ਬਿਹਤਰੀਨ ਅੰਕਾਂ ਨਾਲ ਪੀਵੀ ਸਿੰਧੂ ਪੰਜਵੇਂ ਰੈਂਕ ‘ਤੇ ਪੁੱਜੀ

ਬਿਹਤਰੀਨ ਅੰਕਾਂ ਨਾਲ ਪੀਵੀ ਸਿੰਧੂ ਪੰਜਵੇਂ ਰੈਂਕ ‘ਤੇ ਪੁੱਜੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪੀਵੀ ਸਿੰਧੂ ਜਾਰੀ ਵਿਸ਼ਵ ਬੈਡਮਿੰਟਨ ਰੈਂਕਿੰਗ ਵਿੱਚ ਆਪਣੇ ਬਿਹਤਰੀਨ ਅੰਕਾਂ ਨਾਲ ਇਕ ਥਾਂ ਦੀ ਲੀਡ ਨਾਲ ਪੰਜਵੇਂ ਸਥਾਨ ‘ਤੇ ਪਹੁੰਚ ਗਈ। ਉਸ ਦੇ ਹੁਣ 71599 ਅੰਕ ਹੋ ਗਏ ਹਨ, ਜੋ ਬੈਡਮਿੰਟਨ ਰੈਂਕਿੰਗ ਵਿੱਚ ਉਸ ਦੇ ਬਿਹਤਰੀਨ ਅੰਕ ਹਨ। ਸਿੰਧੂ ਫਰਵਰੀ ਦੇ ਆਖਰੀ ਅਤੇ ਮਾਰਚ ਦੇ ਸ਼ੁਰੂ ਵਿੱਚ ਦੋ ਹਫ਼ਤੇ ਪੰਜਵੇਂ ਸਥਾਨ ‘ਤੇ ਰਹੀ ਸੀ ਪਰ ਉਦੋਂ ਉਸ ਦੇ 69399 ਅੰਕ ਸੀ। ਸਿੰਧੂ ਹਾਲ ਹੀ ਵਿੱਚ ਆਲ ਇੰਗਲੈਂਡ ਚੈਂਪੀਅਨ ਦੇ ਕੁਆਰਟਰ ਫਾਈਨਲ ਤਕ ਪੁੱਜੀ ਸੀ। ਆਲ ਇੰਗਲੈਂਡ ਦੇ ਕੁਆਰਟਰ ਫਾਈਨਲ ਤਕ ਪਹੁੰਚੀ ਸਾਇਨਾ ਨੇਹਵਾਲ ਨੌਵੇਂ ਸਥਾਨ ‘ਤੇ ਬਰਕਰਾਰ ਹੈ। ਉਸ ਦੇ 66709 ਅੰਕ ਹਨ। ਆਲ ਇੰਗਲੈਂਡ ਦਾ ਪਹਿਲੀ ਵਾਰੀ ਖ਼ਿਤਾਬ ਜਿੱਤਣ ਵਾਲੀ ਤਾਈਪੈ ਦੀ ਤੇਈ ਜੂ ਯਿੰਗ ਸ਼ਿਖਰਲੇ ਸਥਾਨ ‘ਤੇ ਬਰਕਰਾਰ ਹੈ। ਕੋਰੀਆ ਦੀ ਸੁੰਗ ਜੀ ਹਿਊਨ ਇਕ ਅੰਕ ਦੀ ਲੀਡ ਨਾਲ ਦੂਜੇ ਨੰਬਰ ‘ਤੇ ਪੁੱਜ ਗਈ ਹੈ , ਜਦੋਂ ਕਿ ਵਿਸ਼ਵ ਅਤੇ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਟੀਨ ਦੋ ਸਥਾਨ ਹੇਠਾਂ ਡਿੱਗ ਕੇ ਚੌਥੇ ਨੰਬਰ ‘ਤੇ ਪੁੱਜ ਗਈ ਹੈ।
ਪੁਰਸ਼ ਸਿੰਗਲਜ਼ ਵਿੱਚ ਅਜੈ ਜੈਰਾਮ ਦਾ 19ਵਾਂ ਸਥਾਨ ਬਰਕਰਾਰ ਹੈ ਅਤੇ ਉਹ ਭਾਰਤ ਦਾ ਸਿਖਰਲਾ ਸਿੰਗਲਜ਼ ਖਿਡਾਰੀ ਬਣਿਆ ਹੋਇਆ ਹੈ। ਐਚਐਸ ਪ੍ਰਣਯ ਇਕ ਸਥਾਨ ਹੇਠਾਂ ਖਿਸਕ ਕੇ 23 ਵੇਂ ਨੰਬਰ ‘ਤੇ ਪੁੱਜ ਗਿਆ ਹੈ। ਕਿਦਾਂਬੀ ਸ੍ਰੀਕਾਂਤ ਤਿੰਨ ਸਥਾਨ ਹੇਠਾਂ ਡਿੱਗ ਕੇ 31ਵੇਂ ਅਤੇ ਬੀ ਸਾਈ ਪ੍ਰਣੀਤ ਇਕ ਸਥਾਨ ਡਿੱਗ ਕੇ 33 ਵੇਂ ਨੰਬਰ ਤੇ ਸਮੀਰ ਵਰਮਾ ਅੱਠ ਸਥਾਨ ਹੇਠਾਂ ਡਿੱਗ ਕੇ 35 ਵੇਂ ਨੰਬਰ ‘ਤੇ ਪੁੱਜ ਗਿਆ ਹੈ। ਪੁਰਸ਼ ਡਬਲਜ਼ ਵਿੱਚ ਮਨੂ ਅਤਰੀ ਅਤੇ ਬੀ ਸੁਮਿਤ ਰੈਡੀ 23 ਵੇਂ ਸਥਾਨ ‘ਤੇ ਬਰਕਰਾਰ ਹੈ। ਮਹਿਲਾ ਡਬਲਜ਼ ਦੇ ਸਿਖਰਲੇ 25 ਖਿਡਾਰੀਆਂ ਵਿੱਚ ਭਾਰਤ ਦੀ ਕੋਈ ਜੋੜੀ ਨਹੀਂ ਹੈ। ਜਵਾਲਾ ਗੁੱਟਾ ਅਤੇ ਅਸ਼ਵਨੀ ਪੋਨੱਪਾ ਇਕ ਸਥਾਨ ਡਿੱਗ ਕੇ 32 ਨੰਬਰ ‘ਤੇ ਹੈ। ਮਿਕਸਡ ਡਬਲਜ਼ ਵਿੱਚ ਪ੍ਰਣਵ ਚੋਪੜਾ ਅਤੇ ਐਨ ਸਿੱਕੀ ਰੈੱਡੀ ਇਕ ਸਥਾਨ ਹੇਠਾਂ ਡਿੱਗ ਕੇ 14 ਵੇਂ ਨੰਬਰ ‘ਤੇ ਖਿਸਕ ਗਿਆ ਹੈ।