ਤਿਹਾੜ ਜੇਲ੍ਹ ਵਿਚ ਇਕੱਲਤਾ ਮਹਿਸੂਸ ਕਰ ਰਹੇ ਹਨ ਭਾਈ ਜਗਤਾਰ ਸਿੰਘ ਹਵਾਰਾ

ਤਿਹਾੜ ਜੇਲ੍ਹ ਵਿਚ ਇਕੱਲਤਾ ਮਹਿਸੂਸ ਕਰ ਰਹੇ ਹਨ ਭਾਈ ਜਗਤਾਰ ਸਿੰਘ ਹਵਾਰਾ

ਚੰਡੀਗੜ੍ਹ/ਬਿਊਰੋ ਨਿਊਜ਼ :
ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਅਤੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤਿਹਾੜ ਜੇਲ੍ਹ ਵਿੱਚ ਆਪਣੇ-ਆਪ ਨੂੰ ਅਲੱਗ-ਥਲੱਗ ਮਹਿਸੂਸ ਕਰਨ ਲੱਗ ਪਏ ਹਨ। ਜੇਲ੍ਹ ਦੇ ਦੂਜੇ ਕੈਦੀ ਉਨ੍ਹਾਂ ਨਾਲ ਦੁਆ ਸਲਾਮ ਕਰਨ ਤੋਂ ਟਾਲਾ ਵੱਟਣ ਲੱਗੇ ਹਨ। ਭਾਈ ਹਵਾਰਾ ਦਾ ਦੋਸ਼ ਹੈ ਕਿ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਨਾਲ ਪੱਖਪਾਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਥੋਂ ਤੱਕ ਕਿ ਉਨ੍ਹਾਂ ਵੱਲੋਂ ਇਲਾਜ ਕਰਾਉਣ ਲਈ ਦਿੱਤੀਆਂ ਜਾ ਰਹੀਆਂ ਅਰਜ਼ੀਆਂ ‘ਤੇ ਵੀ ਗੌਰ ਨਹੀਂ ਕੀਤਾ ਜਾ ਰਿਹਾ ਹੈ। ਭਾਈ ਹਵਾਰਾ ਨੇ ਇਹ ਗੱਲ ਉਨ੍ਹਾਂ ਨਾਲ ਮੁਲਾਕਾਤ ਕਰਨ ਗਏ ਗਰਮਖ਼ਿਆਲੀ ਨੇਤਾ ਪ੍ਰੋ. ਐਮ.ਪੀ. ਸਿੰਘ ਨਾਲ ਸਾਂਝੀ ਕੀਤੀ ਹੈ। ਮੁਲਾਕਾਤ ਵੇਲੇ ਸ੍ਰੀ ਅਕਾਲ ਤਖ਼ਤ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਅਤੇ ਹਰਮਿੰਦਰ ਸਿੰਘ ਦਿੱਲੀ ਵੀ ਹਾਜ਼ਰ ਸਨ।
ਮੁਲਾਕਾਤ ਕਰਨ ਤੋਂ ਬਾਅਦ ਪ੍ਰੋ. ਐਮ.ਪੀ. ਸਿੰਘ ਨੇ ਦੱਸਿਆ ਕਿ ਭਾਈ ਹਵਾਰਾ ਭਾਵੇਂ ਚੜ੍ਹਦੀ ਕਲਾ ਵਿੱਚ ਹਨ ਪਰ ਉਹ ਅੰਦਰੋਂ ਜੇਲ੍ਹ ਪ੍ਰਸ਼ਾਸਨ ਦੇ ਰਵੱਈਏ ਤੋਂ ਖ਼ਫ਼ਾ ਹਨ। ਜੇਲ੍ਹ ਵਿੱਚ ਉਨ੍ਹਾਂ ਨਾਲੋਂ ਦੂਜੇ ਕੈਦੀਆਂ ਨੂੰ ਤੋੜਿਆ ਜਾ ਰਿਹਾ ਹੈ। ਵਧੇਰੇ ਕੈਦੀਆਂ ਨੇ ਤਾਂ ਉਨ੍ਹਾਂ ਨਾਲ ਬੋਲਚਾਲ ਵੀ ਬੰਦ ਕਰ ਦਿੱਤੀ ਹੈ। ਉਨ੍ਹਾਂ ਨੇ ਮੁਲਾਕਾਤੀਆਂ ਕੋਲ ਗਿਲਾ ਕੀਤਾ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਇਸ ਸਾਲ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੀ ਤਰੀਕ ਵੀ ਜਾਣਬੁੱਝ ਕੇ ਵੀ ਵਾਰ-ਵਾਰ ਅੱਗੇ ਪਾ ਦਿੱਤੀ, ਜਿਸ ਕਾਰਨ ਉਹ ਗੁਰਪੁਰਬ ਨਹੀਂ ਮਨਾ ਸਕਿਆ।
ਮੁਲਾਕਾਤੀ ਪ੍ਰੋ. ਐਮ.ਪੀ. ਸਿੰਘ ਨੇ ਦੱਸਿਆ ਕਿ ਭਾਈ ਹਵਾਰਾ ਪਿੱਠ ਦੀ ਤਕਲੀਫ਼ ਕਰਕੇ ਮੁਲਾਕਾਤ ਵੇਲੇ ਖੜ੍ਹਨਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਫਿਜ਼ੀਓਥੈਰੇਪੀ ਦੀ ਸਲਾਹ ਦਿੱਤੀ ਸੀ।   ਉਨ੍ਹਾਂ ਦੀਆਂ ਲੱਤਾਂ ਅਤੇ ਬਾਹਾਂ ਸੌਣ ਲੱਗ ਪਈਆਂ ਹਨ। ਭਾਈ ਹਵਾਰਾ ਨੇ ਦੱਸਿਆ ਕਿ  ਉਹ ਜੇਲ੍ਹ ਅਧਿਕਾਰੀਆਂ ਨੂੰ ਇਲਾਜ ਲਈ ਦੋ ਵਾਰ ਅਰਜ਼ੀ ਦੇ ਚੁੱਕਿਆ ਹੈ ਪਰ ਦਰਦ ਨਿਵਾਰਣ ਦਵਾਈ ਦੇ ਕੇ ਸਮਾਂ ਲੰਘਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੀ ਅਦਾਲਤ ਨੇ ਇੱਕ ਹੁਕਮ ਰਾਹੀਂ ਜੇਲ੍ਹ ਅਧਿਕਾਰੀਆਂ ਨੂੰ ਉਸ ਨੂੰ ਸੌਣ ਲਈ ਗੱਦੇ ਅਤੇ ਬੈਠਣ ਲਈ ਕੁਰਸੀ ਮੁਹੱਈਆ ਕਰਾਉਣ ਲਈ ਕਿਹਾ ਸੀ ਪਰ ਉਹ ਸੀਮਿੰਟ ਦੇ ਥੜ੍ਹੇ ‘ਤੇ ਦਰੀ ਵਿਛਾ ਕੇ ਰਾਤ ਨੂੰ ਸੌਂਦਾ ਹੈ।
ਪ੍ਰੋ. ਸਿੰਘ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਅੱਠ ਦਸੰਬਰ ਦੇ ਸਰਬੱਤ ਖ਼ਾਲਸਾ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ ਹੈ। ਅਗਲੀ ਮੁਲਾਕਾਤ ਵੇਲੇ ਭਾਈ ਹਵਾਰਾ ਨਾਲ ਸਰਬੱਤ ਖ਼ਾਲਸਾ ਵਿਚ ਪੜ੍ਹੇ ਜਾਣ ਵਾਲੇ ਮਤੇ ਫਾਈਨਲ ਕੀਤੇ ਜਾਣਗੇ।