ਅਮਰੀਕਾ ਦੇ ਸੰਸਦ ਮੈਂਬਰਾਂ ਨੇ ਸਿੱਖ ਖਿਡਾਰੀਆਂ ਖ਼ਿਲਾਫ਼ ਭੇਦਭਾਵ ਖ਼ਤਮ ਕਰਨ ਦੀ ਅਪੀਲ ਕੀਤੀ
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੇ 40 ਤੋਂ ਵੱਧ ਸੰਸਦ ਮੈਂਬਰਾਂ ਨੇ ਕੌਮਾਂਤਰੀ ਬਾਸਕਿਟਬਾਲ ਮਹਾਂਸੰਘ ਨੂੰ ਅਪੀਲ ਕੀਤੀ ਹੈ ਕਿ ਉਹ ਦਸਤਾਰ ਕਾਰਨ ਸਿੱਖ ਖਿਡਾਰੀਆਂ ਵਿਰੁਧ ‘ਬੇਤੁਕੀ ਤੇ ਭੇਦਭਾਵਪੂਰਨ’ ਨੀਤੀ ਖ਼ਤਮ ਕਰੇ।
ਸੰਸਦ ਮੈਂਬਰਾਂ ਨੇ ਕੌਮਾਂਤਰੀ ਬਾਸਕਿਟਬਾਲ ਮਹਾਂਸੰਘ (ਫ਼ੀਬਾ) ਦੇ ਪ੍ਰਧਾਨ ਹੋਰਾਸਿਓ ਮੁਰਾਤੋਰੀ ਨੂੰ ਚਿੱਠੀ ਲਿਖੀ, ”ਸਿੱਖ ਦੁਨੀਆਂ ਭਰ ਵਿਚ ਕਈ ਖੇਡਾਂ ਵਿਚ ਹਿੱਸਾ ਲੈਂਦੇ ਹਨ ਅਤੇ ਇਕ ਵੀ ਅਜਿਹੀ ਘਟਨਾ ਨਹੀਂ ਜਿਸ ਵਿਚ ਪੱਗ ਕਾਰਨ ਕਿਸੇ ਨੂੰ ਸੱਟ ਲੱਗੀ ਹੋਵੇ ਜਾਂ ਨੁਕਸਾਨ ਪਹੁੰਚਿਆ ਹੋਵੇ ਜਾਂ ਪੱਗ ਨੇ ਖੇਡ ਵਿਚ ਰੁਕਾਵਟ ਪੈਦਾ ਕੀਤੀ ਹੋਵੇ।” ਸੰਸਦ ਮੈਂਬਰ ਜੋ. ਕ੍ਰੋਲੀ ਅਤੇ ਭਾਰਤੀ ਮੂਲ ਦੀ ਐਮੀ ਬੇਰਾ ਦੀ ਅਗਵਾਈ ਵਿਚ ਕਲ ਭੇਜੀ ਗਈ ਇਸ ਚਿੱਠੀ ਵਿਚ 40 ਤੋਂ ਵੱਧ ਸੰਸਦ ਮੈਂਬਰਾਂ ਨੇ ਹਸਤਾਖਰ ਕੀਤੇ ਹਨ। ਇਹ ਚਿੱਠੀ ਕੌਮਾਂਤਰੀ ਮਹਾਂਸੰਘ ਦੇ ਸੰਭਾਵੀ ਫ਼ੈਸਲੇ ਤੋਂ ਪਹਿਲਾਂ ਲਿਖੀ ਗਈ ਹੈ।
ਕ੍ਰੋਲੀ ਅਤੇ ਐਮੀ ਨੇ ਸਾਂਝੇ ਬਿਆਨ ਵਿਚ ਕਿਹਾ, ”ਹਰ ਦਿਨ ਫ਼ੀਬਾ ਇਸ ਬਾਰੇ ਫ਼ੈਸਲੇ ਨੂੰ ਅਗਲੇ ਦਿਨ ਲਈ ਟਾਲ ਰਿਹਾ ਹੈ ਕਿ ਸਿੱਖ ਨਹੀਂ ਖੇਡ ਸਕਦੇ।” ਕ੍ਰੋਲੀ ਅਤੇ ਐਮੀ ਨੇ ਕਿਹਾ ਕਿ ਇਹ ਅਜਿਹੀ ਨੀਤੀ ਹੈ ਜਿਸ ਨੂੰ ਬੇਤੁਕੀ, ਭੇਦਭਾਵਪੂਰਨ ਅਤੇ ਟੀਮ ਖੇਡ ਦੀ ਭਾਵਨਾ ਦੇ ਪੂਰੀ ਤਰ੍ਹਾਂ ਉਲਟ ਕਰਾਰ ਦਿੱਤਾ ਜਾ ਸਕਦਾ ਹੈ ਅਤੇ ਇਸ ਵਿਚ ਤਬਦੀਲੀ ਦਾ ਸਮਾਂ ਕਾਫ਼ੀ ਪਹਿਲਾਂ ਆ ਚੁੱਕਿਆ ਹੈ। ਇਸ ਲਈ ਅਸੀਂ ਕਾਰਵਾਈ ਲਈ ਜ਼ੋਰ ਪਾ ਰਹੇ ਹਾਂ ਜਿਸ ਵਿਚ ਸਾਡੀ ਨਵੀਂ ਚਿੱਠੀ ਵੀ ਸ਼ਾਮਲ ਹੈ ਅਤੇ ਅਸੀਂ ਉਨ੍ਹਾਂ ਸਭ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਆਪਣੀ ਆਵਾਜ਼ ਉਠਾਈ। ਫ਼ੀਬਾ ਨੂੰ ਸਾਡਾ ਸੰਦੇਸ਼ ਸਾਫ਼ ਹੈ ਕਿ ਉਨ੍ਹਾਂ ਨੂੰ ਖੇਡਣ ਦਿਉ। ਫ਼ੀਬਾ ਦੀ ਇਹ ਭੇਦਭਾਵਪੂਰਨ ਨੀਤੀ 2014 ਵਿਚ ਸਾਹਮਣੇ ਆਈ ਸੀ ਜਦ ਦੋ ਸਿੱਖ ਖਿਡਾਰੀਆਂ ਨੂੰ ਰੈਫ਼ਰੀਆਂ ਨੇ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਫ਼ੀਬਾ ਦੇ ਏਸ਼ੀਆ ਕੱਪ ਵਿਚ ਖੇਡਣਾ ਹੈ ਤਾਂ ਉਨ੍ਹਾਂ ਨੂੰ ਅਪਣੀ ਪੱਗ ਲਾਹੁਣੀ ਪਵੇਗੀ।
Comments (0)