ਸਿੱਖ ਵਿਦਿਆਰਥੀ ਕਕਾਰ ਪਹਿਨ ਕੇ ਦੇ ਸਕਣਗੇ ‘ਨੀਟ’’

ਸਿੱਖ ਵਿਦਿਆਰਥੀ ਕਕਾਰ ਪਹਿਨ ਕੇ ਦੇ ਸਕਣਗੇ ‘ਨੀਟ’’

ਨਵੀਂ ਦਿੱਲੀ/ਬਿਊਰੋ ਨਿਊਜ਼ :
ਮਾਨਯੋਗ ਦਿੱਲੀ ਹਾਈ ਕੋਰਟ ਦੇ ਜੱਜ ਜਸਟਿਸ ਰਵਿੰਦਰ ਭੱਟ ਅਤੇ ਜਸਟਿਸ ਏਥਕੇਥ ਚਾਵਲਾ ਦੀ ਬੈਂਚ ਨੇ ਵੀਰਵਾਰ ਨੂੰ  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਨੀਟ ਦੀ ਪ੍ਰੀਖਿਆ ਵਿੱਚ ਸਿੱਖ ਵਿਦਿਆਰਥੀਆਂ ਨੂੰ ਕੜੇ-ਕ੍ਰਿਪਾਨ ਸਣੇ ਪ੍ਰੀਖਿਆ ਦੇਣ ਦੀ ਅੰਤ੍ਰਿਮ ਮਨਜ਼ੂਰੀ ਦੇ ਦਿਤੀ ਹੈ। ਜੱਜਾਂ ਨੇ ਸੀਬੀਐਸਈ. ਦੇ ਵਕੀਲ ਨੂੰ ਕਿਹਾ ਕਿ ਸਿੱਖਾਂ ਦੇ ਪੰਜ ਕਕਾਰ ਧਾਰਮਿਕ ਅਧਿਕਾਰਾਂ ਤਹਿਤ ਆਉਂਦੇ ਹਨ। ਇਨ੍ਹਾਂ ‘ਤੇ ਰੋਕ ਲਾਉਣ ਦਾ ਕੋਈ ਕਾਨੂੰਨ ਨਹੀਂ ਹੈ। ਜੱਜਾਂ ਨੇ ਵਕੀਲ ਅੱਗੇ ਸਵਾਲ ਖੜ੍ਹਾ ਕੀਤਾ ਕਿ ਸਾਬਤ ਕਰੋ ਕਿ ਕਕਾਰਾਂ ਕਰ ਕੇ ਨਕਲ ਹੋ ਸਕਦੀ ਹੈ?
ਉਕਤ ਅਦਾਲਤੀ ਫੈਸਲੇ ਤੋਂ ਬਾਅਦ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਧਾਤ ਦੀਆਂ ਵਸਤੂਆਂ ਦੀ ਵਰਤੋਂ  ‘ਤੇ ਰੋਕ ਦੇ ਬਾਵਜੂਦ ਸਿੱਖ ਵਿਦਿਆਰਥੀਆਂ ਨੂੰ ਕੜੇ-ਕ੍ਰਿਪਾਨ  ਪਹਿਨ ਕੇ ਹੁਣ 6 ਮਈ ਨੂੰ ਹੋਣ ਜਾ ਰਹੀ ਕੌਮੀ ਦਾਖ਼ਲਾ ਪ੍ਰੀਖਿਆ ਨੀਟ (ਨੈਸ਼ਨਲ ਅਲਿਜੀਬਿਲਿਟੀ ਕਮ ਐਂਟਰੈਂਸ ਟੈਸਟ) ਵਿੱਚ ਦਾਖਲ ਹੋਣ ਤੋਂ ਨਹੀਂ ਰੋਕਿਆ ਜਾਵੇਗਾ। ਮਾਨਯੋਗ ਅਦਾਲਤ ਨੇ ਮੰਨਿਆ ਕਿ ਸਿਰਫ਼ ਖਦਸ਼ੇ ਕਰ ਕੇ ਕਕਾਰਾਂ ‘ਤੇ ਰੋਕ ਨਹੀਂ ਲਗਾਈ ਜਾ ਸਕਦੀ। ਅਦਾਲਤ ਨੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਕਕਾਰਾਂ ਸਣੇ ਪ੍ਰੀਖਿਆ ਕੇਂਦਰ ਵਿੱਚ ਦਾਖ਼ਲਾ ਲੈਣ ਲਈ 1 ਘੰਟਾ ਪਹਿਲਾਂ ਆਉਣ ਦਾ ਵੀ ਆਦੇਸ਼ ਦਿੱਤਾ ਤਾਂ ਜੋ ਵਿਦਿਆਰਥੀਆਂ ਨੂੰ ਕਿ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ।
ਪਿਛਲੇ ਵਰ੍ਹੇ ਸੀਬੀਐਸਈ. ਵੱਲੋਂ ਲਈ ਗਈ ‘ਨੀਟ’ ਅਤੇ ਦਿੱਲੀ ਸਰਕਾਰ ਦੀ ਡੀਐਸਐਸਐਸਬੀ. ਪ੍ਰੀਖਿਆ ਵਿੱਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਤੋਂ ਪ੍ਰੀਖਿਆ ਕੇਂਦਰਾਂ ਵੱਲੋਂ ਮਨ੍ਹਾਂ ਕੀਤਾ ਗਿਆ ਸੀ ਜਿਸ ਤੋਂ ਦਿੱਲੀ ਕਮੇਟੀ ਨੇ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ। ਨਾਲ ਹੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਡੀਐਸਐਸਐਸਬੀ. ਪ੍ਰੀਖਿਆ ਵਿੱਚ ਅੱਗੇ ਤੋਂ ਇਹ ਰੋਕ ਹਟਾਉਣ ਦਾ ਆਦੇਸ਼ ਦਿੱਤਾ ਸੀ।
ਮੰਗਲਵਾਰ ਨੂੰ ਸੁਣਵਾਈ ਦੌਰਾਨ ਸੀਬੀਐਸਈ. ਨੇ ਵੀ ਆਪਣਾ ਜਵਾਬ ਦਾਖ਼ਲ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇੱਕ ਅੰਮ੍ਰਿਤਧਾਰੀ ਬੱਚੀ ਵੱਲੋਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਸ਼ਿਕਾਇਤੀ ਪੱਤਰ ਦੇ ਕੇ ‘ਨੀਟ’ ਪ੍ਰੀਖਿਆ ਵਿੱਚ ਡ੍ਰੈਸ ਕੋਡ ਲਾਗੂ ਹੋਣ ਕਰ ਕੇ ਉਸ ਨੂੰ ਕਕਾਰ ਸਣੇ ਪ੍ਰੀਖਿਆ ਕੇਂਦਰ ਵਿੱਚ ਦਾਖ਼ਲਾ ਨਾ ਮਿਲਣ ਦਾ ਖਦਸ਼ਾ ਜਤਾਇਆ ਗਿਆ ਸੀ ਜਿਸ ਤੋਂ ਬਾਅਦ ਕਮੇਟੀ ਦੇ ਕਾਨੂੰਨੀ ਵਿਭਾਗ ਨੇ ਦਿੱਲੀ ਹਾਈ ਕੋਰਟ ਵਿੱਚ ਇਸ ਮਾਮਲੇ ਨੂੰ ਛੇਤੀ ਸੁਣਨ ਦੀ ਅਰਜ਼ੀ ਲਗਾਈ ਸੀ। ਵਕੀਲਾਂ ਏਪੀਐਸ ਆਹਲੂਵਾਲੀਆ, ਐਸਐਸ ਆਹਲੂਵਾਲੀਆ ਅਤੇ ਹਰਪ੍ਰੀਤ ਸਿੰਘ ਨੇ ਕਕਾਰਾਂ ਦੇ ਪੱਖ ਵਿੱਚ ਦਲੀਲਾਂ ਅਦਾਲਤ ਮੂਹਰੇ ਰੱਖੀਆਂ।