ਅਸੀਂ ਕਿਸੇ ਦੀ ਜ਼ਮੀਨ ਨਹੀਂ ਹੜੱਪੀ : ਮੋਦੀ

ਅਸੀਂ ਕਿਸੇ ਦੀ ਜ਼ਮੀਨ ਨਹੀਂ ਹੜੱਪੀ : ਮੋਦੀ

ਪਰਵਾਸੀ ਭਾਰਤੀ ਕੇਂਦਰ ਉਦਘਾਟਨ ਮੌਕੇ ‘ਬਰੇਨ ਡਰੇਨ’ ਨੂੰ ‘ਬਰੇਨ ਗੇਨ’ ਵਿਚ ਬਦਲਣ ਦੀ ਲੋੜ ‘ਤੇ ਜ਼ੋਰ
ਨਵੀਂ ਦਿੱਲੀ/ਬਿਊਰੋ ਨਿਊਜ਼ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਨੇ ਕਦੇ ਵੀ ਕਿਸੇ ਦੇਸ਼ ‘ਤੇ ਹਮਲਾ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਕਿਸੇ ਦੀ ਜ਼ਮੀਨ ਦੀ ਭੁੱਖ ਹੈ, ਸਗੋਂ ਉਸ ਨੇ ਤਾਂ ਦੂਜਿਆਂ ਲਈ ਲੜਦਿਆਂ ਕੁਰਬਾਨੀਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਇਥੇ ਪਰਵਾਸੀ ਭਾਰਤੀ ਕੇਂਦਰ ਦੇ ਉਦਘਾਟਨ ਸਮਾਗਮ ਵਿੱਚ ਕਿਹਾ, ‘ਭਾਰਤ ਨੇ ਕਿਸੇ ‘ਤੇ ਹਮਲਾ ਨਹੀਂ ਕੀਤਾ। ਉਸ ਨੂੰ ਕਿਸੇ ਦੀ ਜ਼ਮੀਨ ਦੀ ਭੁੱਖ ਨਹੀਂ ਹੈ। ਸਗੋਂ ਦੋ ਵਿਸ਼ਵ ਜੰਗਾਂ, ਜਿਨ੍ਹਾਂ ਵਿੱਚ ਭਾਰਤ ਸਿੱਧੇ ਤੌਰ ‘ਤੇ ਸ਼ਾਮਲ ਨਹੀਂ ਸੀ, ਵਿੱਚ ਡੇਢ ਲੱਖ ਭਾਰਤੀ ਫੌਜੀਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ।’
ਸ੍ਰੀ ਮੋਦੀ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਹੈ, ਜਦੋਂ ਕੁੱਝ ਦਿਨ ਪਹਿਲਾਂ ਭਾਰਤੀ ਫੌਜੀਆਂ ਨੇ ਕੰਟਰੋਲ ਰੇਖਾ ਪਾਰ ਕਰਕੇ ਅਤਿਵਾਦੀ ਟਿਕਾਣਿਆਂ ਉਪਰ ਹਮਲਾ ਕੀਤਾ ਸੀ। ਇਸ ਤੋਂ ਇਲਾਵਾ ਪਾਕਿਸਤਾਨ ਕੌਮਾਂਤਰੀ ਮੰਚਾਂ ‘ਤੇ ਕਸ਼ਮੀਰ ਮੁੱਦੇ ਨੂੰ ਲਗਾਤਾਰ ਚੁੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰੀ ਕੀਮਤ ਚੁਕਾਉਣ ਦੇ ਬਾਵਜੂਦ ਭਾਰਤ ਸੰਸਾਰ ਨੂੰ ਆਪਣੀ ਕੁਰਬਾਨੀਆਂ ਦੀ ਅਹਿਮੀਅਤ ਦਾ ਅਹਿਸਾਸ ਨਹੀਂ ਕਰਵਾ ਸਕਿਆ। ਉਹ ਜਦੋਂ ਵੀ ਵਿਦੇਸ਼ ਜਾਂਦੇ ਹਨ ਉਹ ਭਾਰਤੀ ਫੌਜੀਆਂ ਦੀ ਯਾਦਗਾਰਾਂ ਦੀ ਯਾਤਰਾ ਜ਼ਰੂਰ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦੇਸ਼ ਵਿੱਚ ਮੌਜੂਦ ਭਾਰਤੀ ਭਾਈਚਾਰਾ ਸਿਆਸਤ ਵਿੱਚ ਸ਼ਾਮਲ ਹੋਣ ਜਾਂ ਵਿਦੇਸ਼ੀ ਧਰਤੀ ‘ਤੇ ਸੱਤਾ ਹਥਿਆਉਣ ਵਿੱਚ ਵਿਸ਼ਵਾਸ ਨਹੀਂ ਰੱਖਦਾ, ਸਗੋਂ ਸਮਾਜਿਕ ਸਦਭਾਵਨਾ ਦੇ ਸਿਧਾਂਤ ਦੀ ਪਾਲਣਾ ਕਰਦਾ ਹੋਇਆ ਹੋਰ ਭਾਈਚਾਰਿਆਂ ਨਾਲ ਘੁਲ-ਮਿਲ ਜਾਂਦਾ ਹੈ। ਵਿਦੇਸ਼ਾਂ ਵਿੱਚ ਵਸੇ ਭਾਰਤੀ ਪਾਣੀ ਵਾਂਗ ਹਨ, ਜੋ ਜ਼ਰੂਰਤ ਮੁਤਾਬਕ ਢਲ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਕੁੱਝ ਅਜਿਹੇ ਦੇਸ਼ ਹਨ, ਜਿਥੇ ਭਾਰਤੀ ਭਾਈਚਾਰਾ ਭਾਰਤੀ ਮਿਸ਼ਨ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ ਅਤੇ ਉਥੋਂ ਦੇ ਲੋਕਾਂ ਵਿਚਾਲੇ ਭਾਰਤ ਬਾਰੇ ਅਣਜਾਣ ਡਰ ਨੂੰ ਖਤਮ ਕਰਨ ਵਿੱਚ ਮਦਦ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ‘ਬਰੇਨ ਡਰੇਨ’ (ਪ੍ਰਤਿਭਾ ਪਲਾਯਨ) ਬਾਰੇ ਬਹੁਤ ਕੁੱਝ ਕਿਹਾ ਗਿਆ ਹੈ ਅਤੇ ਜੇ ਭਾਰਤੀ ਭਾਈਚਾਰੇ ਦੀ ਮਜ਼ਬੂਤੀ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਾਇਆ ਜਾਂਦਾ ਹੈ ਤਾਂ ਇਸ ‘ਬਰੇਨ ਡਰੇਨ’ ਨੂੰ ‘ਬਰੇਨ ਗੇਨ’ ਵਿੱਚ ਬਦਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਡੈਮ ਪਾਣੀ ਦੀ ਊਰਜਾ ਦੀ ਵਰਤੋਂ ਬਿਜਲੀ ਬਣਾਉਣ ਲਈ ਕੀਤੀ ਜਾਂਦੀ ਹੈ, ਉਵੇਂ ਹੀ ਭਾਰਤ ਨੂੰ ਰੌਸ਼ਨ ਕਰਨ ਲਈ 2.45 ਕਰੋੜ ਮਜ਼ਬੂਤ ਭਾਰਤੀ ਭਾਈਚਾਰੇ ਦੀ ਊਰਜਾ ਦੀ ਵਰਤੋਂ ਲਈ ਇਕ ਸਰੋਤ ਦੀ ਲੋੜ ਹੈ। ਉਨ੍ਹਾਂ ਭੂਚਾਲ ਤੋਂ ਬਾਅਦ ਨੇਪਾਲ ਦੀ ਜਨਤਾ ਦੀ ਮਦਦ ਵਿੱਚ ਅਤੇ ਯਮਨ ਵਰਗੇ ਦੇਸ਼ਾਂ ਵਿੱਚ ਭਾਰਤੀ ਅਤੇ ਹੋਰ ਦੇਸ਼ਾਂ ਦੇ ਲੋਕਾਂ ਨੂੰ ਕੱਢਣ ਵਿੱਚ ਵਿਦੇਸ਼ ਮੰਤਰਾਲੇ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲੇ ਨੂੰ ਆਪਣੀ ਵੱਖਰੀ ਥਾਂ ਬਣਾਈ ਹੈ ਤੇ ਦੁਨੀਆ ਹੁਣ ਭਾਰਤ ਨੂੰ ਮਨੁੱਖੀ ਮਦਦ ਦੇਣ ਵਾਲੇ ਪ੍ਰਮੁੱਖ ਮਦਦਗਾਰ ਵਜੋਂ ਮੰਨਦਾ ਹੈ। ਹੁਣ ਹੋਰ ਦੇਸ਼ ਸੰਕਟਗ੍ਰਸਤ ਖੇਤਰਾਂ ਵਿਚੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਦੀ ਮਦਦ ਮੰਗਦੇ ਹਨ।