ਡੇਰੇ ਵਿੱਚਲੇ ਕੁਫ਼ਰ ਨੂੰ ਬੇਨਕਾਬ ਕਰਨ ਵੱਡੀ ਪੱਧਰ ਉੱਤੇ ਤਲਾਸ਼ੀਆਂ

ਡੇਰੇ ਵਿੱਚਲੇ ਕੁਫ਼ਰ ਨੂੰ ਬੇਨਕਾਬ ਕਰਨ ਵੱਡੀ ਪੱਧਰ ਉੱਤੇ ਤਲਾਸ਼ੀਆਂ

ਕੈਪਸ਼ਨ : ਸਿਰਸਾ ਵਿੱਚ ਸ਼ੁੱਕਰਵਾਰ ਨੂੰ ਤਲਾਸ਼ੀ ਮੁਹਿੰਮ ਲਈ ਡੇਰਾ ਸੱਚਾ ਸੌਦਾ ਵੱਲ ਜਾਂਦੇ ਹੋਏ ਤਲਾਸ਼ੀ ਲੈਣ ਵਾਲੀਆਂ ਟੀਮਾਂ ਦੀਆਂ ਗੱਡੀਆਂ।

ਸਿਰਸਾ/ਬਿਊਰੋ ਨਿਊਜ਼:
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਕੀਤੇ ਕੋਰਟ ਕਮਿਸ਼ਨਰ ਏ.ਕੇ.ਐਸ. ਪੁਆਰ ਦੀ ਅਗਵਾਈ ਵਿੱਚ ਡੇਰਾ ਸਿਰਸਾ ਦੇ ਸੱਚ ਤੋਂ ਪਰਦਾ ਹਟਾਉਣ ਲਈ ਤਲਾਸ਼ੀ ਮੁਹਿੰਮ ਅੱਜ ਸਵੇਰੇ ਸ਼ੁਰੂ ਹੋਈ। ਤਲਾਸ਼ੀ ਲਈ ਡੇਰੇ ਨੂੰ ਦਸ ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਸੇਵਾਮੁਕਤ ਜੱਜ ਏ.ਕੇ.ਐਸ. ਪੁਆਰ ਦੀ ਅਗਵਾਈ ਵਿੱਚ ਦਰਜਨਾਂ ਟੀਮਾਂ ਤਲਾਸ਼ੀ ਵਿੱਚ ਜੁਟੀਆਂ ਹੋਈਆਂ ਹਨ। ਉਧਰ ਸਰਕਾਰ ਨੇ ਡੇਰੇ ਵਿੱਚ ਤਲਾਸ਼ੀ ਕਾਰਨ ਫੈਲ ਰਹੀਆਂ ਅਫਵਾਹਾਂ ਦੇ ਮੱਦੇਨਜ਼ਰ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।
ਜਾਣਕਾਰੀ ਅਨੁਸਾਰ ਤਲਾਸ਼ੀ ਮੁਹਿੰਮ ਵਿੱਚ ਬੈਂਕ ਕਰਮਚਾਰੀ, ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਸਮੇਤ ਜਿੰਦਰੇ ਖੋਲ੍ਹਣ ਵਿੱਚ ਮਾਹਿਰ 22 ਵਿਅਕਤੀਆਂ ਨੂੰ ਸ਼ਾਮਲ ਕੀਤਾ ਹੈ। ਮੁਹਿੰਮ ਵਿੱਚ ਛੇ ਆਈ.ਪੀ.ਐਸ. ਅਧਿਕਾਰੀਆਂ ਤੇ ਅੱਧੀ ਦਰਜਨ ਤੋਂ ਜ਼ਿਆਦਾ ਡੀ.ਐਸ.ਪੀ. ਰੈਂਕ ਦੇ ਅਧਿਕਾਰੀਆਂ ਨੂੰ ਵੀ ਲਾਇਆ ਗਿਆ ਹੈ। ਦੁਪਹਿਰ ਤੱਕ ਦੀ ਤਲਾਸ਼ੀ ਮੁਹਿੰਮ ਦੀ ਜਾਣਕਾਰੀ ਦਿੰਦੇ ਹੋਏ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਸਤੀਸ਼ ਮਹਿਰਾ ਨੇ ਦੱਸਿਆ ਕਿ ਡੇਰੇ ਦੇ ਦੋ ਕਮਰਿਆਂ ਨੂੰ ਸੀਲ ਕੀਤਾ ਗਿਆ ਹੈ, ਜਿਸ ਵਿੱਚ ਕੰਪਿਊਟਰ ਸੈੱਟ ਅਤੇ ਹਾਰਡ ਡਿਸਕ ਬਰਾਮਦ ਕੀਤੇ ਗਏ ਹਨ। ਦੋ ਕਮਰਿਆਂ ਵਿੱਚੋਂ ਸੱਤ ਹਜ਼ਾਰ ਦੀ ਪੁਰਾਣੀ ਕਰੰਸੀ ਅਤੇ 12 ਹਜ਼ਾਰ ਦੀ ਨਵੀਂ ਕਰੰਸੀ ਮਿਲੀ ਹੈ। ਇਸ ਤੋਂ ਇਲਾਵਾ ਇਕ ਲੈਕਸਸ ਗੱਡੀ, ਇਕ ਓ.ਬੀ. ਵੈਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦੇਸੀ ਦਵਾਈਆਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਆਈਆਈਟੀ ਰੁੜਕੀ ਦੀ ਫੋਰੈਂਸਿਕ ਟੀਮ ਨੇ ਡੇਰੇ ਦੀ ਗੁਫਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਫਾ ਕੋਲੋਂ ਪੰਜ ਜਣੇ ਮਿਲੇ ਹਨ, ਜਿਨ੍ਹਾਂ ਵਿੱਚ ਦੋ ਨਾਬਾਲਗ ਅਤੇ ਤਿੰਨ ਬਾਲਗ ਹਨ। ਨਾਬਾਲਗਾਂ ਨੂੰ ਚਾਈਲਡ ਵੈਲਫੇਅਰ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ, ਜਦੋਂ ਕਿ ਬਾਲਗਾਂ ਦੇ ਪਤੇ ਦੀ ਜਾਣਕਾਰੀ ਲਈ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਮਾਪਿਆਂ ਨੂੰ ਸੌਂਪਿਆ ਜਾ ਸਕੇ। ਡੇਰੇ ਵਿੱਚੋਂ ਇਕ ਵਾਕੀ-ਟਾਕੀ ਸੈੱਟ ਵੀ ਬਰਾਮਦ ਕੀਤਾ ਹੈ, ਜਿਸ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ ਹੈ।
ਸੁਰੱਖਿਆ ਪ੍ਰਬੰਧਾਂ ਲਈ ਨੀਮ ਫੌਜੀ ਦਸਤਿਆਂ ਦੀਆਂ 41 ਕੰਪਨੀਆਂ ਤਾਇਨਾਤ ਕੀਤੀਆਂ ਹਨ, ਜਿਸ ਵਿੱਚ ਸੀਆਰਪੀਐਫ ਦੀਆਂ 20, ਬੀਐਸਐਫ ਦੀਆਂ ਦੋ, ਐਸਐਸਬੀ ਦੀਆਂ 12, ਆਰਏਐਫ ਦੀਆਂ ਦੋ ਕੰਪਨੀਆਂ ਤੋਂ    ਇਲਾਵਾ ਬੰਬ ਨਿਰੋਧਕ ਦਸਤਾ ਤੇ ਡਾਗ ਸਕੁਐਡ ਦੀਆਂ ਨੌਂ ਟੀਮਾਂ ਸ਼ਾਮਲ ਹਨ। ਫੌਜ ਦੀਆਂ ਚਾਰ ਟੁਕੜੀਆਂ ਵੱਖਰੀਆਂ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਕਮਾਂਡੋਜ ਦਸਤੇ ਵਾਲੀ ਸਵਾਟ  ਟੀਮ ਵੀ ਤਾਇਨਾਤ ਹੈ। ਹਰਿਆਣਾ ਪੁਲੀਸ ਦੇ ਕਰੀਬ ਪੰਜ ਹਜ਼ਾਰ ਜਵਾਨ ਲਾਏ ਗਏ ਹਨ। ਪਤਾ ਲੱਗਿਆ ਹੈ ਕਿ ਤਲਾਸ਼ੀ ਮੁਹਿੰਮ ਰਾਤ ਨੂੰ ਅਤੇ ਭਲਕੇ ਵੀ ਜਾਰੀ ਰਹਿਣ ਦੀ ਉਮੀਦ ਹੈ।
ਗੁਫਾ ਤੋਂ ਹੋਸਟਲ ਜਾਂਦੇ ਰਾਹ ਵਿੱਚ ਬਣਾਈ ਕੰਧ
ਸਿਰਸਾ (ਟ੍ਰਿਬਿਊਨ ਨਿਊਜ਼ ਸਰਿਵਸ): ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਠਹਿਰਾਏ ਜਾਣ ਤੋਂ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ ਗੁਫਾ ਵਿੱਚੋਂ ਸਾਧਵੀਆਂ ਦੇ ਹੋਸਟਲ ਵੱਲ ਜਾਂਦੇ ਰਾਹ ਵਿੱਚ ਪਹਿਲਾਂ ਹੀ ਕੰਧ ਖੜ੍ਹੀ ਕਰ ਦਿੱਤੀ ਸੀ। ਤਲਾਸ਼ੀ ਮੁਹਿੰਮ ਦੌਰਾਨ ਗੁਫਾ ਵਿੱਚ ਗਈਆਂ ਟੀਮਾਂ ਨੇ ਅੱਜ ਪਾਇਆ ਕਿ ਇਸ ਆਲੀਸ਼ਾਨ ਰਿਹਾਇਸ਼ ਦਾ ਹੋਸਟਲ ਵੱਲ ਖੁੱਲ੍ਹਦਾ ਗੇਟ ਬੰਦ ਕੀਤਾ ਹੋਇਆ ਸੀ। ਟੀਮ ਵਿਚਲੇ ਇਕ ਸੂਤਰ ਨੇ ਕਿਹਾ ਕਿ ਹੋਸਟਲ ਅਤੇ ਇਸ ਗੇਟ ਵਿਚਾਲੇ ਕੰਧ ਕੀਤੀ ਹੋਈ ਸੀ। ਜਦੋਂ ਟੀਮ ਮੈਂਬਰ ਕੰਧ ਨੇੜੇ ਗਏ ਤਾਂ ਉਸ ਕੋਲੋਂ ਪੇਂਟ ਦੀ ਮੁਸ਼ਕ ਆ ਰਹੀ ਸੀ, ਜਿਸ ਤੋਂ ਪਤਾ ਚਲਦਾ ਹੈ ਕਿ ਕੰਧ ਹਾਲ ਹੀ ਵਿੱਚ ਬਣਾਈ ਗਈ ਹੈ।
ਬਾਜੇਕਾਂ, ਬੇਗੂ ਤੇ ਨੇਜੀਆ ਵਿੱਚ ਕਰਫਿਊ ਜਾਰੀ
ਡੇਰਾ ਮੁਖੀ ਨੂੰ ਸਜ਼ਾ ਸੁਣਾਉਣ ਵੇਲੇ ਡੇਰੇ ਨਾਲ ਲਗਦੇ ਪਿੰਡ ਬਾਜੇਕਾਂ, ਬੇਗੂ ਤੇ ਨੇਜੀਆ ਵਿੱਚ ਲੱਗਿਆ ਕਰਫਿਊ ਅੱਜ ਵੀ ਜਾਰੀ ਰਿਹਾ। ਸਿਰਸਾ ਦਾ ਦੂਜੇ ਜ਼ਿਲ੍ਹਿਆਂ ਨਾਲੋਂ ਰੇਲਵੇ ਸੰਪਰਕ ਪੂਰੀ ਟੁੱਟਿਆ ਹੋਇਆ ਹੈ। ਡੇਰਾ ਮੁਖੀ ਵੱਲੋਂ ਨਵੇਂ ਡੇਰੇ ਨੇੜੇ ਵਸਾਏ ਪਿੰਡ ਸਤਿਨਾਮਪੁਰਾ ਦੀ ਵੀ ਅੱਜ ਤਲਾਸ਼ੀ ਲਈ ਗਈ। ਇਸ ਪਿੰਡ ਵਿੱਚ ਹੀ ਡੇਰਾ ਮੁਖੀ ਦੇ ਪੁੱਤਰ ਜਸਮੀਤ ਸਿੰਘ ਅਤੇ ਦੋਵੇਂ ਪੁੱਤਰੀਆਂ ਦੀਆਂ ਕੋਠੀਆਂ ਹਨ। ਜਾਂਚ ਅਧਿਕਾਰੀਆਂ ਨੂੰ ਜ਼ਿਆਦਾਤਰ ਘਰਾਂ ਅੱਗੇ ਤਾਲੇ ਲਟਕੇ ਮਿਲੇ। ਜਾਂਚ ਟੀਮ ਨੇ ਤਾਲੇ ਤੋੜ ਕੇ ਬੰਦ ਘਰਾਂ ਦੀ ਤਲਾਸ਼ੀ ਲਈ ਅਤੇ ਤਲਾਸ਼ੀ ਤੋਂ ਬਾਅਦ ਨਵੇਂ ਤਾਲੇ ਲਾਏ ਗਏ।
ਡੇਰਾ ਪ੍ਰੇਮੀ ਦੇ ਖੇਤ ਵਿੱਚੋਂ ਮਿਲਿਆ ਅਸਲਾ
ਸਿਰਸਾ/ਬਿਊਰੋ ਨਿਊਜ਼:
ਪੁਲੀਸ ਨੇ ਬੀਤੇ ਦਿਨ ਰਾਤ ਸਮੇਂ ਅਹਿਮਦਪੁਰ ਵਾਸੀ ਜੇਠਾ ਰਾਮ ਦੇ ਖੇਤ ਵਿੱਚ ਦਬੀ ਬਾਰਾਂ ਬੋਰ ਦੀ ਬੰਦੂਕ ਬਰਾਮਦ ਕੀਤੀ। ਦੱਸਿਆ ਗਿਆ ਹੈ ਕਿ ਜੇਠਾ ਰਾਮ ਦਾ ਪਰਿਵਾਰ ਡੇਰਾ ਪ੍ਰੇਮੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਸੁਰਿੰਦਰ ਨਾਂ ਦੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਧਰ ਸੂਤਰਾਂ ਨੇ ਦੱਸਿਆ ਕਿ ਖੇਤ ਵਿੱਚੋਂ ਜ਼ਿਆਦਾ ਅਸਲਾ ਮਿਲਿਆ ਹੈ, ਜਦੋਂ ਕਿ ਪੁਲੀਸ ਬੁਲਾਰੇ ਨੇ ਇਕ ਬੰਦੂਕ ਮਿਲਣ ਦੀ ਪੁਸ਼ਟੀ ਕੀਤੀ ਹੈ। ਇਸ ਮਾਮਲੇ ਵਿੱਚ ਖੇਤ ਮਾਲਕ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪਤਾ ਨਹੀਂ ਕੌਣ ਖੇਤ ਵਿੱਚ ਅਸਲਾ ਦੱਬ ਗਿਆ ਹੈ।