ਸਨਅਤਕਾਰ ਰਵਿੰਦਰ ਕੋਛੜ ਦੀ ਗੋਲੀਆਂ ਮਾਰ ਕੇ ਹੱਤਿਆ

ਸਨਅਤਕਾਰ ਰਵਿੰਦਰ ਕੋਛੜ ਦੀ ਗੋਲੀਆਂ ਮਾਰ ਕੇ ਹੱਤਿਆ

ਪੁਲੀਸ ਨੇ ਗੈਂਗਸਟਰ ਸਿੰਮਾ ਬਹਿਬਲ ਨੂੰ ਕੀਤਾ ਨਾਮਜ਼ਦ
ਜੈਤੋ/ਬਿਊਰੋ ਨਿਊਜ਼ :
ਇੱਥੋਂ ਦੇ ਉਦਯੋਗਪਤੀ ਰਵਿੰਦਰ ਕੋਛੜ (ਪੱਪੂ) ਨੂੰ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਸੂਤਰਾਂ ਅਨੁਸਾਰ ਮਹੀਨਾ ਦੇਣ ਤੋਂ ਇਨਕਾਰੀ ਸਨਅਤਕਾਰ ਤੇ ਗੈਂਗਸਟਰਾਂ ਵਿਚਾਲੇ ਲੰਮੇ ਸਮੇਂ ਤੋਂ ਤਣਾਅ ਚੱਲ ਰਿਹਾ ਸੀ। ਸੀਸੀਟੀਵੀ ਦੇ ਫੁਟੇਜ ਮੁਤਾਬਕ ਵਾਰਦਾਤ ਦੁਪਹਿਰ ਕਰੀਬ ਸਵਾ ਕੁ ਤਿੰਨ ਵਜੇ ਬਾਜਾਖਾਨਾ ਰੋਡ ‘ਤੇ ਸਥਿਤ ਰਵਿੰਦਰ ਕੋਛੜ ਦੀ ਪੱਪੂ ਰਾਈਸ ਮਿੱਲ ਦੇ ਗੇਟ ਅੱਗੇ ਵਾਪਰੀ। 57 ਸਾਲਾ ਰਵਿੰਦਰ ਕੋਛੜ ਆਪਣੀ ਕਰੂਜ਼ਰ ਕਾਰ ਵਿਚ ਆਪਣੇ ਘਰੋਂ ਸ਼ੈੱਲਰ ਵੱਲ ਜਾ ਰਿਹਾ ਸੀ। ਉਸ ਦੀ ਕਾਰ ਸ਼ੈੱਲਰ ਨੇੜੇ ਪਹੁੰਚੀ ਤਾਂ ਸਾਹਮਣਿਓਂ ਬਾਜਾਖਾਨਾ ਵੱਲੋਂ ਆ ਕੇ ਸ਼ਹਿਰ ਵੱਲ ਜਾ ਰਹੀ ਸਵਿਫ਼ਟ ਡਿਜ਼ਾਇਰ ਕਾਰ ਉਸ ਦੀ ਕਾਰ ਕੋਲੋਂ ਲੰਘੀ। ਸ਼ੈੱਲਰ ਮਾਲਕ ਨੇ ਗੇਟ ਅੱਗੇ ਗੱਡੀ ਰੋਕ ਕੇ ਗੇਟਮੈਨ ਨੂੰ ਦਰਵਾਜ਼ਾ ਖੋਲ੍ਹਣ ਲਈ ਇਸ਼ਾਰਾ ਕੀਤਾ ਹੀ ਸੀ ਕਿ ਪਿੱਛਿਓਂ ਉਹੀ ਡਿਜ਼ਾਇਰ ਗੱਡੀ ਵੀ ਉਥੇ ਆ ਕੇ ਰੁਕ ਗਈ ਤੇ ਕਾਰ ਸਵਾਰ ਹਥਿਆਰਬੰਦ ਵਿਅਕਤੀ ਕੋਛੜ ਨੂੰ ਤਿੰਨ ਗੋਲੀਆਂ ਮਾਰ ਦਿੱਤੀਆਂ।
ਪੁਲੀਸ ਨੇ ਸਨਅਤਕਾਰ ਰਵਿੰਦਰ ਕੋਛੜ ਉਰਫ਼ ਪੱਪੂ ਦੇ ਹੋਏ ਕਤਲ ਕੇਸ ਵਿੱਚ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਗੈਂਗਸਟਰ ਹਰਸਿਮਰਨਦੀਪ ਸਿੰਘ ਉਰਫ਼ ਸਿੰਮਾ ਬਹਿਬਲ ਕਲਾਂ ਨੂੰ ਨਾਮਜ਼ਦ ਕੀਤਾ ਹੈ। ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐਫਆਈਆਰ ਵਿੱਚ ਦਰਜ ਹੈ ਕਿ ਇਹ ਵਾਰਦਾਤ ਗੁਰਬਖ਼ਸ਼ ਸਿੰਘ ਸੇਵੇਵਾਲਾ ਗਰੋਹ ਦੇ ਮੈਂਬਰਾਂ ਦੀ ਮਦਦ ਨਾਲ ਅੰਜਾਮ ਦਿੱਤੀ ਗਈ ਹੈ।
ਸੂਤਰਾਂ ਮੁਤਾਬਕ ਇਨ੍ਹਾਂ ਦੋਵਾਂ ਦੇ ਕਰੀਬ ਇਕ ਦਰਜਨ ਰਿਸ਼ਤੇਦਾਰਾਂ ਨੂੰ ਪੁਲੀਸ ਨੇ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਪੁਲੀਸ ਅਧਿਕਾਰੀ ਭਾਵੇਂ ਮਾਮਲੇ ਬਾਰੇ ਕੁਝ ਵੀ ਕਹਿਣ ਤੋਂ ਸੰਕੋਚ ਕਰ ਰਹੇ ਹਨ ਪਰ ਸਾਈਬਰ ਕਰਾਈਮ ਵਿੰਗ ਵੱਲੋਂ ਸੀਸੀਟੀਵੀ ਰਿਕਾਰਡਿੰਗ ਅਤੇ ਵਾਰਦਾਤ ਵਾਲੇ ਖੇਤਰ ਨੇੜਲੇ ਫ਼ੋਨ ਟਾਵਰਾਂ ਤੋਂ ਹੋਈਆਂ ਕਾਲਾਂ ਬਾਰੇ ਕੀਤੀ ਜਾ ਰਹੀ ਪੜਤਾਲ ਬਾਰੇ ਵੀ ਪਤਾ ਲੱਗਾ ਹੈ। ਮ੍ਰਿਤਕ ਰਵਿੰਦਰ ਕੋਛੜ ਦੇ ਭਤੀਜੇ ਵਿਸ਼ਾਲ ਕੋਛੜ ਦੇ ਬਿਆਨਾਂ ‘ਤੇ ਦਰਜ ਹੋਏ ਕੇਸ ਅਨੁਸਾਰ ਘਟਨਾ ਸਮੇਂ ਵਿਸ਼ਾਲ ਕਿਸੇ ਕੰਮ ਸ਼ੈੱਲਰ ਆਇਆ ਸੀ ਅਤੇ ਉਥੇ ਬੈਠ ਕੇ ਆਪਣੇ ਚਾਚੇ ਦੀ ਉਡੀਕ ਕਰ ਰਿਹਾ ਸੀ। ਉਸ ਨੇ ਦੇਖਿਆ ਕਿ ਅਣਪਛਾਤਾ ਨੌਜਵਾਨ ਉਸ ਦੇ ਚਾਚੇ ‘ਤੇ ਗੋਲੀਆਂ ਚਲਾ ਰਿਹਾ ਸੀ ਅਤੇ ਨੇੜੇ ਹੀ ਸੜਕ ‘ਤੇ ਚਿੱਟੇ ਰੰਗ ਦੀ ਇਕ ਡਿਜ਼ਾਇਰ ਕਾਰ ਖੜ੍ਹੀ ਸੀ ਜਿਸ ਵਿੱਚ ਇਕ ਹੋਰ ਅਣਪਛਾਤਾ ਨੌਜਵਾਨ ਬੈਠਾ ਸੀ। ਹਮਲੇ ਮਗਰੋਂ ਨੌਜਵਾਨ ਬਾਜਾਖਾਨਾ ਵੱਲ ਚਲੇ ਗਏ। ਵਿਸ਼ਾਲ ਮੁਤਾਬਕ ਅਣਪਛਾਤੇ ਵਿਅਕਤੀਆਂ ਨੇ ਪਹਿਲਾਂ ਵੀ ਉਸ ਦੇ ਚਾਚੇ ਦੀ ਕਾਰ ਖੋਹੀ ਸੀ ਅਤੇ ਫਿਰੌਤੀ ਦੀ ਮੰਗ ਕੀਤੀ ਸੀ। ਫਿਰੌਤੀ ਨਾ ਦੇਣ ਦੀ ਸੂਰਤ ਵਿਚ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।
ਦੂਜੇ ਪਾਸੇ ਪੋਸਟਮਾਰਟਮ ਮਗਰੋਂ ਰਵਿੰਦਰ ਕੋਛੜ ਦਾ ਇੱਥੇ ਸਸਕਾਰ ਕਰ ਦਿੱਤਾ ਗਿਆ। ਪੋਸਟ ਮਾਰਟਮ ਰਿਪੋਰਟ ਅਨੁਸਾਰ ਕੋਛੜ ਦੇ ਕੁੱਲ 6 ਗੋਲੀਆਂ ਲੱਗੀਆਂ ਹਨ। ਜੈਤੋ ਹਲਕੇ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਮ੍ਰਿਤਕ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ।