ਅਕਾਲੀ ਦਲ ਅੰਮ੍ਰਿਤਸਰ, ਬਾਮਸੇਫ ਤੇ ਹਮਖਿਆਲੀ ਜਥੇਬੰਦੀਆਂ ਵੱਲੋਂ ਤਖਤ ਕੇਸਗੜ੍ਹ ਸਾਹਿਬ ਤੋਂ ਤਬਦੀਲੀ ਯਾਤਰਾ ਦੀ ਸ਼ੁਰੂਆਤ

ਅਕਾਲੀ ਦਲ ਅੰਮ੍ਰਿਤਸਰ, ਬਾਮਸੇਫ ਤੇ ਹਮਖਿਆਲੀ ਜਥੇਬੰਦੀਆਂ ਵੱਲੋਂ ਤਖਤ ਕੇਸਗੜ੍ਹ ਸਾਹਿਬ ਤੋਂ ਤਬਦੀਲੀ ਯਾਤਰਾ ਦੀ ਸ਼ੁਰੂਆਤ

ਸ੍ਰੀ ਅਨੰਦਪੁਰ ਸਾਹਿਬ/ਬਿਊਰੋ ਨਿਊਜ਼ :
ਮੂਲ ਨਿਵਾਸੀ ਭਾਰਤੀਆਂ ਨੂੰ ਬ੍ਰਾਹਮਣਵਾਦੀ ਤਾਕਤਾਂ ਦੀ ਸਮਾਜ ਵੰਡ ਘਾੜਤ ਮਨੁ ਸਮ੍ਰਿਤੀ ਦੇ ਜ਼ਾਲਮ ਫੰਦੇ ਚੋਂ ਆਜ਼ਾਦ ਕਰਾਉਣ ਲਈ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤ ਉਤੋਂ ”ਪਰਿਵਰਤਣ ਯਾਤਰਾ” ਦੀ ਸ਼ੁਰੂਆਤ ਹੋਈ ਹੈ।
ਮੂਲ ਨਿਵਾਸੀ ਭਾਰਤੀਆਂ ਦੀ ਸੰਸਥਾ ਬਾਮਸੇਫ ਦੇ ਅੰਤਰਰਾਸ਼ਟਰੀ ਕਨਵੀਨਰ ਸ੍ਰੀ ਵਾਮਨ ਮੇਸ਼ਰਾਮ, ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਯੂਨਾਈਟਡ ਅਕਾਲੀ ਦਲ ਦੇ ਗੁਰਦੀਪ ਸਿੰਘ ਬਠਿੰਡਾ, ਬਾਬਾ ਹਰਦੀਪ ਸਿੰਘ ਚਾਂਦਪੁਰਾ, ਬਹੁਜਨ ਮੁਕਤੀ ਮੋਰਚਾ ਦੇ ਕੁਲਦੀਪ ਸਿੰਘ ਈਸਾਪੁਰ ਦੀ ਅਗਵਾਈ ਵਿੱਚ ਸੈਂਕੜੇ ਪਾਰਟੀ ਵਰਕਰ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ।ਅਰਦਾਸ-ਬੇਨਤੀ ਉਪਰੰਤ ਜੈਕਾਰਿਆਂ ਦੀ ਗੂੰਜ ਦਰਮਿਆਨ ਇਹ ”ਪਰਿਵਰਤਣ ਯਾਤਰਾ” ਆਰੰਭ ਹੋਈ ।
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਵਾਮਨ ਮੇਸ਼ਰਾਮ ਨੇ ਦੱਸਿਆ ਕਿ ਬਾਮਸੇਫ ਵਲੋਂ ਹਮਖਿਆਲੀ ਪਾਰਟੀਆਂ ਤੇ ਸੰਸਥਾਵਾਂ ਦੇ ਸਹਿਯੋਗ ਨਾਲ ਸਮੁੱਚੇ ਭਾਰਤ ਵਿਚ ਅਜੇਹੀਆਂ ਯਾਤਰਾਵਾਂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਸੰਨ 2015 ਵਿੱਚ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਦੀਆਂ ਵਾਪਰੀਆਂ ਘਟਨਾਵਾਂ ਅਸਿਹ ਹਨ ਤੇ ਇਹ ਸਿੱਧੇ ਤੌਰ ਤੇ ਦੇਸ਼ ਅੰਦਰ ਵਿਚਰ ਰਹੀਆਂ ਘੱਟ ਗਿਣਤੀਆਂ ਅਤੇ ਮਜ਼ਲੂਮਾਂ ੳੁਪਰ ਜ਼ੁਲਮ ਹੈ।

ਸ੍ਰੀ ਮੇਸ਼ਰਾਮ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸੰਸਾਰ ਦੇ ਇੱਕ ਅਜੇਹੇ ਸਤਿਕਾਰਤ ਧਰਮ ਗ੍ਰੰਥ ਹਨ, ਜਿਥੇ ਬ੍ਰਾਹਮਣਵਾਦੀ ਤਾਕਤਾਂ ਦੁਆਰਾ ਲਿਤਾੜੇ ਹੋਏ ਸਮਾਜ ਦੇ ਮਹਾਂਪੁਰਖਾਂ ਦੀ ਬਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਅਤੇ ਪੁਲਿਸ ਦੀ ਗੋਲੀ ਨਾਲ ਸਿੱਖਾਂ ਦੇ ਕੀਤੇ ਕਤਲ ਦਾ ਇਨਸਾਫ ਲੈਣਾ ਵੀ ਪਰਿਵਰਤਣ ਯਾਤਰਾ ਦਾ ਮਕਸਦ ਹੈ ।ਸਿੱਖ ਕੌਮ ,ਇੱਕ ਆਜ਼ਾਦ ਕੌਮ ਹੈ, ਜਿਸ ਦਾ ਆਪਣਾ ਅਲੱਗ ਨਿਸ਼ਾਨ, ਧਰਮ-ਗ੍ਰੰਥ, ਜਨਮ ਤੋਂ ਮਰਨ ਤੀਕ ਦੇ ਵਿਲੱਖਣ ਸੰਸਕਾਰ ਹਨ ਪ੍ਰੰਤੂ ਬ੍ਰਾਹਮਣਵਾਦੀ ਤਾਕਤਾਂ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦੱਸ ਰਹੀਆਂ ਹਨ। ਬਾਮਸੇਫ ਸਿੱਖ ਕੌਮ ਨੂੰ ਇੱਕ ਆਜ਼ਾਦ ਤੇ ਵਿੱਲਖਣ ਕੌਮ ਦਾ ਦਰਜਾ ਦਿਵਾਉਣ ਲਈ ਵਚਨਬੱਧ ਹੈ ਤੇ ਜੇ ਲੋੜ ਪਈ ਤਾਂ ਜੇਲ੍ਹ ਭਰੋ ਅੰਦੋਲਨ ਚਲਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।

ਆਪਣੀ ਗੱਲ ਜਾਰੀ ਰੱਖਦਿਆਂ ਵਾਮਨ ਮੇਸ਼ਰਾਮ ਨੇ ਕਿਹਾ ਭਾਰਤੀ ਫੌਜਾਂ ਵੱਲੋਂ ਜੂਨ 1984 ਦੇ ਹਮਲੇ ਉਪਰੰਤ ਪੰਜਾਬ ਵਿੱਚ ਕੀਤੇ ਅਪਰੇਸ਼ਨ ਵੁੱਡ ਰੋਜ਼ ਤਹਿਤ ਡੇਢ ਲੱਖ ਸਿੱਖ ਨੌਜੁਆਨ ਮਾਰੇ ਗਏ ਸਨ, ਜਬਰੀ ਚੁੱਕ ਕੇ ਤੇ ਲਾਵਾਰਿਸ ਕਰਾਰ ਦੇ ਕੇ 25 ਹਜ਼ਾਰ ਸਿੱਖ ਮਾਰੇ ਜਾਣ ਦੇ ਅੰਕੜੇ ਵੀ ਸਾਡੇ ਸਾਹਮਣੇ ਹਨ । ਇਨ੍ਹਾਂ ਪੀੜਤ ਪਰਿਵਾਰਾਂ ਨੂੰ ਇਨਸਾਫ ਤੇ ਦੋਸ਼ੀਆਂ ਨੂੰ ਸਜ਼ਾਵਾਂ ਜ਼ਰੂਰ ਦਿਵਾਈਆਂ ਜਾਣਗੀਆਂ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੀ ਧਰਤੀ, ਉਹ ਪਾਵਨ ਧਰਤ ਹੈ, ਜਿਥੇ ਸੰਨ 1699 ਵਿੱਚ ਦਸ਼ਮੇਸ਼ ਪਿਤਾ ਜੀ ਨੇ ਅਜੇਹੀ ਸਮਾਜਿਕ ਕਰਾਂਤੀ ਲਿਆਂਦੀ ਕਿ ਸਮਾਜ ਦੇ ਦਲਿਤ ਹਿੱਸੇ ਨੂੰ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰੂ ਦਾ ਦਰਜਾ ਮਿਲਿਆ ਤੇ ਬਚਨ ਵੀ ਹੋਇਆ ਕਿ ”ਇਨ ਗਰੀਬ ਸਿਖਨ ਕੋ ਦੂੰ ਪਾਤਸ਼ਾਹੀ”। ਉਨ੍ਹਾਂ ਕਿਹਾ ਅੱਜ ਜਦਂੋ ਬਾਮਸੇਫ ਵਰਗੀ ਸਮਾਜਿਕ ਤੌਰ ‘ਤੇ ਜਾਗਰੂਕ ਸੰਸਥਾ ਇਹ ਐਲਾਨ ਕਰ ਰਹੀ ਹੈ ਕਿ ਉਹ ਸਿੱਖ ਕੌਮ ਦੀ ਆਜ਼ਾਦ ਹੋਂਦ ਹਸਤੀ ਨੂੰ ਪ੍ਰਵਾਨ ਕਰਦੀ ਹੈ ਤੇ ਇਸ ਪਹਿਚਾਣ ਨੂੰ ਉਜਾਗਰ ਕਰਨ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ, ਤਾਂ ਸ਼੍ਰੋਮਣੀ ਅਕਾਲੀ ਦਲ (ਅ) ਵੀ ਸਮਾਜ ਦੇ ਲਿਤਾੜੇ ਵਰਗ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਦਾ ਅਹਿਦ ਦੁਹਰਾਉਂਦਾ ਹੈ।
ਇਸ ਮੌਕੇ ਵੱਖ ਵੱਖ ਗੱਤਕਾ ਟੀਮਾਂ ਨੇ ਖਾਲਸੇ ਦੀ ਜੰਗਜ਼ੂ ਖੇਡ ਗੱਤਕੇ ਦੇ ਜੌਹਰ ਵਿਖਾਏ ਤੇ ਯਾਤਰਾ ਅਗਲੇ ਪੜਾਅ ਵੱਲ ਵੱਧ ਗਈ। ਇਸ ਮੌਕੇ ਪ੍ਰੋ. ਮਹਿੰਦਰ ਪਾਲ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਅਮਰੀਕ ਸਿੰਘ ਬੱਲੋਵਾਲ, ਨਵਦੀਪ ਸਿੰਘ ਬਾਜਵਾ, ਕੁਲਦੀਪ ਸਿੰਘ ਭਾਗੋਵਾਲ, ਨਵਦੀਪ ਸਿੰਘ , ਪ੍ਰਿਤਪਾਲ ਸਿੰਘ, ਗੁਰਜੰਟ ਸਿੰਘ ਕੱਟੂ, ਜਸਬੀਰ ਸਿੰਘ ਖੰਡੂਰ, ਕੰਵਰਪਾਲ ਸਿੰਘ ਬਿੱਟੂ, ਹਰਭਜਨ ਸਿੰਘ ਕਸ਼ਮੀਰੀ, ਲਵਲੀ ਲੁਧਿਆਣਾ, ਨਰਿੰਦਰ ਕੌਰ ਪੁਰੇਵਾਲ ਅਤੇ ਬਾਬਾ ਹਰਬੰਸ ਸਿੰਘ ਜੈਨਪੁਰ ਹਾਜ਼ਰ ਸਨ । ਇਹ ਯਾਤਰਾਪੰਜਾਬ ਦੇ ਵੱਖ ਵੱਖ ਜਿਲਆਂ ਵਿੱਚੋਂ ਹੁੰਦੀ ਹੋਈ 4 ਨਵੰਬਰ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਸਮਾਪਤ ਹੋਵੇਗੀ।