ਖਾਲਿਸਤਾਨ ਪੱਖੀ ਪੋਸਟਰ ਪੰਜਾਬ ਪੁਲਿਸ ਦੀਆਂ ਨਜ਼ਰਾਂ ‘ਚ ਗੈਰਕਾਨੂੰਨੀ

ਖਾਲਿਸਤਾਨ ਪੱਖੀ ਪੋਸਟਰ ਪੰਜਾਬ ਪੁਲਿਸ ਦੀਆਂ ਨਜ਼ਰਾਂ ‘ਚ ਗੈਰਕਾਨੂੰਨੀ

ਮਾਨਸਾ  ਵਿਚ ਕੰਧ ‘ਤੇ ਲੱਗਿਆ ਖ਼ਾਲਿਸਤਾਨ-ਪੱਖੀ ਪੋਸਟਰ
ਮਾਨਸਾ/ਬਿਊਰੋ ਨਿਊਜ਼ :
ਪੰਜਾਬ ਪੁਲਿਸ ਲਈ ਖਾਲਿਸਤਾਨ ਦਾ ਹਊਆ ਸੁਪਰੀਮ ਕੋਰਟ ਦੀਆਂ ਇਨ੍ਹਾਂ ਹਦਾਇਤਾਂ ਤੋਂ ਬਾਅਦ ਵੀ ਬਰਕਰਾਰ ਹੈ ਕਿ ਸ਼ਾਂਤਮਈ ਤੇ ਜਮਹੂਰੀ ਤੌਰ ਤਰੀਕਿਆਂ ਨਾਲ ਖਾਲਿਸਤਾਨ ਦੀ ਮੰਗ ਜਾਂ ਪਰਚਾਰ ਕਰਨਾ ਕਾਨੂੰਨੀ ਜੁਰਮ ਨਹੀਂ ਹੈ। ਮਾਨਸਾ ਵਿਚ ਇਕ ਕੰਧ ‘ਤੇ ਖ਼ਾਲਿਸਤਾਨ ਪੱਖੀ ਪੋਸਟਰ ਲੱਗਿਆ ਦੇਖਿਆ ਗਿਆ ਤਾਂ ਮਾਨਸਾ ਪੁਲੀਸ ਤੁਰੰਤ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਭਾਵੇਂ ਅਜੇ ਪੁਲੀਸ ਦੇ ਹੱਥ ਕੁਝ ਵੀ ਨਹੀਂ ਲੱਗਿਆ ਹੈ ਪਰ ਸਵਾਲ ਪੈਦਾ ਹੁੰਦਾ ਹੈ ਕਿ ਪੁਲਿਸ ਭਾਲ ਕਿਸ ਨੂੰ ਰਹੀ ਹੈ। ਜੇ ਕਿਸੇ ਨੇ ਖਾਲਿਸਤਾਨ ਦੇ ਹੱਕ ਵਿਚ ਪੋਸਟਰ ਲਗਾ ਵੀ ਦਿੱਤਾ ਹੈ, ਤਾਂ ਕਿਹੜਾ ਕਾਨੂੰਨ ਤੋੜਿਆ ਗਿਆ ਹੈ?
ਮੰਨਿਆ ਜਾ ਰਿਹਾ ਹੈ ਕਿ ਰਾਤ ਵੇਲੇ ਕਿਸੇ ਵਿਅਕਤੀ ਨੇ ਇਹ ਪੋਸਟਰ ਲਾਇਆ ਹੈ।ਫਿਲਹਾਲ ਪੋਸਟਰ ਪੁਲੀਸ ਲਈ ਆਪੇ ਸਹੇੜੀ ਸਿਰਦਰਦੀ ਬਣ ਗਿਆ ਹੈ, ਹਾਲਾਂਕਿ ਪੁਲੀਸ ਇਸ ਨੂੰ ਆਪਣੀ ਮੁਢਲੀ ਜਾਂਚ ਵਿਚ ਕੁਝ ਵਿਅਕਤੀਆਂ ਦੀ ਸ਼ਰਾਰਤ ਵੀ ਦੱਸ ਰਹੀ ਹੈ। ਖ਼ੁਫੀਆ ਏਜੰਸੀਆਂ ਅਤੇ ਸੂਹੀਆਂ ਦਾ ਮੰਨਣਾ ਹੈ ਕਿ ਸ਼ਹਿਰ ਅੰਦਰ ਖਾਲਿਸਤਾਨ ਦੀ ਸੋਚ ਨਾਲ ਜੁੜੇ ਵਿਅਕਤੀ ਹਨ, ਜਿਨ੍ਹਾਂ ਵੱਲੋਂ ਪੋਸਟਰ ਲਗਾਇਆ ਹੋ ਸਕਦਾ ਹੈ।
ਥਾਣਾ ਸਿਟੀ-1 ਦੇ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਇਕ ਕੰਧ ‘ਤੇ ਖਾਲਿਸਤਾਨ ਪੱਖੀ ਪੋਸਟਰ ਲੱਗਣ ਦਾ ਮਾਮਲਾ ਧਿਆਨ ਵਿਚ ਆਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹੇ ਮਾਮਲੇ ਵਿਚ ਥਾਣੇ ਵਿੱਚ ਕੇਸ ਦਰਜ ਹੈ। ਤਾਜ਼ਾ ਮਾਮਲੇ ਦੀ ਜਦੋਂ ਤਕ ਪੜਤਾਲ ਪੂਰੀ ਨਹੀਂ ਹੁੰਦੀ, ਉਦੋਂ ਤਕ ਕੁਝ ਨਹੀਂ ਕਿਹਾ ਜਾ ਸਕਦਾ।