ਨਿਰਵਾਣਾ ਫੁਟਬਾਲ ਕਲੱਬ ਸਿੱਖ ਖਿਡਾਰੀ ਦੇ ਹੱਕ ਵਿੱਚ ਡਟਿਆ

ਨਿਰਵਾਣਾ ਫੁਟਬਾਲ ਕਲੱਬ ਸਿੱਖ ਖਿਡਾਰੀ ਦੇ ਹੱਕ ਵਿੱਚ ਡਟਿਆ

ਰੈਫ਼ਰੀ ਨੇ ਪਟਕਾ ਬੰਨ੍ਹ ਕੇ ਖੇਡਣ ਤੋਂ ਕਰ ਦਿੱਤਾ ਸੀ ਮਨ੍ਹਾ
ਲੰਡਨ/ਬਿਊਰੋ ਨਿਊਜ਼ :
ਇੰਗਲੈਂਡ ਦੇ ਲੈਸਟਰ ਕਾਊਂਟੀ ਨਾਲ ਸਬੰਧਤ ਨਿਰਵਾਣਾ ਫੁਟਬਾਲ ਕਲੱਬ ਦੀ ਟੀਮ ਨੇ ਮੈਚ ਦੌਰਾਨ ਆਪਣੇ ਇਕ ਸਿੱਖ ਖਿਡਾਰੀ ਨਾਲ ਹੋਏ ਵਿਤਕਰੇ ਦਾ ਵਿਰੋਧ ਕਰਕੇ ਉਸ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਵੱਖਰੀ ਮਿਸਾਲ ਕਾਇਮ ਕੀਤੀ ਹੈ। ਦੁਨੀਆ ਦੇ ਕਈ ਦੇਸ਼ਾਂ ਵਿਚ ਸਿੱਖ ਆਪਣੀ ਪਛਾਣ ਨੂੰ ਲੈ ਕੇ ਪਹਿਲਾਂ ਹੀ ਜੱਦੋ-ਜਹਿਦ ਕਰ ਰਹੇ ਹਨ। ਆਪਣੀ ਪਛਾਣ ਕਾਰਨ ਵਿਤਕਰਾ ਝੱਲਣ ਵਾਲਾ 21 ਸਾਲਾ ਗੁਰਦੀਪ ਸਿੰਘ ਮੁਧਰ ਇੰਗਲੈਂਡ ਦਾ ਜੰਮਪਲ ਤੇ ਐਫਸੀ ਲੈਸਟਰ ਨਿਰਵਾਣਾ ਦੀ ਟੀਮ ਦਾ ਨਾਬਰ ਸਟਰਾਈਕਰ ਹੈ। ਉਸ ਨੇ ਇੰਗਲਿਸ਼ ਫੁਟਬਾਲ ਕਲੱਬ ਸਰਕਲ ਵਿਚ ਨਿਰਵਾਣਾ ਦੀ ਟੀਮ ਵੱਲੋਂ ਖੇਡਦਿਆਂ ਵੱਖਰੀ ਪਛਾਣ ਬਣਾਈ ਹੈ। ਤੇਜ਼-ਤਰਾਰ ਫਾਰਵਰਡ ਗੁਰਦੀਪ ਮੁਧਰ ਨਾਲ ਇਹ ਵਾਕਿਆ ਉਦੋਂ ਵਾਪਰਿਆ ਜਦੋਂ ਇਸ ਸਾਲ ਜਨਵਰੀ 21 ਨੂੰ ਉਹ ਆਪਣੀ ਕਲੱਬ ਟੀਮ ਨਾਲ ਈਸਟ ਐਂਗਲੀਅਨ ਕਾਊਂਟੀ ਆਫ਼ ਇੰਗਲੈਂਡ ਦੀ ਟੀਮ ਹੁਨਟਿੰਗਡਨ ਟਾਊਨ ਐਫਸੀ ਵਿਰੁੱਧ ਮੈਚ ਖੇਡਣ ਲਈ ਮੈਦਾਨ ‘ਚ ਆਇਆ। ਹਾਲੇ ਯੂਨਾਇਟਿਡ ਇੰਗਲਿਸ਼ ਕਾਊਂਟੀ ਫੁਟਬਾਲ ਲੀਗ ਦਾ ਮੈਚ ਖੇਡਣ ਲਈ ਦੋਵੇਂ ਟੀਮਾਂ ਦੇ ਖਿਡਾਰੀ ਕਮਰਕੱਸੇ ਕਰ ਹੀ ਰਹੇ ਸਨ ਤਿ ਮੈਚ ਰੈਫ਼ਰੀ ਨੇ ਸੀਟੀ ਦੇ ਇਸ਼ਾਰੇ ਨਾਲ ਗੁਰਦੀਪ ਸਿੰਘ ਨੂੰ ਆਪਣੇ ਕੋਲ ਬੁਲਾ ਕੇ ਸਿਰ ‘ਤੇ ਬੰਨ੍ਹੇ ਪਟਕੇ ਬਾਰੇ ਗੱਲ ਕੀਤੀ। ਇਸ ਉਪਰੰਤ ਮੈਚ ਰੈਫਰੀ ਨੇ ਸਿੱਖ ਖਿਡਾਰੀ ਗੁਰਦੀਪ ਸਿੰਘ ਮੁਧਰ ਨੂੰ ਪਟਕਾ ਬੰਨ੍ਹ ਕੇ ਮੈਚ ਖੇਡਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਸਿਤਮ ਦੀ ਗੱਲ ਇਹ ਸੀ ਕਿ ਅੰਪਾਇਰ ਨੇ ਗੁਰਦੀਪ ਸਿੰਘ ਨੂੰ ਆਪਣਾ ਪੱਖ ਵੀ ਨਹੀਂ ਰੱਖਣ ਦਿੱਤਾ। ਜਦੋਂ ਪੰਜਾਬੀ ਫੁਟਬਾਲਰ ਨੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਰੈਫਰੀ ਨੇ ਨੋਟ ਬੁੱਕ ‘ਤੇ ਕੁਝ ਲਿਖਣ ਦਾ ਡਰਾਵਾ ਦਿੰਦਿਆਂ ਉਸ ਨੂੰ ਤੁਰੰਤ ਮੈਦਾਨੋਂ ਬਾਹਰ ਜਾਣ ਲਈ ਮਜਬੂਰ ਕਰ ਦਿੱਤਾ। ਰੈਫਰੀ ਵਲੋਂ ਕਪਤਾਨ ਦੇ ਇਤਰਾਜ਼ ਵੀ ਖਾਰਜ ਕਰ ਦਿੱਤੇ ਗਏ।
ਇਸੇ ਦੌਰਾਨ ਕਪਤਾਨ ਨੇ ਰੈਫ਼ਰੀ ਦੇ ਫੈਸਲੇ ਨਾਲ ਅਸਹਿਮਤ ਹੁੰਦਿਆਂ ਟੀਮ ਦੇ ਚੀਫ਼ ਕੋਚ ਨਾਲ ਗੱਲਬਾਤ ਕੀਤੀ ਪਰ ਗੱਲ ਕਿਸੇ ਕੰਢੇ ਨਾ ਲੱਗੀ। ਇਸ ਮਗਰੋਂ ਕੋਚਿੰਗ ਕੈਂਪ ਤੇ ਮੈਨੇਜਰ ਸਟਾਫ਼ ਨੇ ਆਪਸੀ ਸਲਾਹ ਮਸ਼ਵਰਾ ਕਰਕੇ ਗੁਰਦੀਪ ਸਿੰਘ ਨਾਲ ਇੱਕਮੁਠਤਾ ਦਾ ਪ੍ਰਗਟਾਵਾ ਕਰਦਿਆਂ ਮੈਚ ਨਾ ਖੇਡਣ ਦਾ ਫ਼ੈਸਲਾ ਕੀਤਾ। ਨਿਰਵਾਣਾ ਐਫਸੀ ਦੀ ਟੀਮ ਦੇ ਮੈਦਾਨ ਵਿਚੋਂ ਚਲੇ ਜਾਣ ਮਗਰੋਂ ਮੈਚ ਰੈਫ਼ਰੀਆਂ ਦੇ ਪੈਨਲ ਨੇ ਯੂਕੇ ਦੀ ਫੁਟਬਾਲ ਐਸੋਸੀਏਸ਼ਨ ਤੇ ਟੂਰਨਾਮੈਂਟ ਦੀ ਪ੍ਰਬੰਧਕ ਕਮੇਟੀ ਨੂੰ ਦਿੱਤੇ ਆਪਣੇ ਨਿਰਣੇ ਵਿਚ ਨਿਰਵਾਣਾ ਕਲੱਬ ਨਾਲ ਮੈਚ ਖੇਡਣ ਵਾਲੀ ਹੁਨਟਿੰਗਡਨ ਟਾਊਨ ਐਫਸੀ ਦੀ ਟੀਮ ਨੂੰ ਜੇਤੂ ਕਰਾਰ ਦੇ ਦਿੱਤਾ। ਇਸ ਤੋਂ ਬਾਅਦ ਫੁਟਬਾਲ ਐਸੋਸੀਏਸ਼ਨ ਤੇ ਟੂਰਨਾਮੈਂਟ ਦੀ ਤਕਨੀਕੀ ਕਮੇਟੀ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਰੈਫ਼ਰੀ ਦਾ ਫ਼ੈਸਲਾ ਪਲਟਦਿਆਂ ਗੁਰਦੀਪ ਸਿੰਘ ਮੁਧਰ ਨੂੰ ਮੈਚ ਖੇਡਣ ਦੀ ਪ੍ਰਵਾਨਗੀ ਦੇ ਦਿੱਤੀ ਗਈ। ਫ਼ੈਸਲੇ ਤੋਂ ਬਾਅਦ ਗੁਰਦੀਪ ਸਿੰਘ ਟੀਮ ਨਾਲ ਮੈਦਾਨ ਵਿਚ ਨਿਤਰਿਆ ਤੇ ਧੜਾਧੜ ਦੋ ਗੋਲ ਦਾਗ ਕੇ ਨਿਰਵਾਣਾ ਕਲੱਬ ਨੂੰ 2-1 ਦੇ ਫ਼ਰਕ ਨਾਲ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਮੈਚ ਜਿੱਤਣ ਉਪਰੰਤ ਨਿਰਵਾਣਾ ਐਫਸੀ ਦੇ ਪ੍ਰਬੰਧਕਾਂ ਨੇ ਮੈਚ ਰੈਫ਼ਰੀ ਖ਼ਿਲਾਫ਼ ਫੁਟਬਾਲ ਐਸੋਸੀਏਸ਼ਨ ਤੇ ਕਲੱਬਜ਼ ਟੂਰਨਾਮੈਂਟ ਦੀ ਟੈਕਨੀਕਲ ਕਮੇਟੀ ਕੋਲ ਉਨ੍ਹਾਂ ਦੀ ਟੀਮ ਦੇ ਖਿਡਾਰੀ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨ ਦੇ ਮਾਮਲੇ ਤੋਂ ਇਲਾਵਾ ਗੁਰਦੀਪ ਸਿੰਘ ਮੁਧਰ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਸਬੰਧੀ ਸ਼ਿਕਾਇਤ ਦਿੱਤੀ। ਹਾਲਾਂਕਿ ਇੰਗਲੈਂਡ ਵਿੱਚ ਵੱਖ-ਵੱਖ ਧਰਮਾਂ ਤੇ ਨਸਲਾਂ ਦੇ ਲੋਕ ਸਹਿਜ ਤੇ ਪ੍ਰੇਮ ਭਾਵ ਤਹਿਤ ਵਿਚਰਦੇ ਦੇਖੇ ਜਾ ਸਕਦੇ ਹਨ। ਨਿਰਵਾਣਾ ਐਫਸੀ ਦੇ ਸਕੱਤਰ ਜੈਕ ਹੈਜਾਤ ਅਨੁਸਾਰ ਕਲੱਬ ਦੇ ਹੋਂਦ ਵਿਚ ਆਉਣ ਵੇਲੇ ਤੋਂ ਹੀ ਇਸ ਦਾ ਸੰਵਿਧਾਨ ਟੀਮ ਨਾਲ ਅਟੈਚ ਹੋਣ ਵਾਲੇ ਵੱਖ-ਵੱਖ ਦੇਸ਼ਾਂ, ਧਰਮਾਂ, ਨਸਲਾਂ, ਸਭਿਆਤਾਵਾਂ ਦੇ ਖਿਡਾਰੀਆਂ ਨਾਲ ਕੋਈ ਵਿਤਕਰਾ ਨਹੀਂ ਕਰਦਾ ਸਗੋਂ ਅਜਿਹਾ ਕਰਨ ਵਾਲੇ ਦਾ ਵਿਰੋਧ ਕਰਦਾ ਹੈ।