ਡੋਨਾਲਡ ਦਾ ਚੱਲਿਆ ‘ਟਰੰਪ’ ਕਾਰਡ

ਡੋਨਾਲਡ ਦਾ ਚੱਲਿਆ ‘ਟਰੰਪ’ ਕਾਰਡ

ਹੈਰਾਨਕੁਨ ਨਤੀਜਆਂ ‘ਚ ਬਣੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ
ਡੈਮੋਕਰੈਟਿਕ ਹਿਲੇਰੀ ਕਲਿੰਟਨ ਹਾਰੀ, ਕਮਲਾ ਹੈਰਿਸ ਤੇ ਕ੍ਰਿਸ਼ਨਾਮੂਰਤੀ ਵੀ ਚੋਣ ਜਿੱਤੇ
ਨਿਊ ਯਾਰਕ/ਬਿਊਰੋ ਨਿਊਜ਼ :
ਡੋਨਾਲਡ ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਹੋਣਗੇ। ਅਮਰੀਕੀ ਰਾਸ਼ਟਰਪਤੀ ਦੀਆਂ ਮੰਗਲਵਾਰ ਨੂੰ ਹੋਈਆਂ ਚੋਣਾਂ ਵਿਚ ਵੱਡਾ ਫੇਰਬਦਲ ਕਰਦਿਆਂ ਰਿਪਬਲਿਕਨ ਟਰੰਪ ਨੇ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਹੈਰਾਨੀਜਨਕ ਢੰਗ ਨਾਲ ਪਛਾੜ ਦਿੱਤਾ ਤੇ ਉਨ੍ਹਾਂ ਦੀ ਜਿੱਤ ਵਿਚ ਫਲੋਰੀਡਾ, ਉਤਰੀ ਕੈਰੋਲੀਨਾ ਤੇ ਓਹਾਇਓ ਵਰਗੇ ਅਹਿਮ ਸੂਬਿਆਂ ਨੇ ਅਹਿਮ ਯੋਗਦਾਨ ਪਾਇਆ।
ਟਰੰਪ ਨੇ ਇਤਿਹਾਸਕ ਜਿੱਤ ਦਰਜ ਕਰਦਿਆਂ ਹਿਲੇਰੀ ਨੂੰ 218 ਦੇ ਮੁਕਾਬਲੇ 276 ਵੋਟਾਂ ਨਾਲ ਹਰਾ ਦਿੱਤਾ ਹੈ। ਹਾਲਾਂਕਿ ਵ੍ਹਾਈਟ ਹਾਊਸ ਪਹੁੰਚਣ ਲਈ ਕਿਸੇ ਵੀ ਉਮੀਦਵਾਰ ਨੂੰ 270 ਵੋਟਾਂ ਦੀ ਹੀ ਜ਼ਰੂਰਤ ਸੀ। ਉਧਰ ਭਾਰਤੀ ਮੂਲ ਦੀ ਮਹਿਲਾ ਕਮਲਾ ਹੈਰਿਸ ਨੇ ਕੈਲੀਫੋਰਨੀਆ ਵਿਚ ਜਿੱਤ ਹਾਸਲ ਕਰਕੇ ਅਮਰੀਕੀ ਸੈਨੇਟ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ। ਅਮਰੀਕੀ ਪ੍ਰਤੀਨਿਧ ਸਭਾ ਲਈ ਇਲਿਨੋਇਸ ਤੋਂ ਰਾਜਾ ਕ੍ਰਿਸ਼ਨਾਮੂਰਤੀ ਚੋਣ ਜਿੱਤ ਗਏ ਹਨ।
ਜ਼ਿਕਰਯੋਗ ਹੈ ਕਿ ਟਰੰਪ ਨੇ ਉਤਰੀ ਕੈਰੋਲੀਨਾ, ਉਤਰੀ ਫਲੋਰੀਡਾ, ਓਹਾਇਓ, ਮਿਸੌਰੀ, ਮੋਂਟਾਨਾ, ਲੁਸੀਆਨਾ, ਅਕਾਰਸਸ, ਕਾਨਸਾਸ, ਉਤਰੀ ਡਕੋਟਾ, ਦੱਖਣੀ ਡਕੋਟਾ, ਟੈਕਸਾਸ, ਵਿਓਮਿੰਗ ਤੇ ਮਿਸੀਸਿਪੀ ਵਿਚ ਜਿੱਤ ਦਰਜ ਕੀਤੀ। ਦੂਜੇ ਪਾਸੇ ਹਿਲੇਰੀ ਨੇ ਓਰੇਗਨ, ਕੋਲੋਰਾਡੋ, ਵਰਜੀਨੀਆ, ਮੈਕਸੀਕੋ, ਕਨੈਕਟਿਕਟ, ਨਿਊਯਾਰਕ, ਕੈਲੀਫੋਰਨੀਆ, ਵਾਸ਼ਿੰਗਟ ਤੇ ਰੋਡ ਆਈਲੈਂਡ ਵਿਚ ਜਿੱਤ ਦਰਜ ਕੀਤੀ।
240 ਸਾਲ ਦੇ ਇਤਿਹਾਸ ਵਿਚ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ਦਾ ਸੁਪਨਾ ਦੇਖ ਰਹੀ ਹਿਲੇਰੀ ਨੂੰ ਜ਼ੋਰਦਾਰ ਝਟਕਾ ਦਿੰਦਿਆਂ ਡੋਨਾਲਡ ਟਰੰਪ ਨੇ ਨਤੀਜੇ ਆਉਣ ਤੋਂ ਬਾਅਦ ਸਮਰਥਕਾਂ ਨੂੰ ਸੰਬੋਧਨ ਕੀਤਾ। ਨਿਊ ਯਾਰਕ ਵਿਚ ਪਾਰਟੀ ਦੇ ਮੁੱਖ ਦਫ਼ਤਰ ਤੋਂ ਉਨ੍ਹਾਂ ਨੇ ਜਿੱਤ ਮਗਰੋਂ ਕਿਹਾ, ”ਮੈਂ ਮੁੜ ਅਮਰੀਕਾ ਦਾ ਨਿਰਮਾਣ ਕਰਾਂਗਾ ਅਤੇ ਕਦੇ ਅਮਰੀਕੀਆਂ ਦਾ ਸਿਰ ਝੁਕਣ ਨਹੀਂ ਦਿਆਂਗਾ। ਮੇਰੀ ਜਿੱਤ ਉਨ੍ਹਾਂ ਦੀ ਜਿੱਤ ਹੈ, ਜੋ ਅਮਰੀਕਾ ਨੂੰ ਪਿਆਰ ਕਰਦੇ ਹਨ। ਮੈਂ ਅਮਰੀਕਾ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਸਾਰੇ ਅਮਰੀਕੀਆਂ ਦਾ ਰਾਸ਼ਟਰਪਤੀ ਹਾਂ। ਮੇਰਾ ਵਾਅਦਾ ਹੈ ਕਿ ਅਸੀਂ ਚੰਗਾ ਕੰਮ ਕਰਾਂਗੇ। ਅਸੀਂ ਬਿਹਤਰ ਤੇ ਸ਼ਾਨਦਾਰ ਅਮਰੀਕਾ ਬਣਾਵਾਂਗੇ।” ਆਪਣੇ ਪਰਿਵਾਰ ਤੇ ਸਾਥੀਆਂ ਨੂੰ ਮੰਚ ‘ਤੇ ਸੱਦ ਕੇ ਟਰੰਪ ਨੇ ਕਿਹਾ, ”ਸਾਡੇ ਕੋਲ ਸ਼ਾਨਦਾਰ ਟੀਮ ਹੈ। ਸਾਡੇ ਕੋਲ ਮਜ਼ਬੂਤ ਆਰਥਿਕ ਯੋਜਨਾ ਹੈ। ਮੈਂ ਆਪਣੇ ਮਾਤਾ-ਪਿਤਾ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ। ਮੈਂ ਆਪਣੀ ਭੈਣ ਤੇ ਆਪਣੇ ਦੋਸਤ ਵਰਗੇ ਭਰਾ ਰਾਬਰਟ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ।” ਉਨ੍ਹਾਂ ਕਿਹਾ, ”ਹਿਲੇਰੀ ਨੇ ਮੈਨੂੰ ਫ਼ੋਨ ਕਰਕੇ ਵਧਾਈ ਦਿੱਤੀ ਹੈ। ਮੈਂ ਹਿਲੇਰੀ ਦਾ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ।”
ਇਕ ਪਾਸੇ ਜਿੱਥੇ ਨਤੀਜੇ ਆਉਣ ਮਗਰੋਂ ਡੋਨਾਲਡ ਟਰੰਪ ਦੇ ਸਮਰਥਕਾਂ ਵਿਚ ਜਸ਼ਨ ਦਾ ਮਾਹੌਲ ਹੈ, ਉਧਰ ਦੂਜੇ ਪਾਸੇ ਹਿਲੇਰੀ ਕਲਿੰਟਨ ਨੇ ਫ਼ਿਲਹਾਲ ਸਮਰਥਕਾਂ ਨੂੰ ਸੰਬੋਧਨ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਏਨਾ ਹੀ ਨਹੀਂ, ਉਨ੍ਹਾਂ ਨੇ ਸਮਰਥਕਾਂ ਨੂੰ ਜਾਣ ਲਈ ਵੀ ਕਹਿ ਦਿੱਤਾ ਹੈ।

ਟਰੰਪ ਦੀ ਜਿੱਤ ਨਾਲ ਭਾਰਤ ‘ਤੇ ਪੈਣਗੇ 7 ਵੱਡੇ ਅਸਰ
ਇਕ ਸਾਲ ਦੇ ਜ਼ੋਰਦਾਰ ਪ੍ਰਚਾਰ ਮਗਰੋਂ ਅਮਰੀਕੀਆਂ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ‘ਤੇ ਭਾਰਤ ਸਮੇਤ ਸਾਰੀ ਦੁਨੀਆ ਦੀ ਨਜ਼ਰ ਸੀ। ਅਮਰੀਕਾ ਦੇ 45ਵੇਂ ਰਾਸ਼ਟਰਪਤੀ ਟਰੰਪ ਭਾਰਤ ਦੇ ਲਿਹਾਜ਼ ਨਾਲ ਕਿਹੋ ਜਿਹੇ ਸਿੱਧ ਹੋਣਗੇ? ਅਮਰੀਕਾ ਨਾਲ ਭਾਰਤ ਦੇ ਪੁਰਾਣੇ ਅਨੁਭਵ ਦਸਦੇ ਹਨ ਕਿ ਰਿਪਬਲਿਕਨ ਰਾਸ਼ਟਰਪਤੀ ਆਮ ਤੌਰ ‘ਤੇ ਡੈਮੋਕਰੈਟਿਕ ਉਮੀਦਵਾਰ ਨਾਲੋਂ ਬਿਹਤਰ ਸਿੱਧ ਹੋਏ ਹਨ ਪਰ ਪਿਛਲੇ ਕੁਝ ਵਰ੍ਹਿਆਂ ਤੋਂ ਅਮਰੀਕਾ ਤੇ ਭਾਰਤ ਦੇ ਸਬੰਧ ਤੇਜ਼ੀ ਨਾਲ ਬਦਲਦੇ ਰਹੇ ਹਨ।
ਦੁਨੀਆ ਭਰ ਦੇ ਬਾਜ਼ਾਰ ਨਹੀਂ ਚਾਹੁੰਦੇ ਸਨ ਕਿ ਟਰੰਪ ਰਾਸ਼ਟਰਪਤੀ ਬਣਨ ਕਿਉਂਕਿ ਉਹ ਉਦਾਰ ਕੌਮਾਂਤਰੀ ਵਪਾਰ ਕਾਨੂੰਨਾਂ ਦਾ ਸਮਰਥਨ ਨਹੀਂ ਕਰਦੇ ਹਨ।
ਟਰੰਪ ਦੀ ਟਰੇਡ ਪਾਲਸੀ ਅਜਿਹੀ ਹੈ, ਜਿਸ ਵਿਚ ਪਹਿਲਾਂ ਸਿਰਫ਼ ਅਮਰੀਕਾ ਹੈ ਤੇ ਉਹ ਸਾਰੇ ਵਪਾਰ ਸਮਝੌਤੇ ਨੂੰ ਨਵੇਂ ਸਿਰੇ ਤੋਂ ਲਾਗੂ ਕਰਨਾ ਚਾਹੁੰਦੇ ਹਨ, ਭਾਰਤ ਨਾਲ ਵੀ ਉਹ ਇਸੇ ਦੇ ਪੱਖ ਵਿਚ ਹਨ।
ਟਰੰਪ ਐਚ.1 ਬੀ ਵੀਜ਼ਾ ਪ੍ਰੋਗਰਾਮ ਖ਼ਿਲਾਫ਼ ਹਨ ਤੇ ਇਸ ਨੂੰ ਬੰਦ ਕਰਨਾ ਚਾਹੁੰਦੇ ਹਨ। ਟਰੰਪ ਜਿੱਤ ਮਗਰੋਂ ਭਾਰਤੀ ਆਈ.ਟੀ. ਸਟਾਕ ਤੇ ਆਈ.ਟੀ. ਕੰਪਨੀਆਂ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ।
ਇਕ ਪਾਸੇ ਉਹ ਭਾਰਤ ਦੀ ਤਾਰੀਫ਼ ਕਰਦੇ ਹਨ ਤੇ ਦੂਜੇ ਪਾਸੇ ਦੋਸ਼ ਲਾਉਂਦੇ ਰਹੇ ਹਨ ਕਿ ਭਾਰਤ ਤੇ ਚੀਨ ਅਮਰੀਕਾ ਦੀਆਂ ਨੌਕਰੀਆਂ ਖੋਹ ਰਹੇ ਹਨ। ਅਤੇ ਉਹ ਇਨ੍ਹਾਂ ਨੂੰ ਵਾਪਸ ਲਿਆਉਣਗੇ। ਅਮਰੀਕਾ ਦੀ ਨੌਕਰੀ ਵਾਪਸ ਲਿਆਉਣ ਦਾ ਮਤਲਬ ਹੈ ਕਿ ਉਹ ਪਰਵਾਸੀਆਂ ਲਈ ਮੁਸ਼ਕਲ ਕਾਨੂੰਨ ਲਿਆਉਣ ਵਾਲੇ ਹਨ। ਕੰਮ ਕਰਨ ਦੇ ਮਾਮਲੇ ਵਿਚ ਅਮਰੀਕਾ ਭਾਰਤੀਆਂ ਦੀ ਪਹਿਲੀ ਪਸੰਦ ਹੈ।
ਅੱਤਵਾਦ ਖ਼ਿਲਾਫ਼ ਟਰੰਪ ਦਾ ਰੁਖ਼ ਕਾਫ਼ੀ ਤਿੱਖਾ ਰਿਹਾ ਹੈ। ਖ਼ਾਸ ਕਰਕੇ ਪਾਕਿਸਤਾਨ ਨੂੰ ਲੈ ਕੇ ਉਹ ਜ਼ਿਆਦਾ ਹੀ ਸਖ਼ਤ ਰੁਖ਼ ਰੱਖਦੇ ਹਨ। ਭਾਰਤ ਦੇ ਲਿਹਾਜ਼ ਨਾਲ ਇਹ ਮੁਫ਼ੀਦ ਹੋ ਸਕਦਾ ਹੈ। ਉਹ ਪਹਿਲਾਂ ਵੀ ਅੱਤਵਾਦ ਦੇ ਮੁੱਦੇ ‘ਤੇ ਭਾਰਤ ਦਾ ਸਹਿਯੋਗ ਕਰਨ ਦੀ ਗੱਲ ਕਹਿ ਚੁੱਕੇ ਹਨ।
ਚੀਨ ਦੇ ਵਧਦੇ ਵੱਕਾਰ ‘ਤੇ ਵੀ ਟਰੰਪ ਚਿੰਤਾ ਜ਼ਾਹਰ ਕਰ ਚੁੱਕੇ ਹਨ। ਉਹ ਮੰਨਦੇ ਹਨ ਕਿ ਚੀਨ ਦਾ ਇਕਦਮ ਏਨਾ ਤੇਜ਼ੀ ਨਾਲ ਵਧਣਾ ਦੁਨੀਆ ਲਈ ਖ਼ਤਰਨਾਕ ਹੈ, ਇਸ ਲਈ ਇਸ ‘ਤੇ ਰੋਕ ਲਾਈ ਜਾਵੇਗੀ। ਭਾਰਤ ਲਈ ਇਹ ਗੱਲ ਵੀ ਰਾਹਤ ਵਾਲੀ ਹੋ ਸਕਦੀ ਹੈ, ਕਿਉਂਕਿ ਚੀਨ ਨੂੰ ਰੋਕਣ ਲਈ ਅਮਰੀਕਾ ਭਾਰਤ ਨੂੰ ਆਪਣਾ ਮੁੱਖ ਸਹਿਯੋਗੀ ਬਣਾ ਸਕਦਾ ਹੈ।
ਟਰੰਪ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚੰਗੇ ਰਿਸ਼ਤੇ ਦੇ ਹੱਕ ਵਿਚ ਹਨ। ਟਰੰਪ ਖ਼ੁਦ ਕਈ ਵਾਰ ਮੋਦੀ ਦੀ ਤਾਰੀਫ਼ ਕਰ ਚੁੱਕੇ ਹਨ। ਇਥੋਂ ਤਕ ਕਿ ਮੋਦੀ ਦੀ ਤਰਜ਼ ‘ਤੇ ਹੀ ਉਨ੍ਹਾਂ ਨੇ ਆਪਣਾ ਨਾਅਰਾ ‘ਅਬਕੀ ਬਾਰ ਟਰੰਪ ਸਰਕਾਰ’ ਦਿੱਤਾ ਸੀ।

ਕਮਲਾ ਹੈਰਿਸ ਦੀ ਇਤਿਹਾਸਕ ਜਿੱਤ
ਸੈਨੇਟ ਦੀ ਪਹਿਲੀ ਇੰਡੋ ਅਮੈਰਿਕਨ ਮੈਂਬਰ
ਵਾਸ਼ਿੰਗਟਨ/ਬਿਊਰੋ ਨਿਊਜ਼:
ਕੈਲੀਫੋਰਨੀਆ ਦੀ ਅਟਾਰਨੀ ਜਨਰਲ ਕਮਲਾ ਹੈਰਿਸ ਨੇ ਅਮਰੀਕਨ ਸੈਨੇਟ ਦੀ ਚੋਣ ਜਿੱਤ ਕੇ ਇਤਿਹਾਸ ਸਿਰਜਿਆ ਹੈ ਕਿਉਂਕਿ ਅਮਰੀਕੀ ਕਾਂਗਰਸ ਦੇ ਉਪਰਲੇ ਸਦਨ ਦੀ ਮੈਂਬਰ ਬਣਨ ਵਾਲੀ ਉਹ ਪਹਿਲੀ ਇੰਡੋ ਅਮੈਰਿਕਨ ਹੈ। ਦੋ ਵਾਰ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਬਣੀ ਕਮਲਾ ਦੀ ਮਾਂ ਚੇਨਈ ਤੋਂ ਅਤੇ ਪਿਓ ਜਮਾਇਕਾ ਤੋਂ ਹੈ।
51 ਸਾਲਾ ਉਮਰ ਦੀ ਕਮਲਾ ਨੇ ਸੈਨੇਟ ਦੀ ਸੀਟ ਜਿੱਤਣ ਲਈ ਅਪਣੀ ਹੀ ਡੈਮੋਕਰੈਟ ਪਾਰਟੀ ਦੀ ਉਮੀਦਵਾਰ ਲੌਰੇਤਾ ਸੰਚੇਜ਼ ਨੂੰ ਹਰਾਇਆ। ਉਹ ਬਾਰਬਰ ਬੌਕਸਰ ਦੀ ਥਾਂ ਲਵੇਗੀ ਜਿਸਨੇ 2014 ਵਿੱਚ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ।
ਕੈਲੀਫੋਰਨੀਆ ਦੇ ਓਕਲੈਂਡ ਸ਼ਹਿਰ ਵਿੱਚ ਜੰਮੀ ਪਲੀ ਕਮਲਾ ਹੈਰਿਸ ਪਿਛਲੇ ਦੋ ਦਹਾਕਿਆਂ ਦੇ ਸਮੇਂ ਬਾਅਦ ਸੈਨੇਟ ਲਈ ਚੁਣੀ ਜਾਣ ਵਾਲੀ ਪਹਿਲੀ ਸਿਆਹਫਾਮ ਮਹਿਲਾ ਹੈ। ਵੈਸੇ ਉਸਨੂੰ ਉਪਰਲੇ ਸਦਨ ਦੀ ਸਿਆਹਫਾਮ ਮੂਲ ਦੀ 6ਵੀਂ ਮੈਂਬਰ ਬਣਨ ਦਾ ਮਾਣ ਹਾਸਲ ਹੋਇਆ ਹੈ। ਅਹੁਦਾ ਤਿਆਗ ਰਹੇ ਰਾਸ਼ਟਰਪਤੀ ਬਰਾਕ ਉਬਾਮਾ 5ਵੇਂ ਸਿਆਹਫਾਮ ਮੈਂਬਰ ਸਨ।
ਕਮਲਾ ਦੀ ਮਾਂ ਸ਼ਿਆਮਲਾ ਗੋਪਾਲਨ ਸਾਇੰਸ ਦੀ ਉਚੇਰੀ ਪੜ੍ਹਾਈ ਕਰਨ ਲਈ ਭਾਰਤ ਤੋਂ ਅਮਰੀਕਾ ਆਈ ਸੀ। ਉਸਦਾ ਪਿਤਾ ਡੋਨਲਡ ਜਮਾਇਕਾ ਵਿੱਚ ਜੰਮਿਆ ਪਲਿਆ ਜਿੱਥੇ ਉਸਨੇ ਉਘੇ ਵਿਦਵਾਨ ਵਜੋਂ ਨਾਮਣਾ ਖਟਿਆ ਅਤੇ ਅਰਥ ਸ਼ਾਸ਼ਤਰ ਦੀ ਉਚੇਰੀ ਪੜ੍ਹਾਈ ਲਈ ਅਮਰੀਕਾ ਆਇਆ।

ਰਾਜਾ ਕ੍ਰਿਸ਼ਨਾਮੂਰਤੀ ਇਲਿਨੋਇ ਹਲਕੇ ਤੋਂ ਜੇਤੂ
ਵਾਸ਼ਿੰਗਟਨ/ਬਿਊਰੋ ਨਿਊਜ਼:
ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਰਾਜਾ ਕ੍ਰਿਸ਼ਨਾਮੂਰਤੀ ਨੇ ਇਲਿਨੋਇ ਹਲਕੇ ਤੋਂ ਕਾਂਗਰਸ ਲਈ ਚੋਣ ਜਿੱਤ ਲਈ ਹੈ। ਉਸਨੇ ਰਿਪਬਲਿਕਨ ਉਮੀਦਵਾਰ ਤੇ ਐਮਹਰਸਟ ਦੇ ਸਾਬਕਾ ਮੇਅਰ ਪੀਟਰ ਡਿਕਿਆਨੀ ਨੂੰ ਹਰਾਇਆ।
43 ਸਾਲਾ ਉਮਰ ਦੇ ਕ੍ਰਿਸ਼ਨਾਮੂਰਤੀ ਨੇ 8ਵੇਂ ਡਿਸਟ੍ਰਿਕ ਲਈ ਸ਼ਿਕਾਗੋ ਇਲਾਕੇ ਤੋਂ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਲਈ ਚੋਣ ਜਿੱਤੀ ਹੈ। ਇਹ ਸੀਟ ਟੈਮੀ ਡਕਵਰਥ ਦੇ ਇਲਿਨੋਇ ਤੋਂ ਸੈਨੇਟ ਦੀ ਸੀਟ ਜਿੱਤਣ ਬਾਅਦ ਖਾਲ੍ਹੀ ਹੋਈ ਸੀ। ਇਸ ਇਲਾਕੇ ਵਿੱਚ ਇੰਡੋ ਅਮੈਰਿਕਨ ਵੋਟਰਾਂ ਦੀ ਚੋਖ਼ੀ ਵਸੋਂ ਹੈ।
ਕ੍ਰਿਸ਼ਨਾਮੂਰਤੀ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਦੀ ਹਮਾਇਤ ਪ੍ਰਾਪਤ ਸੀ। ਦਿਲਸਚਪ ਗੱਲ ਇਹ ਹੈ ਕਿ ਅਮਰੀਕੀ ਕਾਂਗਰਸ ਲਈ ਚੁਣਿਆ ਜਾਣ ਵਾਲਾ ਉਹ ਦੂਸਰਾ ਭਾਰਤੀ ਹੈ। ਇਸਤੋਂ ਪਹਿਲਾਂ ਭਾਰਤੀ ਮੂਲ ਦੇ ਪੰਜਾਬੀ ਦਲੀਪ ਸਿੰਘ ਸੌਂਧ ਸੰਨ 1950 ਵਿੱਚ ਪਹਿਲੀ ਵਾਰ ਕਾਂਗਰਸਮੈਨ ਬਣੇ।
19 ਜੁਲਾਈ 1973 ਨੂੰ ਨਵੀਂ ਦਿੱਲੀ ਵਿੱਚ ਦੇ ਜਨਮੇ ਕ੍ਰਿਸ਼ਨਾਮੂਰਤੀ ਦੇ ਮਾਪੇ ਚੇਨਈ ਨਾਲ ਸਬੰਧ ਰਖਦੇ ਸਨ। ਉਹ ਮਸਾਂ 3 ਮਹੀਨਿਆਂ ਦਾ ਸੀ ਜਦੋਂ ਉਸਦੇ ਮਾਪੇ ਨਿਊਯਾਰਕ ਇਲਾਕੇ ਦੇ ਬਫਲੋ ਸ਼ਹਿਰ ਆ ਗਏ ਗਨ।
ਕ੍ਰਿਸ਼ਨਾਮੂਰਤੀ ਅਮਰੀਕੀ ਕਾਂਗਰਸ ਲਈ ਚੁਣਿਆ ਜਾਣ ਵਾਲ ਦੂਸਰਾ ਹਿੰਦੂ ਹੈ। ਅਮਰੀਕੀ ਕਾਂਗਰਸ ਲਈ ਚੁਣੀ ਜਾਣ ਵਾਲੀ ਪਹਿਲੀ ਹਿੰਦੂ ਤੁਲਸੀ ਗਬਾਰਡ ਹਵਾਈ ਤੋਂ ਤੀਸਰੀ ਵਾਰ ਚੋਣ ਮੈਦਾਨ ਵਿੱਚ ਹੈ।
ਅਮਰੀਕੀ ਕਾਂਗਰਸ ਦੇ ਦੋ ਹੋਰ ਇੰਡੋ ਅਮੈਰਿਕਨ ਮੈਂਬਰ ਬੌਬੀ ਜਿੰਦਲ ਅਤੇ ਡਾ.ਅਮੀ ਬੇਰਾ ਅਮਰੀਕਾ ਦੇ ਹੀ ਜੰਮਪਲ ਹਨ।
ਇਸ ਸਮੇਂ ਕ੍ਰਿਸ਼ਨਾਮੂਰਤੀ ਸਿਵਨਾਥਨ ਲੈਬਜ ਅਤੇ ਐਪੀਸੋਲਰ ਇੰਕ ਦਾ ਪ੍ਰੈਜੀਡੈਂਟ ਹਨ। ਇਹ ਦੋਵੇਂ ਛੋਟੇ ਪੱਧਰ ਦੇ ਬਿਜਨਸ ਨੈਸ਼ਨਲ ਸਕਿਉਰਿਟੀ ਅਤੇ ਸੂਰਜੀ ਉਰਜਾ ਖੇਤਰ ਵਿੱਚ ਕੰ ਆਉਣ ਵਾਲੀਆਂ ਵਸਤਾਂ ਤਿਆਰ ਕਰਦੇ ਹਨ। ਕ੍ਰਿਸ਼ਨਾਮੂਰਤੀ ਨੇ ਸੰਨ 2004 ਰਾਕ ਓਬਾਮਾ ਦੀ ਸੈਨੇਟਰ ਮੈਂਬਰ ਲਈ ਅਤੇ ਸੰਨ 2008 ਵਿੱਚ ਰਾਸ਼ਟਰਪਤੀ ਲਈ ਚੋਣ ਵਾਸਤੇ ਸਲਾਹਕਾਰ ਵਜੋਂ ਸੇਵਾਵਾਂ ਨਿਭਾਈਆਂ।