ਗੁਰਦੁਆਰਾ ਪਤਾਲਪੁਰੀ ਦੇ ਅਸਥਘਾਟ ਦਾ ਪਾਣੀ ਪ੍ਰਦੂਸ਼ਣ-ਮੁਕਤ ਕੀਤਾ ਜਾਵੇਗਾ

ਗੁਰਦੁਆਰਾ ਪਤਾਲਪੁਰੀ ਦੇ ਅਸਥਘਾਟ ਦਾ ਪਾਣੀ ਪ੍ਰਦੂਸ਼ਣ-ਮੁਕਤ ਕੀਤਾ ਜਾਵੇਗਾ

ਸਤਲੁਜ ਦਰਿਆ ਦੇ ਪਾਣੀ ਵਿੱਚ ਡੁਬਕੀਆਂ ਲਗਾਉਂਦੇ ਹੋਏ ਸ਼ਰਧਾਲੂ।

ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼:
ਖਾਲਸੇ ਦੇ ਜਨਮ ਸਥਾਨ ਵਾਲੇ ਇਸ ਸ਼ਹਿਰ ਤੋਂ ਥੋੜੀ ਦੂਰ ਕੀਰਤਪੁਰ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਅਸਥਘਾਟ ਦੇ ਪਾਣੀ ਨੂੰ ਪ੍ਰਦੂਸ਼ਣ-ਮੁਕਤ ਕੀਤਾ ਜਾਏਗਾ। ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਐਲਾਨ ਤੋਂ ਬਾਅਦ ਵਿਭਾਗ ਨੇ ਇਸ ਪਾਣੀ ਨੂੰ ਸਾਫ ਕਰਵਾਉਣ ਲਈ 7.73 ਕਰੋੜ ਰੁਪਏ ਦੇ ਟੈਂਡਰ ਲਗਾ ਕੇ ਮਈ ਮਹੀਨੇ ‘ਚ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੀਰਤਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਪਤਾਲਪੁਰੀ ਸਾਹਿਬ ਵਿੱਚ ਸਿੱਖ ਪਰਿਵਾਰਾਂ ਦੇ ਮ੍ਰਿਤਕ ਜੀਆਂ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਹਨ। ਇਸੇ ਦੌਰਾਨ ਪਰਿਵਾਰਕ ਮੈਂਬਰ ਸਤਲੁਜ ਦਰਿਆ ਦੇ ਪਾਣੀ ਨੂੰ ਪਵਿੱਤਰ ਸਮਝ ਕੇ ਇਸ਼ਨਾਨ ਵੀ ਕਰਦੇ ਹਨ। ਇਸ ਪਾਣੀ ‘ਚ ਸ੍ਰੀ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਸੀਵਰੇਜ ਦਾ ਗੰਦਾ ਪਾਣੀ ਰਲਦਾ ਹੈ ਅਤੇ ਪਾਣੀ ਪਲੀਤ ਹੋ ਜਾਂਦਾ ਹੈ।
ਕੁਝ ਸਮਾਂ ਪਹਿਲਾਂ ਸੰਤ ਬਲਵੀਰ ਸਿੰਘ ਸੀਚੇਵਾਲ ਨਾਲ ਇਸ ਸਥਾਨ ‘ਤੇ ਪਹੁੰਚੇ ਸ੍ਰੀ ਨਵਜੋਤ ਸਿੱਧੂ ਨੇ ਪ੍ਰਣ ਕੀਤਾ ਸੀ ਕਿ ਸ਼ਰਧਾਲੂਆਂ ਦੀ ਇਸ ਸਮੱਸਿਆ ਨੂੰ ਜਲਦੀ ਹੱਲ ਕੀਤਾ ਜਾਏਗਾ। ਅਧਿਕਾਰੀਆਂ ਨੇ ਹੁਣ 7.73 ਕਰੋੜ ਰੁਪਏ ਦੇ ਟੈਂਡਰ ਲਗਾ ਦਿੱਤੇ ਹਨ ਅਤੇ ਦੋ ਕੰਮ ਵੀ ਅਲਾਟ ਕਰ ਦਿੱਤੇ ਗਏ ਹਨ। ਮਈ ਮਹੀਨੇ ‘ਚ ਕੰਮ ਜੰਗੀ ਪੱਧਰ ‘ਤੇ ਸ਼ੁਰੂ ਹੋ ਜਾਵੇਗਾ। ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜਨੀਅਰ ਰਾਹੁਲ ਕੌਸ਼ਲ ਨੇ ਦੱਸਿਆ ਕਿ ਜਲਦੀ ਹੀ ਸੀਵਰੇਜ ਟਰੀਟਮੈਂਟ ਪਲਾਂਟ ਤਿਆਰ ਕਰਵਾਇਆ ਜਾਵੇਗਾ ਤਾਂ ਜੋ ਸਮੱਸਿਆ ਪੱਕੇ ਤੌਰ ‘ਤੇ ਹੱਲ ਹੋ ਸਕੇ।