ਸੁਫ਼ਨੇ ਪੂਰੇ ਕਰਨ ਲਈ ਉਮਰ ਅੜਿੱਕਾ ਨਹੀਂ: ਮਾਨ ਕੌਰ
ਚੰਡੀਗੜ੍ਹ/ਬਿਊਰੋ ਨਿਊਜ਼ :
ਹਾਲ ਹੀ ਵਿਚ ਆਕਲੈਂਡ ਵਿੱਚ ਵਿਸ਼ਵ ਮਾਸਟਰਜ਼ ਖੇਡਾਂ ਵਿੱਚ 100 ਮੀਟਰ ਦੀ ਦੌੜ ਜਿੱਤਣ ਵਾਲੀ 101 ਵਰ੍ਹਿਆਂ ਦੀ ਮਾਨ ਕੌਰ ਨੇ ਕਿਹਾ ਕਿ ਸੁਫ਼ਨਿਆਂ ਨੂੰ ਪੂਰਾ ਲਈ ਉਮਰ ਅੜਿੱਕਾ ਨਹੀਂ ਹੁੰਦੀ। ਉਨ੍ਹਾਂ ਆਪਣਾ ਪਹਿਲਾ ਤਗਮਾ ਚੰਡੀਗੜ੍ਹ ਮਾਸਟਰਜ਼ ਅਥਲੈਟਿਕਸ ਮੁਕਾਬਲੇ ਵਿੱਚ 2007 ਵਿੱਚ ਜਿੱਤਿਆ ਸੀ ਅਤੇ ਹੁਣ ਉਸ ਦੀ ਅੱਖ ਅਗਲੇ ਸਾਲ ਮਲੇਸ਼ੀਆ ਵਿੱਚ ਹੋਣ ਵਾਲੀਆਂ ਵਿਸ਼ਵ ਮਾਸਟਰਜ਼ ਖੇਡਾਂ ‘ਤੇ ਹੈ। ਕੌਰ ਨੇ ਕਿਹਾ ਕਿ ਉਹ ਆਪਣੇ ਪੁੱਤਰ ਗੁਰਦੇਵ ਸਿੰਘ ਨੂੰ ਵੇਖਣ ਤੋਂ ਬਾਅਦ 93 ਸਾਲ ਦੀ ਉਮਰ ਵਿੱਚ ਅਥਲੈਟਿਕਸ ਵਿੱਚ ਆਈ ਜੋ ਹੁਣ 79 ਵਰ੍ਹਿਆਂ ਦਾ ਹੈ।
ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਬੀਤੇ ਮਹੀਨੇ ਤਗਮਾ ਜਿੱਤਣ ਵਾਲੀ ਮਾਨ ਕੌਰ ਦਾ ਇਹ 17ਵਾਂ ਸੋਨ ਤਗਮਾ ਸੀ। ਕੌਰ ਨੇ ਇਕ ਮਿੰਟ 14 ਸਕਿੰਟ ਦਾ ਸਮਾਂ ਲਿਆ ਸੀ। ਇਥੇ ਪੁੱਛੇ ਜਾਣ ‘ਤੇ ਕਿ ਕੀ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦਿਨਾਂ ਵਿੱਚ ਅਥਲੈਟਿਕਸ ਅਪਣਾਉਣ ਬਾਰੇ ਸੋਚਿਆ ਸੀ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧੀ ਪਹਿਲਾਂ ਕਦੇ ਨਹੀਂ ਸੀ ਸੋਚਿਆ। ਉਨ੍ਹਾਂ ਉਂਜ ਹੀ ਇਕ ਦਿਨ ਦੌੜਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ 100, ਮਗਰੋਂ 200 ਅਤੇ ਇਸ ਤੋਂ ਬਾਅਦ 400 ਮੀਟਰ ਦੌੜ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਮਰ ਸੁਫ਼ਨਿਆਂ ਨੂੰ ਸਾਕਾਰ ਕਰਨ ਵਿੱਚ ਅੜਿੱਕਾ ਨਹੀਂ ਹੁੰਦੀ।
Comments (0)