ਪੰਜਾਬ ਦੇ ਜਸਮੇਲ ਸਿੰਘ ਦੀ ਕੈਨੇਡਾ ਵਿਚ ਘਰ ਨੂੰ ਅੱਗ ਲੱਗਣ ਨਾਲ ਮੌਤ

ਪੰਜਾਬ ਦੇ ਜਸਮੇਲ ਸਿੰਘ ਦੀ ਕੈਨੇਡਾ ਵਿਚ ਘਰ ਨੂੰ ਅੱਗ ਲੱਗਣ ਨਾਲ ਮੌਤ

ਨਾਭਾ/ਬਿਊਰੋ ਨਿਊਜ਼ :
ਪੰਜਾਬ ਦੇ ਨਾਭਾ ਦੇ ਕੈਨੇਡਾ ਵਿਚ ਰਹਿੰਦੇ ਜਸਮੇਲ ਸਿੰਘ ਦੀ ਘਰ ਵਿਚ ਧਮਾਕਾ ਹੋਣ ਤੋਂ ਬਾਅਦ ਅੱਗ ਲੱਗਣ ਕਾਰਨ ਵਾਪਰੇ ਹਾਦਸੇ ਦੀ ਲਪੇਟ ਵਿਚ ਆਉਣ ਕਰਕੇ ਮੌਤ ਹੋ ਗਈ ਹੈ।  ਪੁਲਿਸ ਨੇ ਦੱਸਿਆ ਕਿ ਐਬਟਸਫੋਰਡ ਵਿਚ ਇਕ ਘਰ ‘ਚ ਧਮਾਕਾ ਹੋਣ ਕਾਰਨ ਸਾਰਾ ਘਰ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਘਰ ਦੇ ਮਾਲਕ ਜਸਮੇਲ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਪਰ ਬਾਕੀ ਪਰਿਵਾਰਕ ਮੈਂਬਰ ਵਾਲ-ਵਾਲ ਬਚ ਗਏ।ਇਸ ਪਰਿਵਾਰ ਦੇ ਨਾਭਾ ਰਹਿੰਦੇ ਸਕੇ-ਸਬੰਧੀਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਕੈਨੇਡਾ ਦਾ ਵੀਜ਼ਾ ਦਿਵਾਉਣ ਵਿਚ ਮਦਦ ਕੀਤੀ ਜਾਵੇ ਤਾਂ ਜੋ ਉਹ ਮੰਗਲਵਾਰ ਨੂੰ ਅੰਤਿਮ ਸਸਕਾਰ ‘ਚ ਪੁੱਜ ਸਕਣ।
ਮਿਲੀ ਜਾਣਕਾਰੀ ਅਨੁਸਾਰ ਜਸਮੇਲ ਸਿੰਘ ਪਿਛਲੇ 30 ਸਾਲਾਂ ਤੋਂ ਕੈਨੇਡਾ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਉਹ ਆਪਣੀ ਛੋਟੀ ਧੀ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ ਤੇ ਵਿਆਹ 18 ਅਗਸਤ ਨੂੰ ਸੀ। ਮ੍ਰਿਤਕ ਦੇ ਜਵਾਈ ਬਬਲੂ ਖੋਰਾ ਨੇ ਦੱਸਿਆ ਕਿ ਇਸ ਧਮਾਕੇ ਵਿਚ ਬਾਕੀ ਪਰਿਵਾਰ ਵਾਲ-ਵਾਲ ਬਚਿਆ। ਉਨ੍ਹਾਂ ਦੱਸਿਆ ਕਿ ਪੁਲੀਸ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।