ਆਰੁਸ਼ੀ ਤੇ ਨੌਕਰ ਹੇਮਰਾਜ ਦੇ ਕਤਲ ਕੇਸ ‘ਚੋਂ ਤਲਵਾੜ ਜੋੜੀ ਬਰੀ

ਆਰੁਸ਼ੀ ਤੇ ਨੌਕਰ ਹੇਮਰਾਜ ਦੇ ਕਤਲ ਕੇਸ ‘ਚੋਂ ਤਲਵਾੜ  ਜੋੜੀ ਬਰੀ

ਅਲਾਹਾਬਾਦ/ਬਿਊਰੋ ਨਿਊਜ਼ : ਅਲਾਹਾਬਾਦ ਹਾਈ ਕੋਰਟ ਨੇ ਰਾਜੇਸ਼ ਤੇ ਨੁਪੁਰ ਤਲਵਾੜ ਨੂੰ ਆਪਣੀ ਧੀ ਆਰੁਸ਼ੀ (14) ਤੇ ਨੌਕਰ ਹੇਮਰਾਜ ਦੇ ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ਦੋਸ਼ੀ ਸਾਬਤ ਕਰਨ ਲਈ ਨਾ ਤਾਂ ਹਾਲਾਤ ਅਤੇ ਨਾ ਸਬੂਤ ਕਾਫ਼ੀ ਹਨ।
ਇਸ ਫੈਸਲੇ ਨਾਲ ਹਾਲ ਦੀ ਘੜੀ ਮਾਪਿਆਂ ਦੀ 9 ਸਾਲ ਲੰਮੀ ਔਖੀ ਘੜੀ ਦਾ ਅੰਤ ਹੋ ਗਿਆ। ਗਾਜ਼ੀਆਬਾਦ ਦੀ ਸੀਬੀਆਈ ਅਦਾਲਤ ਵੱਲੋਂ 28 ਨਵੰਬਰ 2013 ਨੂੰ ਦਿੱਤੀ ਉਮਰ ਕੈਦ ਨੂੰ ਤਲਵਾੜ ਜੋੜੀ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ, ਜਿਸ ਨੂੰ ਜਸਟਿਸ ਬੀ.ਕੇ. ਨਾਰਾਇਣਨ ਅਤੇ ਏ.ਕੇ. ਮਿਸ਼ਰਾ ਦੀ ਅਦਾਲਤ ਨੇ ਮਨਜ਼ੂਰ ਕਰ ਲਿਆ। ਪੇਸ਼ੇ ਵਜੋਂ ਦੰਦਾਂ ਦੀ ਡਾਕਟਰ ਤਲਵਾੜ ਜੋੜੀ ਨੂੰ ਕਾਗਜ਼ੀ ਕਾਰਵਾਈ ਤੋਂ ਬਾਅਦ ਗਾਜ਼ੀਆਬਾਦ ਦੀ ਦਾਸਨਾ ਜੇਲ੍ਹ ਵਿੱਚੋਂ ਛੱਡ ਦਿੱਤਾ ਜਾਣ ਹੈ। ਸੀਬੀਆਈ ਨੇ ਹਾਈ ਕੋਰਟ ਦੇ ਫੈਸਲੇ ਬਾਰੇ ਅਪੀਲ ਕਰਨ ਬਾਰੇ ਫੌਰੀ ਕੁੱਝ ਨਹੀਂ ਕਿਹਾ। ਏਜੰਸੀ ਦਾ ਕਹਿਣਾ ਹੈ ਕਿ ਹੁਕਮ ਦੀ ਘੋਖ ਮਗਰੋਂ ਉਹ ਅਗਲੇ ਕਦਮ ਬਾਰੇ ਫੈਸਲਾ ਕਰੇਗੀ। ਫੈਸਲੇ ਤੋਂ ਬਾਅਦ ਨੁਪੁਰ ਤਲਵਾੜ ਦੇ ਪਿਤਾ ਬੀ.ਜੀ. ਚਿਟਨਿਸ ਨੇ ਕਿਹਾ ਕਿ 9 ਸਾਲ ਚੱਲੇ ਕੇਸ ਨੇ ਤਲਵਾੜ ਜੋੜੀ ਨੂੰ ਭਾਵੁਕ ਤੌਰ ਉਤੇ ਤੋੜ ਕੇ ਰੱਖ ਦਿੱਤਾ। ਉਨ੍ਹਾਂ ਨੂੰ ਬਰੀ ਕਰਨ ਉਤੇ ਨਿਆਂਪਾਲਿਕਾ ਦਾ ਧੰਨਵਾਦ ਕਰਦਿਆਂ ਹਵਾਈ ਫੌਜ ਦੇ ਸਾਬਕਾ ਗਰੁੱਪ ਕੈਪਟਨ ਸ੍ਰੀ ਚਿਟਨਿਸ ਨੇ ਕਿਹਾ ਕਿ ਧੀ ਤਲਵਾੜ ਤੇ ਜਵਾਈ ਰਾਜੇਸ਼ ਨੂੰ ਸਲਾਖਾਂ ਪਿੱਛੇ ਦੇਖਣਾ ਬਹੁਤ ਮੁਸ਼ਕਲ ਸੀ। ਆਰੁਸ਼ੀ ਦੀ ਕਰੀਬੀ ਰਿਸ਼ਤੇਦਾਰ ਵੰਦਨਾ ਤਲਵਾੜ ਨੇ ਕਿਹਾ ਕਿ ਪੂਰੇ ਪਰਿਵਾਰ ਨੂੰ ਤਕਰੀਬਨ ਇਕ ਦਹਾਕੇ ਤੱਕ ਮੁਸ਼ਕਲਾਂ ਝੱਲਣੀਆਂ ਪਈਆਂ। ਉਨ੍ਹਾਂ ਫੈਸਲੇ ਉਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਆਰੁਸ਼ੀ ਤੇ ਨੌਕਰ ਹੇਮਰਾਜ ਨੂੰ ਕਿਸ ਨੇ ਮਾਰਿਆ? ਇਸ ਸਵਾਲ ਦਾ ਜਵਾਬ ਤਲਵਾੜ ਜੋੜੀ ਦੇ ਵਕੀਲ ਦੇਣਗੇ।
ਖਚਾਖਚ ਭਰੀ ਅਦਾਲਤ ਵਿੱਚ ਫੈਸਲੇ ਦਾ ਐਲਾਨ ਕਰਦਿਆਂ ਬੈਂਚ ਨੇ ਕਿਹਾ ਕਿ ਹਾਲਾਤ ਤੇ ਰਿਕਾਰਡ ਵਿੱਚ ਆਏ ਸਬੂਤਾਂ ਮੁਤਾਬਕ ਡਾਕਟਰ ਜੋੜੇ ਦੀ ਆਰੁਸ਼ੀ ਤੇ ਹੇਮਰਾਜ ਦੇ ਕਤਲਾਂ ਵਿੱਚ ਸ਼ਮੂਲੀਅਤ ਦੀਆਂ ਕੜੀਆਂ ਨਹੀਂ ਜੁੜ ਰਹੀਆਂ। ਅਦਾਲਤ ਨੇ ਸੀਬੀਆਈ ਅਦਾਲਤ ਦੇ ਤਲਵਾੜ ਜੋੜੀ ਨੂੰ ਦੋਸ਼ੀ ਠਹਿਰਾਉਣ ਦੇ ਫੈਸਲੇ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਬਿਨੈਕਾਰਾਂ ਨੂੰ ਸ਼ੱਕ ਦਾ ਲਾਭ ਦੇਣ ਲਈ ਢੁਕਵਾਂ ਮਾਮਲਾ ਹੈ।
ਦਾਸਨਾ ਜੇਲ੍ਹ ਦੇ ਜੇਲ੍ਹਰ ਡੀ. ਮੌਰਿਆ ਨੇ ਕਿਹਾ ਕਿ ਇਹ ਜੋੜੀ ਇਨਸਾਫ਼ ਹੋਇਆ ਮਹਿਸੂਸ ਕਰ ਰਹੀ ਹੈ। ਉਨ੍ਹਾਂ ਸਵੇਰੇ ਰੋਟੀ ਖਾਣ ਤੋਂ ਬਾਅਦ ਪ੍ਰਾਰਥਨਾ ਕੀਤੀ ਅਤੇ ਨਿੱਤ ਦੇ ਕੰਮ ਨਿਬੇੜੇ। ਫੈਸਲੇ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਸਨ। ਤਲਵਾੜ ਜੋੜੀ ਦੀ ਵਕੀਲ ਰੇਬੈਕਾ ਜੌਹਨ ਨੇ ਕਿਹਾ ਕਿ ਉਹ ਫੈਸਲੇ ਤੋਂ ਸੰਤੁਸ਼ਟ ਹੈ। ਇਹ ਪੂਰਾ ਕੇਸ ਤੋਹਮਤ ਉਤੇ ਆਧਾਰਤ ਸੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਸ ਜੋੜੀ ਨੂੰ ਜੇਲ੍ਹ ਵਿੱਚੋਂ ਛੁੱਟਣ ਤੋਂ ਬਾਅਦ ਨਿੱਜਤਾ ਮਿਲੇਗਾ।
ਜ਼ਿਕਰਯੋਗ ਹੈ ਕਿ ਮਈ 2008 ਵਿੱਚ ਤਲਵਾੜ ਜੋੜੀ ਦੇ ਨੋਇਡਾ ਸਥਿਤ ਘਰ ਵਿੱਚੋਂ ਆਰੁਸ਼ੀ ਦੀ ਲਾਸ਼ ਮਿਲੀ ਸੀ। ਉਸ ਦਾ ਗਲਾ ਵੱਢਿਆ ਗਿਆ ਸੀ। ਸ਼ੁਰੂ ਵਿੱਚ ਸ਼ੱਕ ਦੀ ਸੂਈ ਨੌਕਰ ਹੇਮਰਾਜ (45 ਸਾਲ) ਵੱਲ ਘੁੰਮੀ, ਜਿਹੜਾ ਲਾਪਤਾ ਸੀ ਪਰ ਦੋ ਦਿਨ ਬਾਅਦ ਘਰ ਦੀ ਛੱਤ ਤੋਂ ਨੌਕਰ ਦੀ ਲਾਸ਼ ਵੀ ਬਰਾਮਦ ਹੋ ਗਈ।
ਘਰੇਲੂ ਨੌਕਰਾਂ ਨੇ ਫੈਸਲੇ ‘ਤੇ ਜਤਾਇਆ ਇਤਰਾਜ਼
ਨੋਇਡਾ: ਆਰੁਸ਼ੀ ਕਤਲ ਕੇਸ ਵਿੱਚ ਹਾਈ ਕੋਰਟ ਦੇ ਫੈਸਲੇ ਦਾ ਭਾਵੇਂ ਮੈਡੀਕਲ ਭਾਈਚਾਰਾ ਸਵਾਗਤ ਕਰ ਰਿਹਾ ਹੈ ਪਰ ਘਰੇਲੂ ਨੌਕਰਾਂ ਦਾ ਮੰਨਣਾ ਹੈ ਕਿ ਡਾਕਟਰ ਜੋੜੀ ਆਪਣੇ ਪੈਸੇ ਦੀ ਮਦਦ ਨਾਲ ਬਰੀ ਹੋਈ। ਇੱਥੇ ਇਕ ਨੇਪਾਲੀ ਨੌਕਰ ਨੇ ਕਿਹਾ ਕਿ ਅਮੀਰ ਖ਼ੁਦ ਨੂੰ ਬਰੀ ਕਰਵਾ ਸਕਦਾ ਹੈ। ਨਿਠਾਰੀ ਕੇਸ ਵਿੱਚ ਵੀ ਮਨਿੰਦਰ ਸਿੰਘ ਪੰਧੇਰ ਬਰੀ ਹੋ ਗਿਆ ਸੀ। ਇਕ ਹੋਰ ਨੌਕਰ ਨੇ ਕਿਹਾ ਕਿ ਹੇਮਰਾਜ ਦੇ ਰਿਸ਼ਤੇਦਾਰਾਂ ਨੂੰ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣੀ ਚਾਹੀਦੀ ਹੈ। ਦੂਜੇ ਪਾਸੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਕੇ.ਕੇ. ਅਗਰਵਾਲ ਨੇ ਕਿਹਾ ਕਿ ਤਲਵਾੜ ਜੋੜੀ ਨੂੰ ਇਨਸਾਫ਼ ਮਿਲਿਆ ਹੈ, ਜਦੋਂ ਕਿ ਇਸ ਜੋੜੀ ਦੇ ਸੈਕਟਰ 25 ਵਿਚਲੇ ਘਰ ਨੇੜੇ ਰਹਿੰਦੇ ਡੀ. ਸਿੰਘ ਨੇ ਕਿਹਾ ਕਿ ਜੇ ਤਲਵਾੜ ਜੋੜੀ ਨੇ ਨਹੀਂ ਤਾਂ ਆਰੁਸ਼ੀ ਨੂੰ ਕਿਸ ਨੇ ਮਾਰਿਆ?