ਵੱਖਵਾਦੀਆਂ ਨੂੰ ਫੰਡਿੰਗ ਮਾਮਲੇ ‘ਚ ਹੂਰੀਅਤ ਆਗੂ ਗਿਲਾਨੀ ਦੇ ਸਾਥੀ ਦਵਿੰਦਰ ਸਿੰਘ ਬਹਿਲ ਤੋਂ ਪੁੱਛਗਿੱਛ

ਵੱਖਵਾਦੀਆਂ ਨੂੰ ਫੰਡਿੰਗ ਮਾਮਲੇ ‘ਚ ਹੂਰੀਅਤ ਆਗੂ ਗਿਲਾਨੀ ਦੇ ਸਾਥੀ ਦਵਿੰਦਰ ਸਿੰਘ ਬਹਿਲ ਤੋਂ ਪੁੱਛਗਿੱਛ

ਕੈਪਸ਼ਨ-ਸਈਦ ਅਲੀ ਸ਼ਾਹ ਗਿਲਾਨੀ ਦੇ ਨੇੜਲੇ ਦਵਿੰਦਰ ਸਿੰਘ ਬਹਿਲ ਨੂੰ ਜੰਮੂ ਵਿੱਚ ਗ੍ਰਿਫ਼ਤਾਰ ਕਰ ਕੇ ਲਿਜਾਂਦੇ ਹੋਏ ਕੌਮੀ ਜਾਂਚ ਏਜੰਸੀ ਦੇ ਅਧਿਕਾਰੀ। 

ਜੰਮੂ/ਨਵੀਂ ਦਿੱਲੀ/ਬਿਊਰੋ ਨਿਊਜ਼ :
ਵੱਖਵਾਦੀਆਂ ਉਤੇ ਸ਼ਿਕੰਜਾ ਕਸਦਿਆਂ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਹੁਰੀਅਤ ਦੇ ਇਕ ਹੋਰ ਆਗੂ ਦਵਿੰਦਰ ਸਿੰਘ ਬਹਿਲ ਨੂੰ ਉਸ ਦੇ ਬਖ਼ਸ਼ੀ ਨਗਰ, ਜੰਮੂ ਵਿਚਲੇ ਘਰ ਤੋਂ ਚੁੱਕ ਲਿਆ। ਗੈਰ ਮੁਸਲਿਮ ਵੱਖਵਾਦੀ ਆਗੂਆਂ ਵਿਚੋਂ ਇਕ ਬਹਿਲ ਨੂੰ ਚਾਰ ਘੰਟਿਆਂ ਤੋਂ ਵੱਧ ਹਿਰਾਸਤ ਵਿੱਚ ਰੱਖਿਆ ਗਿਆ।
ਦਵਿੰਦਰ ਬਹਿਲ ‘ਜੰਮੂ ਕਸ਼ਮੀਰ ਸੋਸ਼ਲ ਪੀਸ ਫੋਰਮ’ ਦਾ ਚੇਅਰਮੈਨ ਹੈ, ਜੋ ਹੁਰੀਅਤ ਕਾਨਫਰੰਸ (ਗਿਲਾਨੀ ਧੜੇ) ਦਾ ਇਕ ਹਿੱਸਾ ਹੈ। ਉਹ ਹੁਰੀਅਤ ਦੇ ਕਾਨੂੰਨੀ ਸੈੱਲ ਦਾ ਵੀ ਮੈਂਬਰ ਹੈ। ਉਹ ਵਾਦੀ ਵਿੱਚ ਅਤਿਵਾਦੀਆਂ ਦੀਆਂ ਅੰਤਮ ਰਸਮਾਂ ਮੌਕੇ ਅਕਸਰ ਹਾਜ਼ਰ ਹੁੰਦਾ ਹੈ।
ਐਨਆਈਏ ਦੇ ਇੰਸਪੈਕਟਰ ਜਨਰਲ ਅਲੋਕ ਮਿੱਤਲ ਨੇ ਕਿਹਾ ਕਿ ”ਅਸੀਂ ਦਵਿੰਦਰ ਸਿੰਘ ਬਹਿਲ ਦੇ ਦਫ਼ਤਰ ਤੇ ਘਰ ਉਤੇ ਛਾਪਾ ਮਾਰਿਆ, ਜਿੱਥੋਂ ਚਾਰ ਸੈੱਲਫੋਨ, ਟੈਬਲੈੱਟ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ।” ਉਨ੍ਹਾਂ ਕਿਹਾ ਕਿ ਪਾਕਿਸਤਾਨ ਆਧਾਰਤ ਸੰਚਾਲਕਾਂ ਤੋਂ ਵੱਖਵਾਦੀਆਂ ਨੂੰ ਫੰਡ ਪਹੁੰਚਾਉਣ ਵਿੱਚ ਉਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਚਸ਼ਮਦੀਦਾਂ ਮੁਤਾਬਕ ਐਨਆਈਏ ਦੀ ਟੀਮ ਬਾਅਦ ਬਹਿਲ ਦੇ ਘਰ ਪੁੱਜੀ। ਟੀਮ ਵਿੱਚ 20 ਅਧਿਕਾਰੀ ਸਨ ਅਤੇ ਇਸ ਦੀ ਅਗਵਾਈ ਡੀਆਈਜੀ ਰੈਂਕ ਦਾ ਇਕ ਅਧਿਕਾਰੀ ਕਰ ਰਿਹਾ ਸੀ। ਇਸ ਤੋਂ ਫੌਰੀ ਬਾਅਦ ਦਵਿੰਦਰ ਬਹਿਲ ਦੇ ਘਰ ਬਾਹਰ ਇਕੱਤਰ ਹੋਏ ਲੋਕਾਂ ਨੇ ਬਹਿਲ ਤੇ ਵੱਖਵਾਦੀਆਂ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਗੜਬੜੀ ਦੀ ਸੰਭਾਵਨਾ ਕਾਰਨ ਐਨਆਈਏ ਦੀ ਟੀਮ ਨੇ ਪੁਲੀਸ ਤੇ ਸੀਆਰਪੀਐਫ ਦੇ ਕਮਾਂਡੋਜ਼ ਦੀ ਮਦਦ ਲਈ, ਜਿਨ੍ਹਾਂ ਬਹਿਲ ਨੂੰ ਸੁਰੱਖਿਅਤ ਤਰੀਕੇ ਨਾਲ ਇਕ ਵਾਹਨ ਵਿੱਚ ਕੱਢਿਆ।
ਐਨਆਈਏ ਦੇ ਬੁਲਾਰੇ ਨੇ ਕਿਹਾ ਕਿ ਏਜੰਸੀ ਨੇ ਬਹਿਲ ਤੋਂ ਪੁੱਛ-ਪੜਤਾਲ ਵੀ ਕੀਤੀ। ਬਾਅਦ ਵਿੱਚ ਐਨਆਈਏ ਨੇ ਗਿਲਾਨੀ ਦੇ ਛੋਟੇ ਪੁੱਤਰ ਨਸੀਮ ਨੂੰ ਸੰਮਨ ਜਾਰੀ ਕਰ ਕੇ ਬੁੱਧਵਾਰ ਨੂੰ ਪੇਸ਼ ਹੋਣ ਲਈ ਕਿਹਾ। ਹੁਰੀਅਤ ਦੇ ਮੈਂਬਰਾਂ ਨੇ ਕਿਹਾ ਕਿ ਗਿਲਾਨੀ ਦੇ ਵੱਡੇ ਪੁੱਤਰ ਨਈਮ ਨੂੰ ਭਲਕੇ ਨਵੀਂ ਦਿੱਲੀ ਵਿੱਚ ਏਜੰਸੀ ਦੇ ਹੈੱਡਕੁਆਰਟਰ ਉਤੇ ਹਾਜ਼ਰ ਹੋਣ ਲਈ ਕਿਹਾ ਗਿਆ ਸੀ ਪਰ ਉਸ ਨੂੰ ਛਾਤੀ ਵਿੱਚ ਦਰਦ ਕਾਰਨ ਸ੍ਰੀਨਗਰ ਦੇ ਇਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕਿੱਤੇ ਵਜੋਂ ਸਰਜਨ ਨਈਮ 11 ਸਾਲਾਂ ਮਗਰੋਂ 2010 ਵਿੱਚ ਪਾਕਿਸਤਾਨ ਤੋਂ ਪਰਤਿਆ ਸੀ ਅਤੇ ਉਸ ਨੂੰ ਗਿਲਾਨੀ ਦਾ ਪ੍ਰਤੱਖ ਜਾਨਸ਼ੀਨ ਸਮਝਿਆ ਜਾ ਰਿਹਾ ਹੈ। ਨਈਮ ਤੋਂ ਅਤਿਵਾਦ ਫੰਡਿੰਗ ਕੇਸ ਵਿੱਚ ਪੁੱਛ-ਪੜਤਾਲ ਹੋਣੀ ਹੈ। ਇਸ ਕੇਸ ਵਿੱਚ ਪਾਕਿਸਤਾਨ ਆਧਾਰਤ ਜਮਾਤ-ਉਦ-ਦਾਵਾ ਅਤੇ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਦਾ ਆਗੂ ਹਾਫ਼ਿਜ਼ ਸਈਦ ਮੁਲਜ਼ਮ ਵਜੋਂ ਸ਼ਾਮਲ ਹੈ। ਐਨਆਈਏ ਨੇ ਐਫਆਈਆਰ ਵਿੱਚ ਗਿਲਾਨੀ ਅਤੇ ਨਰਮਖਿਆਲੀ ਹੁਰੀਅਤ ਆਗੂ ਮੀਰਵਾਈਜ਼ ਉਮਰ ਫਾਰੂਕ ਦੀ ਅਗਵਾਈ ਵਾਲੇ ਦੋਵਾਂ ਧੜਿਆਂ, ਹਿਜ਼ਬੁਲ ਮੁਜਾਹਿਦੀਨ ਅਤੇ ਔਰਤਾਂ ਦੀ ਜਥੇਬੰਦੀ ਦੁਖਤਰਨ-ਏ-ਮਿਲਾਤ ਵਰਗੀਆਂ ਵੱਖਵਾਦੀ ਜਥੇਬੰਦੀਆਂ ਨੂੰ ਸ਼ਾਮਲ ਕੀਤਾ ਹੈ।
ਗਿਲਾਨੀ ਦੇ ਜਵਾਈ ਅਲਤਾਫ਼ ਅਹਿਮਦ ਸ਼ਾਹ ਉਰਫ਼ ਅਲਤਾਫ਼ ਫੰਟੂਸ਼ ਨੂੰ ਐਨਆਈਏ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਉਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗਿਲਾਨੀ ਦੇ ਨੇੜਲਿਆਂ ਵਿੱਚ ਸ਼ਾਮਲ ਤਹਿਰੀਕ-ਏ-ਹੁਰੀਅਤ ਦੇ ਬੁਲਾਰੇ ਅਯਾਜ਼ ਅਕਬਰ ਅਤੇ ਪੀਰ ਸੈਫ-ਉੱਲਾ ਨੂੰ ਪਿਛਲੇ ਹਫ਼ਤੇ ਵਾਦੀ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ। ਹੁਰੀਅਤ ਕਾਨਫਰੰਸ ਦੇ ਨਰਮ ਖਿਆਲੀ ਧੜੇ ਦੇ ਬੁਲਾਰੇ ਸ਼ਾਹਿਦ-ਉਲ-ਇਸਲਾਮ, ਮਹਿਰਾਜੂਦੀਨ ਕਲਵਲ, ਨਈਮ ਖ਼ਾਨ (ਗਿਲਾਨੀ ਧੜੇ ਨਾਲ ਸਬੰਧਤ) ਅਤੇ ਫਾਰੂਕ ਅਹਿਮਦ ਡਾਰ ਉਰਫ਼ ਬਿੱਟਾ ਕਰਾਟੇ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਹ ਸਾਰੇ 10 ਦਿਨਾਂ ਲਈ ਐਨਆਈਏ ਦੀ ਹਿਰਾਸਤ ਵਿੱਚ ਹਨ।
ਐਨਆਈਏ ਨੇ ਇਹ ਕੇਸ 30 ਮਈ ਨੂੰ ਦਰਜ ਕੀਤਾ ਸੀ, ਜਿਸ ਸਬੰਧੀ ਜੰਮੂ ਕਸ਼ਮੀਰ ਤੋਂ ਇਲਾਵਾ ਹਰਿਆਣਾ ਤੇ ਦਿੱਲੀ ਵਿੱਚ ਕਈ ਥਾਈਂ ਛਾਪੇ ਮਾਰੇ ਗਏ।