ਕੁੱਕ ਨੇ ਇੰਗਲੈਂਡ ਟੈਸਟ ਟੀਮ ਦੀ ਕਪਤਾਨੀ ਤੋਂ ਦਿੱਤਾ ਅਸਤੀਫਾ
ਲੰਡਨ/ਬਿਊਰੋ ਨਿਊਜ਼ :
ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਇੱਥ ਕਿਹਾ ਕਿ ਐਲਸਟੇਅਰ ਕੁੱਕ ਨੇ ਇੰਗਲੈਂਡ ਦੀ ਟੈਸਟ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ। ਕੁੱਕ ਨੇ ਰਿਕਾਰਡ 59 ਟੈਸਟ ਮੈਚਾਂ ਵਿੱਚ ਕਪਤਾਨ ਵਜੋਂ ਭੂਮਿਕਾ ਅਦਾ ਕੀਤੀ ਹੈ। ਟੈਸਟ ਮੈਚਾਂ ਵਿੱਚ 11057 ਦੌੜਾਂ ਨਾਲ ਇੰਗਲੈਂਡ ਦਾ ਸਿਖ਼ਰਲੇ ਸਕੋਰਰ ਕੁੱਕ ਅਗਸਤ 2012 ਵਿੱਚ ਕਪਤਾਨ ਬਣਿਆ ਸੀ। ਉਸ ਨੇ 2013 ਤੇ 2015 ਵਿੱਚ ਘਰੇਲੂ ਸਰਜ਼ਮੀਂ ‘ਤੇ ਦੇਸ਼ ਨੂੰ ਐਸ਼ੇਜ਼ ਟਰਾਫੀ ਦਿਵਾਈ ਸੀ। ਇਸ ਤੋਂ ਇਲਾਵਾ ਉਸ ਨੇ ਭਾਰਤ ਤੇ ਦੱਖਣੀ ਅਫਰੀਕਾ ਵਿੱਚ ਵੀ ਟੀਮ ਨੂੰ ਲੜੀ ਵਿੱਚ ਜਿੱਤ ਦਿਵਾਈ। 32 ਸਾਲਾ ਕੁੱਕ ਨੇ ਬਿਆਨ ਵਿੱਚ ਕਿਹਾ ਕਿ ਇੰਗਲੈਂਡ ਦਾ ਕਪਤਾਨ ਹੋਣਾ ਅਤੇ ਪਿਛਲੇ ਪੰਜ ਸਾਲਾਂ ਵਿੱਚ ਟੈਸਟ ਟੀਮ ਦੀ ਅਗਵਾਈ ਕਰਨਾ ਬਹੁਤ ਵੱਡਾ ਸਨਮਾਨ ਰਿਹਾ। ਉਸ ਨੇ ਕਿਹਾ ਕਿ ਕਪਤਾਨੀ ਛੱਡਣਾ ਕਾਫੀ ਸਖ਼ਤ ਫੈਸਲਾ ਰਿਹਾ ਹੈ ਪਰ ਉਹ ਜਾਣਦਾ ਹੈ ਕਿ ਇਹ ਉਸ ਵਾਸਤੇ ਅਤੇ ਟੀਮ ਵਾਸਤੇ ਉਚਿਤ ਸਮੇਂ ‘ਤੇ ਲਿਆ ਗਿਆ ਸਹੀ ਫੈਸਲਾ ਹੈ।
ਉਸ ਉਪਰੰਤ ਯਾਰਕਸ਼ਾਇਰ ਦਾ ਬੱਲੇਬਾਜ਼ ਜੋਅ ਰੂਟ ਉਸ ਦੀ ਜਗ੍ਹਾ ਲੈਣ ਦਾ ਮਜ਼ਬੂਤ ਦਾਅਵੇਦਾਰ ਹੈ ਅਤੇ ਅਗਲੇ 15 ਦਿਨਾਂ ਵਿੱਚ ਇਸ ਸਬੰਧੀ ਐਲਾਨ ਹੋਣ ਦੀ ਆਸ ਹੈ। ਕੁੱਕ ਨੇ 2010 ਤੇ 2014 ਵਿਚਕਾਰ ਰਿਕਾਰਡ 69 ਇਕ ਰੋਜ਼ਾ ਕੌਮਾਂਤਰੀ ਮੈਚਾਂ ਵਿੱਚ ਇੰਗਲੈਂਡ ਦੀ ਅਗਵਾਈ ਕੀਤੀ ਹੈ। ਉਹ ਦੇਸ਼ ਦਾ ਸਭ ਤੋਂ ਜ਼ਿਆਦਾ ਟੈਸਟ ਮੈਚਾਂ ਵਿੱਚ ਟੀਮ ਦੀ ਕਪਤਾਨੀ ਦੀ ਜ਼ਿੰਮੇਦਾਰੀ ਨਿਭਾਉਣ ਵਾਲਾ ਕਪਤਾਨ ਹੈ। ਉਸ ਨੇ ਪਿਛਲੇ ਕਪਤਾਨਾਂ ਦੇ ਮੁਕਾਬਲੇ ਸਭ ਤੋਂ ਵੱਧ ਟੈਸਟ ਸੈਂਕੜੇ ਮਾਰੇ ਹਨ। ਉਸ ਨੂੰ 2012 ਵਿਜ਼ਡਨ ਕ੍ਰਿਕਟਰ ਆਫ਼ ਦਿ ਈਅਰ ਚੁਣਿਆ ਗਿਆ ਸੀ ਅਤੇ 2013 ਵਿੱਚ ਉਹ ਆਈਸੀਸੀ ਵਿਸ਼ਵ ਟੈਸਟ ਕਪਤਾਨ ਰਿਹਾ ਸੀ।
ਕੁੱਕ ਨੇ ਆਪਣਾ ਅਸਤੀਫਾ ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ ਦੇ ਚੇਅਰਮੈਨ ਕੋਲਿਨ ਗ੍ਰੇਵਜ਼ ਨੂੰ ਸੌਂਪਿਆ ਪਰ ਉਹ ਟੈਸਟ ਕ੍ਰਿਕਟ ਖੇਡਣਾ ਜਾਰੀ ਰੱਖਣਾ ਚਾਹੁੰਦਾ ਹੈ। ਕੁੱਕ ਨੇ ਕਿਹਾ ਕਿ ਇਹ ਵਿਅਕਤੀਗਤ ਤੌਰ ‘ਤੇ ਕਈ ਤਰੀਕਿਆਂ ਤੋਂ ਉਸ ਲਈ ਦੁੱਖਦਾਈ ਦਿਨ ਹੈ ਪਰ ਉਸ ਨੇ ਜਿਨ੍ਹਾਂ ਦੀ ਕਪਤਾਨੀ ਕੀਤੀ ਹੈ, ਉਨ੍ਹਾਂ ਸਾਰਿਆਂ ਨੂੰ ਧੰਨਵਾਦ ਆਖਣਾ ਚਾਹੁੰਦਾ ਹੈ, ਨਿਸ਼ਚਿਤ ਤੌਰ ‘ਤੇ ਸਾਰੇ ਕੋਚਾਂ ਤੇ ਸਹਿਯੋਗੀ ਸਟਾਫ ਨੂੰ, ਇੰਗਲੈਂਡ ਦੇ ਸਮਰਥਕਾਂ ਨੂੰ, ਬਾਰਮੀ ਆਰਮੀ ਨੂੰ ਵੀ ਜੋ ਦੇਸ਼ ਤੇ ਵਿਦੇਸ਼ ਵਿੱਚ ਉਨ੍ਹਾਂ ਦਾ ਸਮਰਥਨ ਕਰਦੇ ਹਨ। ਉਸ ਨੇ ਕਿਹਾ ਕਿ ਇੰਗਲੈਂਡ ਲਈ ਖੇਡਣ ਸੱਚ ਵਿੱਚ ਮਾਣ ਵਾਲੀ ਗੱਲ ਹੈ ਅਤੇ ਉਸ ਨੂੰ ਆਸ ਹੈ ਕਿ ਉਹ ਬਤੌਰ ਟੈਸਟ ਖਿਡਾਰੀ ਕੰਮ ਜਾਰੀ ਰੱਖਗਾ, ਪੂਰਾ ਯੋਗਦਾਨ ਪਾਏਗਾ ਅਤੇ ਇੰਗਲੈਂਡ ਦੇ ਅਗਲੇ ਕਪਤਾਨ ਤੇ ਟੀਮ ਦੀ ਮਦਦ ਕਰੇਗਾ। ਕੁੱਕ ਦਾ ਕਪਤਾਨੀ ਛੱਡਣ ਦਾ ਫੈਸਲਾ ਪਿਛਲੇ ਸਾਲ ਦੇ ਅਖ਼ੀਰ ਵਿੱਚ ਭਾਰਤ ਵਿੱਚ ਇੰਗਲੈਂਡ ਨੂੰ ਮਿਲੀ 0-4 ਦੀ ਹਾਰ ਤੋਂ ਬਾਅਦ ਆਇਆ ਹੈ। ਈਸੀਬੀ ਨੇ ਕਿਹਾ ਕਿ ਇੰਗਲੈਂਡ ਦੇ ਅਗਲੇ ਕਪਤਾਨ ਦੀ ਨਿਯੁਕਤੀ ਲਈ ਉਚਿਤ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇੰਗਲੈਂਡ ਦੇ ਕ੍ਰਿਕਟ ਡਾਇਰੈਕਟਰ ਐਂਡ੍ਰਿਊ ਸਟ੍ਰੌਸ ਨੇ ਕਿਹਾ ਕਿ 22 ਫਰਵਰੀ ਨੂੰ ਵੈਸਟਇੰਡੀਜ਼ ਲਈ ਟੀਮ ਦੇ ਰਵਾਨਾ ਹੋਣ ਤੋਂ ਪਹਿਲਾਂ ਇਸ ਬਾਰੇ ਐਲਾਨ ਕੀਤੇ ਜਾਣ ਦੀ ਆਸ ਹੈ।
Comments (0)