂ। ਫਿੰਚ ਨੇ ਦੋ ਦੌੜਾਂ ਬਣਾਈਆਂ। ਕਾਰਤਿਕ 35 ਅਤੇ ਜਡੇਜਾ 7 ਦੌੜਾਂ ਬਣਾ ਕੇ ਨਾਟ ਆਊਟ ਰਹੇ।