ਡੇਰੇ ਦੇ ਪ੍ਰਬੰਧਾਂ ਨੂੰ ਲੈ ਕੇ ਅੰਦਰੂਨੀ ਖਿੱਚੋਤਾਣ ਵਧਣ ਦੇ ਆਸਾਰ

ਡੇਰੇ ਦੇ ਪ੍ਰਬੰਧਾਂ ਨੂੰ ਲੈ ਕੇ ਅੰਦਰੂਨੀ ਖਿੱਚੋਤਾਣ ਵਧਣ ਦੇ ਆਸਾਰ

ਹਨੀਪ੍ਰੀਤ ਦਾ ਡੇਰੇ ਨਾਲ ਕੋਈ ਸਬੰਧ ਨਹੀਂ: ਵਿਪਾਸਨਾ ਇੰਸਾਂ
ਸਿਰਸਾ/ਬਿਊਰੋ ਨਿਊਜ਼:
ਬਲਾਤਕਾਰੀ ਸਾਧ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਕੀਤੇ ਜਾਣ ਬਾਅਦ ਉਸਦੇ ਝੂਠ ਦੀ ਦੁਕਾਨ ਡੇਰਾ ਸੱਚਾ ਸੌਦਾ ਦੇ ਪ੍ਰਬੰਧਕਾਂ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਵਾਲੇ ਇਸ ਮੱਠ ਦੇ ਪ੍ਰਬੰਧਾਂ ਨੂੰ ਲੈ ਕੇ ਅੰਦਰੂਨੀ ਲੜ੍ਹਾਈ ਤੇਜ ਹੋਣ ਦੇ ਆਸਾਰ ਨਜ਼ਰ ਆਉਣ ਲੱਗੇ ਹਨ। ਇਸਦਾ ਸਬੂਤ ਬਲਾਤਕਾਰੀ ਸਾਧ ਰਾਮ ਰਹੀਮ ਦੀ ‘ਜਾਨੋਂ ਪਿਆਰੀ’ ਹਨੀਪ੍ਰੀਤ ਸਬੰਧੀ ਡੇਰੇ ਦੀ ਇੱਕ ਹੋਰ ਸਾਧਵੀ ਵਲੋਂ ਅਖ਼ਬਾਰਾਂ ਨੂੰ ਦਿੱਤਾ ਬਿਆਨ ਹੈ ਜਿਸਤੋਂ ਜਾਪਦਾ ਹੈ ਕਿ ਰਾਮ ਰਹੀਮ ਠੱਗ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਡੇਰਾ ਪ੍ਰਬੰਧਕ ਕਮੇਟੀ ਨੇ ਪੱਲਾ ਝਾੜ ਲਿਆ ਹੈ।
ਡੇਰਾ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਡੇਰੇ ਦਾ ਹਨੀਪ੍ਰੀਤ ਅਤੇ ਡਾ. ਆਦਿਤਯਾ ਇੰਸਾਂ ਨੂੰ ਭਜਾਉਣ ਵਿੱਚ ਕੋਈ ਹੱਥ ਨਹੀਂ ਹੈ। ਇਸ ਸਬੰਧੀ ਜੋ ਚਰਚਾ ਚੱਲ ਰਹੀ ਹੈ, ਉਹ ਗਲਤ ਹੈ। ਉਨ੍ਹਾਂ ਕਿਹਾ ਕਿ 25 ਅਗਸਤ ਤੋਂ ਬਾਅਦ ਹਨੀਪ੍ਰੀਤ ਨਾਲ ਡੇਰੇ ਦਾ ਕੋਈ ਸਬੰਧ ਨਹੀਂ ਰਿਹਾ, ਉਸ ਨੂੰ ਹੁਣ ਪੁਲੀਸ ਕੋਲ ਸਮਰਪਣ ਕਰ ਦੇਣਾ ਚਾਹੀਦਾ ਹੈ।
ਵਿਪਾਸਨਾ ਇੰਸਾਂ ਨੇ ਕਿਹਾ ਕਿ ਡੇਰਾ ਮੁਖੀ ਦੀ ਗੁਫ਼ਾ ਬਾਰੇ ਜੋ ਗਲਤ ਗੱਲਾਂ ਮੀਡੀਆ ਵਿੱਚ ਆ ਰਹੀਆਂ ਹਨ, ਉਹ ਬੇਬੁਨਿਆਦ ਹਨ ਕਿਉਂਕਿ ਗੁਫ਼ਾ ਕੋਈ ਅਜਿਹੀ ਥਾਂ ਨਹੀਂ, ਜਿੱਥੇ ਗਲਤ ਕੰਮ ਹੁੰਦੇ ਹਨ। ਇਹ ਡੇਰਾ ਮੁਖੀ ਦੇ ਰਹਿਣ ਦਾ ਸਥਾਨ ਹੈ ਅਤੇ ਇੱਥੇ ਕੋਈ ਵੀ ਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡੇਰੇ ਵਿੱਚ ਨਾਜਾਇਜ਼ ਹਥਿਆਰਾਂ ਦਾ ਕੋਈ ਜ਼ਖੀਰਾ ਨਹੀਂ ਹੈ, ਜਿਸ ਤਰ੍ਹਾਂ ਕਿ ਮੀਡੀਆ ਵਿੱਚ ਰਿਪੋਰਟਾਂ ਦਿਖਾਈਆਂ ਜਾ ਰਹੀਆਂ ਹਨ। ਡੇਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਡੇਰੇ ਵਿੱਚ ਬਣੇ ਸ਼ਾਹੀ ਬੇਟੀਆਂ ਅਤੇ ਬੇਟੇ ਨਿਵਾਸ ਵਿੱਚ ਜੋ ਯਤੀਮ ਲੜਕੀਆਂ ਅਤੇ ਲੜਕੇ ਸਨ, ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਹੈ।

ਕੋਈ ਨਵਾਂ ਮੁਖੀ ਨਹੀਂ ਬਣਾਇਆ ਜਾਵੇਗਾ
ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਨੇ ਸਪੱਸ਼ਟ ਕੀਤਾ ਕਿ ਡੇਰਾ ਸਿਰਸਾ ਦਾ ਕੋਈ ਨਵਾਂ ਮੁਖੀ ਬਣਾਉਣ ਦਾ ਫਿਲਹਾਲ ਕੋਈ ਇਰਾਦਾ ਨਹੀਂ। ਗੁਰਮੀਤ ਰਾਮ ਰਹੀਮ ਹੀ ਡੇਰੇ ਦੇ ਗੱਦੀਨਸ਼ੀਨ ਬਣੇ ਰਹਿਣਗੇ।

ਪਰਿਵਾਰ ਨਾਲ ਮੁਲਾਕਾਤ ਲਈ ਡੇਰਾ ਮੁਖੀ ਨੂੰ ਕਰਨਾ ਪਵੇਗਾ ਇੰਤਜ਼ਾਰ
ਚੰਡੀਗੜ੍ਹ: ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਲਈ ਕੁੱਝ ਸਮਾਂ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਜੇਲ੍ਹ ਅਧਿਕਾਰੀਆਂ ਨੇ ਰਾਮ ਰਹੀਮ ਵੱਲੋਂ ਦਿੱਤੀ 10 ਜਣਿਆਂ ਦੇ ਨਾਵਾਂ ਦੀ ਸੂਚੀ ਪੜਤਾਲ ਲਈ ਸਿਰਸਾ ਪੁਲੀਸ ਨੂੰ ਦਿੱਤੀ ਸੀ, ਜਿਸ ਨੂੰ ਸਿਰਸਾ ਪੁਲੀਸ ਨੇ ਅੱਜ ਜੇਲ੍ਹ ਅਧਿਕਾਰੀਆਂ ਨੂੰ ਮੋੜ ਦਿੱਤਾ। ਪੁਲੀਸ ਨੇ ਜੇਲ੍ਹ ਸੁਪਰਡੈਂਟ ਨੂੰ ਕਿਹਾ ਕਿ ਇਨ੍ਹਾਂ ਲੋਕਾਂ ਦੇ ਅਪਰਾਧਿਕ ਰਿਕਾਰਡ ਦੀ ਸ੍ਰੀ ਗੰਗਾਨਗਰ ਤੋਂ ਵੀ ਤਸਦੀਕ ਕਰਵਾਈ ਜਾਵੇ ਕਿਉਂਕਿ ਇਹ ਰਾਜਸਥਾਨ ਵਿੱਚ ਵੀ ਰਹਿੰਦੇ ਹਨ।

‘ਪਾਪਾ ਦੀ ਪਰੀ’ ਮੁੰਬਈ ਹਵਾਈ ਅੱਡੇ ਤੋਂ ਕਾਬੂ
ਜਲੰਧਰ/ਬਿਊਰੋ ਨਿਊਜ਼ :
ਡੇਰਾ ਸਿਰਸਾ ਮੁਖੀ ਦੀ ਸਭ ਤੋਂ ਨੇੜਲੀ ਸਮਝੀ ਜਾਂਦੀ ਤੇ ਖ਼ੁਦ ਨੂੰ ‘ਪਾਪਾ ਦੀ ਪਰੀ’ ਕਹਾਉਂਦੀ ਹਨੀਪ੍ਰੀਤ ਨੂੰ ਮੁੰਬਈ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੇਂਦਰੀ ਖੁਫੀਆ ਏਜੰਸੀਆਂ ਦੇ ਸੂਤਰਾਂ ਮੁਤਾਬਕ ਹਨੀਪ੍ਰੀਤ ਆਸਟ੍ਰੇਲੀਆ ਜਾਣ ਲਈ ਜਹਾਜ਼ ਚੜ੍ਹਨ ਜਾ ਰਹੀ ਸੀ। ਦੱਸਿਆ ਜਾਂਦਾ ਹੈ ਕਿ ਕਸਟਮ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਚੈਕਿੰਗ ਸਮੇਂ ਉਸ ਦੀ ਪਛਾਣ ਕੀਤੀ ਅਤੇ ਤੁਰੰਤ ਇਸ ਬਾਰੇ ਹਵਾਈ ਅੱਡੇ ਉਪਰ ਤਾਇਨਾਤ ਸੁਰੱਖਿਆ ਬਲਾਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹਨੀਪ੍ਰੀਤ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਕਹੀ ਜਾਂਦੀ ਹੈ ਅਤੇ ਪਿਛਲੇ ਕਰੀਬ 10 ਸਾਲ ਤੋਂ ਉਹ ਡੇਰਾ ਮੁਖੀ ਦੇ ਸਭ ਤੋਂ ਨੇੜਲਿਆਂ ਵਿਚ ਸਮਝੀ ਜਾਂਦੀ ਹੈ ਅਤੇ ਅੱਜਕੱਲ ਉਸ ਨੂੰ ਡੇਰੇ ਵਿਚ ਸਭ ਤੋਂ ਤਾਕਤਵਰ ਮੰਨਿਆ ਜਾਂਦਾ ਰਿਹਾ ਹੈ।
25 ਅਗਸਤ ਨੂੰ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਵਾਲੇ ਦਿਨ ਹਨੀਪ੍ਰੀਤ ਡੇਰੇ ਤੋਂ ਚੱਲੇ ਗੱਡੀਆਂ ਦੇ ਕਾਫਲੇ ਵਿਚ ਡੇਰਾ ਮੁਖੀ ਦੇ ਨਾਲ ਹੀ ਕਾਰ ਵਿਚ ਬੈਠ ਕੇ ਆਈ ਸੀ ਅਤੇ ਅਦਾਲਤ ਵਿਚ ਵੀ ਉਹ ਡੇਰਾ ਮੁਖੀ ਦੇ ਨਾਲ ਹੀ ਦਿਖਾਈ ਦਿੱਤੀ ਅਤੇ ਜੇਲ• ਵਿਚ ਲਿਜਾਣ ਜਾਣ ਸਮੇਂ ਹੈਲੀਕਾਪਟਰ ਵਿਚ ਵੀ ਉਹ ਸਵਾਰ ਸੀ। ਉਸ ਦਿਨ ਰਾਤ ਕਰੀਬ 9 ਵਜੇ ਡੇਰਾ ਮੁਖੀ ਦੇ ਜੇਲ• ਅੰਦਰ ਜਾਣ ਤੋਂ ਬਾਅਦ ਉਹ ਗਾਇਬ ਹੋ ਗਈ ਸੀ। ਵਰਨਣਯੋਗ ਹੈ ਕਿ ਹਰਿਆਣਾ ਪੁਲੀਸ ਨੇ ਡੇਰੇ ਦੇ ਮੁੱਖ ਬੁਲਾਰੇ ਅਦਿੱਤਿਆ ਇੰਸਾ ਅਤੇ ਹਨੀਪ੍ਰੀਤ ਖਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਹੈ। ਇਸੇ ਕੇਸ ਵਿਚ ਪੰਚਕੂਲਾ ਪੁਲੀਸ ਵੱਲੋਂ ਹਨੀਪ੍ਰੀਤ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਇਸੇ ਨੋਟਿਸ ਦੇ ਆਧਾਰ ‘ਤੇ ਹੀ ਉਹ ਮੁੰਬਈ ਹਵਾਈ ਅੱਡੇ ‘ਤੇ ਗ੍ਰਿਫ਼ਤਾਰ ਕੀਤੀ ਜਾ ਸਕੀ ਹੈ। ਪੁਲੀਸ ਸੂਤਰਾਂ ਦਾ ਮੰਨਣਾ ਹੈ ਕਿ ਹਨੀਪ੍ਰੀਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਡੇਰੇ ਦੀਆਂ ਅੰਦਰਲੀਆਂ ਸਰਗਰਮੀਆਂ ਅਤੇ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਬਾਅਦ ਡੇਰੇ ਵੱਲੋਂ ਵਿਆਪਕ ਹਿੰਸਾ ਫੈਲਾਏ ਜਾਣ ਦੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਹਾਸਲ ਹੋ ਸਕੇਗੀ।