ਭਾਰਤ ਨੇ ਆਸਟਰੇਲੀਆ ਨੂੰ ਧਰਮਸ਼ਾਲਾ ਟੈਸਟ ਵਿਚ 8 ਵਿਕਟਾਂ ਨਾਲ ਹਰਾਇਆ
ਸੀਰੀਜ਼ ‘ਤੇ 2-1 ਨਾਲ ਕੀਤਾ ਕਬਜ਼ਾ
ਧਰਮਸ਼ਾਲਾ/ਬਿਊਰੋ ਨਿਊਜ਼ :
ਕੇ.ਐੱਲ. ਰਾਹੁਲ ਦੇ ਅਜੇਤੂ ਅਰਧ ਸੈਂਕੜੇ (51) ਦੀ ਮਦਦ ਨਾਲ ਭਾਰਤ ਨੇ ਆਸਟਰੇਲੀਆ ਨੂੰ ਚੌਥੇ ਟੈਸਟ ਮੈਚ ਵਿਚ 8 ਵਿਕਟਾਂ ਨਾਲ ਹਰਾਇਆ। ਭਾਰਤ ਨੇ 106 ਦੌੜਾਂ ਦੇ ਟੀਚੇ ਨੂੰ ਚੌਥੇ ਦਿਨ ਸਵੇਰੇ 23.5 ਓਵਰਾਂ ਵਿਚ 2 ਵਿਕਟਾਂ ਗੁਆ ਕੇ ਹਾਸਲ ਕੀਤਾ। ਇਸ ਦੇ ਨਾਲ ਹੀ ਭਾਰਤ ਨੇ ਚਾਰ ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਕੇ ਬਾਰਡਰ-ਗਾਵਸਕਰ ਟਰਾਫੀ ‘ਤੇ ਫਿਰ ਕਬਜ਼ਾ ਜਮਾਇਆ।
ਭਾਰਤ ਨੇ ਚੌਥੇ ਦਿਨ ਸਵੇਰੇ 19/0 ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਰਾਹੁਲ ਖੁੱਲ੍ਹ ਕੇ ਸਟ੍ਰੋਕ ਖੇਡ ਰਹੇ ਸਨ, ਵਿਜੇ ਸਹਿਜ ਨਹੀਂ ਦਿਸ ਰਹੇ ਸਨ। ਪੈਟ ਕਮਿੰਸ ਨੇ ਵਿਜੇ (8) ਨੂੰ ਵਿਕਟਕੀਪਰ ਮੈਥਿਊ ਵੇਡ ਦੇ ਹੱਥੋਂ ਆਊਟ ਕਰਵਾਇਆ। ਭਾਰਤ ਅਜੇ ਇਸ ਸਦਮੇ ਤੋਂ ਉਬਰਿਆ ਵੀ ਨਹੀਂ ਸੀ ਕਿ ਚੇਤੇਸ਼ਵਰ ਪੁਜਾਰਾ ਜੋਖਮ ਭਰੀ ਦੌੜ ਬਣਾਉਣ ਦੀ ਕੋਸ਼ਿਸ਼ ਵਿਚ ਰਨ ਆਊਟ ਹੋ ਗਏ। ਪੁਜਾਰਾ ਨੇ ਆਫ ਸਾਈਡ ਵਿਚ ਗੇਂਦ ਖੇਡੀ ਪਰ ਉਸ ਦੇ ਅਤੇ ਰਾਹੁਲ ਵਿਚਾਲੇ ਤਾਲਮੇਲ ਗੜਬੜਾਇਆ, ਇਸ ਦੌਰਾਨ ਦੌੜ ਕੇ ਆਉਂਦੇ ਹੋਏ ਗਲੇਨ ਮੈਕਸਵੈਲ ਨੇ ਸਿੱਧੇ ਥ੍ਰੋਅ ‘ਤੇ ਉਨ੍ਹਾਂ ਨੂੰ ਰਨ ਆਊਟ ਕੀਤਾ।
ਇਸ ਤੋਂ ਬਾਅਦ ਰਾਹੁਲ ਅਤੇ ਕਪਤਾਨ ਅਜਿੰਕਯ ਰਹਾਣੇ ਨੇ ਮਹਿਮਾਨਾਂ ਨੂੰ ਕੋਈ ਹੋਰ ਸਫਲਤਾ ਹਾਸਲ ਨਹੀਂ ਕਰਨ ਦਿੱਤੀ। ਰਹਾਣੇ 27 ਗੇਂਦਾਂ ਵਿਚ 4 ਚੌਕਿਆਂ ਅਤੇ 2 ਛੱਕਿਆ ਦੀ ਮਦਦ ਨਾਲ 38 ਦੌੜਾਂ ਬਣਾ ਕੇ ਅਜੇਤੂ ਰਹੇ। ਰਾਹੁਲ 76 ਗੇਂਦਾਂ ਵਿਚ 9 ਚੌਕਿਆਂ ਦੀ ਮਦਦ ਨਾਲ 51 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾ ਕੇ ਪਰਤੇ। ਰਾਹੁਲ ਦਾ ਇਹ ਇਸ ਸੀਰੀਜ਼ ਵਿਚ ਛੇਵਾਂ ਅਰਧ ਸੈਂਕੜਾ ਹੈ। ਆਸਟਰੇਲੀਆ ਨੇ 2014-15 ਵਿਚ ਆਪਣੇ ਦੇਸ਼ ਵਿਚ ਭਾਰਤ ਨੂੰ 2-0 ਨਾਲ ਹਰਾ ਕੇ ਬਾਰਡਰ-ਗਾਵਸਕਰ ਟਰਾਫੀ ਜਿੱਤੀ ਸੀ, ਜਿਸ ਨੂੰ ਹੁਣ 2-1 ਦੀ ਜਿੱਤ ਦੇ ਨਾਲ ਭਾਰਤ ਨੇ ਫਿਰ ਹਾਸਲ ਕਰ ਲਿਆ।
Comments (0)