ਦੋਆਬੇ ਦੀ ਸਿਆਸਤ ਵਿਚ ਦਲਿਤਾਂ ਦਾ ਬੋਲਬਾਲਾ  

ਦੋਆਬੇ ਦੀ ਸਿਆਸਤ ਵਿਚ ਦਲਿਤਾਂ ਦਾ ਬੋਲਬਾਲਾ  

*ਦੋਆਬੇ ਦੀ 37 ਫ਼ੀਸਦੀ ਆਬਾਦੀ ਦਲਿਤ 

*ਡੇਰਾ ਸੱਚਖੰਡ ਬੱਲਾਂ  ਦਾ ਰਵਿਦਾਸ ਭਾਈਚਾਰੇ ਉਪਰ ਚੌਖਾ ਪ੍ਰਭਾਵ

ਅੰਮ੍ਰਿਤਸਰ ਟਾਈਮਜ਼

ਹੁਸ਼ਿਆਰਪੁਰ: ਵਿਧਾਨ ਸਭਾ ਚੋਣਾਂ ਵਿਚ  ਇਸ ਵਾਰ ਦਲਿਤ ਰਾਜਨੀਤੀ ਦੀ ਖੇਡ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੇਜ਼ ਹੈ। ਇਕ ਦਲਿਤ ਆਗੂ ਨੂੰ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਬਣਾਉਣ ਦੀ ਚਰਚਾ ਪਹਿਲੀ ਵਾਰ ਚੱਲੀ ਹੈ। ਦੋਆਬਾ ਖੇਤਰ, ਜਿੱਥੇ ਦਲਿਤ ਵੋਟਰਾਂ ਦੀ ਗਿਣਤੀ ਪੰਜਾਬ ਦੇ ਹੋਰ ਖਿੱਤਿਆਂ ਨਾਲੋਂ ਵੱਧ ਹੈ ਅਤੇ ਦਲਿਤ ਚੇਤਨਾ ਦਾ ਧੁਰਾ ਮੰਨਿਆ ਜਾਂਦਾ ਹੈ, ਵਿਚ ਇਸ ਦੀ ਚਰਚਾ ਵਧੇਰੇ ਹੋਣੀ ਸੁਭਾਵਕ ਹੈ।ਇਕ ਦਲਿਤ ਨੂੰ ਉਚ ਅਹੁਦੇ ’ਤੇ ਬਿਠਾਉਣ ਦਾ ਕਿੰਨਾ ਸਿਆਸੀ ਲਾਭ ਮਿਲੇਗਾ, ਇਹ ਗਿਣਤੀਆਂ-ਮਿਣਤੀਆਂ ਸਿਰਫ ਸਿਆਸੀ ਪਾਰਟੀਆਂ ਦੀਆਂ ਹਨ, ਆਮ ਲੋਕਾਂ ਦਾ ਸਰੋਕਾਰ ਤਾਂ ਆਪਣੇ ਮਸਲਿਆਂ ਦੇ ਹੱਲ ਨਾਲ ਹੈ। ਸਾਖ਼ਰਤਾ ਤੇ ਪਰਵਾਸ ਕਾਰਨ ਦੋਆਬੇ ਦੇ ਦਲਿਤਾਂ ਦਾ ਸਮਾਜਿਕ ਪੱਧਰ ਉੱਚਾ ਹੋਇਆ ਹੈ, ਦਲਿਤ ਅੰਦੋਲਨਾਂ ਨੇ ਉਨ੍ਹਾਂ ਦੀ ਸਮਾਜਿਕ ਗਤੀਸ਼ੀਲਤਾ ਵਧਾਈ ਹੈ, ਰਾਖਵਾਂਕਰਨ ਅਤੇ ਹੋਰ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਵੀ ਹਾਸਲ ਹੋਇਆ ਹੈ ਪਰ ਜ਼ਮੀਨੀ ਪੱਧਰ ’ਤੇ ਅਜੇ ਵੀ ਸਮਾਜਿਕ ਤੇ ਆਰਥਿਕ ਸੁਧਾਰਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਦੋਆਬੇ ਦੀ 37 ਫ਼ੀਸਦੀ ਆਬਾਦੀ ਦਲਿਤ ਹੈ। ਬਹੁਗਿਣਤੀ ਰਵਿਦਾਸੀਆ ਭਾਈਚਾਰੇ ਦੀ ਹੈ, ਜਿਸ ਦੀ ਸੰਖਿਆਤਮਕ ਤਾਕਤ ਨੂੰ ਦੇਖਦਿਆਂ ਸਾਰੀਆਂ ਪਾਰਟੀਆਂ ਨੇ ਚੋਣ ਕਮਿਸ਼ਨ ਕੋਲ ਚੋਣਾਂ ਮੁਲਤਵੀ ਕਰਨ ਦਾ ਜ਼ੋਰ ਪਾਇਆ ਤਾਂ ਕਿ ਉਹ ਗੁਰੂ ਰਵਿਦਾਸ ਜਯੰਤੀ ਮਨਾਉਣ ਲਈ ਵਾਰਾਨਸੀ ਜਾ ਸਕਣ। ਇਸ ਸੰਪਰਦਾ ਦਾ ਸਭ ਤੋਂ ਵੱਡਾ ਡੇਰਾ ਜਲੰਧਰ ਵਿਚ ਡੇਰਾ ਸੱਚਖੰਡ ਬੱਲਾਂ ਹੈ, ਜਿੱਥੇ ਸਾਰੀਆਂ ਪਾਰਟੀਆਂ ਦੇ ਆਗੂ ਨਤਮਸਤਕ ਹੋ ਚੁੱਕੇ ਹਨ।

ਚੋਣ ਮੈਦਾਨ ’ਚ ਨਿੱਤਰੀ ਹਰੇਕ ਪਾਰਟੀ ਕੋਲ ਅੱਜ ਦਲਿਤ ਗਾਰੰਟੀ ਕਾਰਡ ਹੈ। ਸ਼੍ਰੋਮਣੀ ਅਕਾਲੀ ਦਲ ਨੇ ਦਲਿਤ ਸਮੀਕਰਨ ਠੀਕ ਕਰਨ ਲਈ ਬਸਪਾ ਸਮਾਜ ਪਾਰਟੀ ਨਾਲ ਗੱਠਜੋੜ ਕੀਤਾ ਹੈ। ਪੱਛੜੀਆਂ ਸ਼੍ਰੇਣੀਆਂ ਭਾਈਚਾਰੇ ਦਾ ਸਭ ਤੋਂ ਵੱਡਾ ਮੁੱਦਾ ਮੁਲਾਜ਼ਮਾਂ ਦੇ ਬੈਕਲਾਗ ਦਾ ਹੈ, ਚਾਹੇ ਉਹ ਨਵੀਂ ਭਰਤੀ ਹੈ ਜਾਂ ਤਰੱਕੀਆਂ ’ਚ। ਸਾਹਿਤਕਾਰ ਡਾ. ਜਸਵੰਤ ਰਾਏ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ ’ਚ ਮੁਲਾਜ਼ਮਾਂ ਦੀ ਭਾਰੀ ਸ਼ਮੂਲੀਅਤ, ਹੁਕਮਰਾਨ ਪਾਰਟੀਆਂ ਪ੍ਰਤੀ ਰੋਸ ਦਰਸਾਉਣਾ ਵੀ ਸੀ। ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਦਾ ਲਾਭ ਰੋਕ ਲਿਆ ਜਾਣਾ ਵੀ ਦੋਆਬੇ ’ਚ ਇਕ ਅਹਿਮ ਚੋਣ ਮੁੱਦਾ ਹੈ।  ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਹੋਏ ਕਥਿਤ ਵਜ਼ੀਫ਼ਾ ਘਪਲੇ ਨੂੰ ਵਿਰੋਧੀ ਪਾਰਟੀਆਂ ਵਲੋਂ ਚੋਣ ਰੈਲੀਆਂ ’ਚ ਉਛਾਲਿਆ ਜਾ ਰਿਹਾ ਹੈ। ਮਾਝੇ ਤੇ ਮਾਲਵੇ ਨਾਲੋਂ ਦੋਆਬੇ ਵਿਚ ਦਲਿਤਾਂ ਦੀ ਸਾਖ਼ਰਤਾ ਜ਼ਿਆਦਾ ਹੈ। ਪੰਜਾਬ ਦੀ 64.81 ਫ਼ੀਸਦੀ ਸਾਖ਼ਰਤਾ ਦਰ ਦੇ ਮੁਕਾਬਲੇ ਅਨੁਸੂਚਿਤ ਜਾਤਾਂ ਦੀ ਸਾਖ਼ਰਤਾ ਦਰ 75.84 ਫ਼ੀਸਦੀ ਹੈ। ਖੇਤੀਬਾੜੀ ਅਤੇ ਵੱਡੇ ਕਾਰੋਬਾਰਾਂ ਦੀ ਸਮਰੱਥਾ ਨਾ ਹੋਣ ਕਾਰਨ ਸਿੱਖਿਆ ਹੀ ਇਨ੍ਹਾਂ ਲੋਕਾਂ ਕੋਲ ਇਕ ਅਜਿਹਾ ਸਾਧਨ ਹੈ, ਜਿਸ ਨਾਲ ਉਹ ਜੀਵਨ ਪੱਧਰ ਉੱਚਾ ਚੁੱਕ ਸਕਦੇ ਹਨ।

ਦਲਿਤਾਂ ਦਾ ਵੋਟ ਵਤੀਰਾ ਨਤੀਜਿਆਂ ਵਿੱਚ ਅਹਿਮ ਭੂਮਿਕਾ ਨਿਭਾਵੇਗਾ: ਚਿਰੰਜੀ ਲਾਲ

ਇਤਿਹਾਸਕਾਰ ਚਿਰੰਜੀ ਲਾਲ ਕੰਗਣੀਵਾਲ ਦਾ ਮੰਨਣਾ ਹੈ ਕਿ ਦੋਆਬੇ ਦੇ ਦਲਿਤਾਂ ਦਾ ਵੋਟ ਵਤੀਰਾ ਆਉਣ ਵਾਲੇ ਨਤੀਜਿਆਂ ਨੂੰ ਤੈਅ ਕਰਨ ਵਿਚ ਵੱਡੀ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਇਹ ਇਕ ਦੁਖਾਂਤ ਹੈ ਕਿ ਸਿਆਸੀ ਪਾਰਟੀਆਂ ਨੇ ਮੁੱਦਿਆਂ ’ਤੇ ਲੜਾਈ ਕਰਨੀ ਛੱਡ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੰਨੀ ਦੇ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਣ ਨਾਲ ਦਲਿਤ ਵਰਗ ਵਿਚ ਸਵੈਮਾਨ ਦੀ ਭਾਵਨਾ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਚੰਗਾ ਹੋਵੇਗਾ ਕਿ ਜੇ ਸਿਆਸਤਦਾਨ ਕਿਸੇ ਭਾਈਚਾਰੇ ਨੂੰ ‘ਵੋਟਿੰਗ ਬੈਂਕ’ ਵਜੋਂ ਨਾ ਦੇਖ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ।