ਪੁਲੀਸ ਕਹਿੰਦੀ: ਬੱਬਰ ਖ਼ਾਲਸਾ ਦੇ ਅਮਰਜੀਤ ਸਿੰਘ ਨੇ ਟਾਈਟਲਰ ਨੂੰ ਕਤਲ ਦਾ ਇਰਾਦਾ ਰੱਖਣ ਦੀ ਗੱਲ ਮੰਨੀ

ਪੁਲੀਸ ਕਹਿੰਦੀ: ਬੱਬਰ ਖ਼ਾਲਸਾ ਦੇ ਅਮਰਜੀਤ ਸਿੰਘ ਨੇ ਟਾਈਟਲਰ ਨੂੰ ਕਤਲ ਦਾ ਇਰਾਦਾ ਰੱਖਣ ਦੀ ਗੱਲ ਮੰਨੀ

ਬਠਿੰਡਾ/ਬਿਊਰੋ ਨਿਊਜ਼
ਬਠਿੰਡਾ ਪੁਲੀਸ ਵੱਲੋਂ ਪਿਛਲੀ 26 ਫਰਵਰੀ ਨੂੰ ਗ੍ਰਿਫ਼ਤਾਰ ਕੀਤੇ ਗਏ ਬੱਬਰ ਖ਼ਾਲਸਾ ਦੇ ਖਾੜਕੂ ਅਮਰਜੀਤ ਸਿੰਘ ਨੇ ਪੁਲੀਸ ਪੁੱਛ-ਪੜਤਾਲ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਕਾਂਗਰਸ ਦੇ ਸੀਨੀਅਰ ਆਗੂ ਜਗਦੀਸ਼ ਟਾਈਟਲਰ ਦਾ ਕਤਲ ਕਰਨਾ ਚਾਹੁੰਦਾ ਸੀ ਕਿਉਂਕਿ ਦਿੱਲੀ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਵਿੱਚ ਉਸਦੀ ਭੂਮਿਕਾ ਤੋਂ ਉਹ ਨਾਰਾਜ਼ ਸੀ। ਪੁਲੀਸ ਵੱਲੋਂ ਅਮਰਜੀਤ ਸਿੰਘ ਦੋ ਦਿਨਾਂ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਹੈ।
ਏਐੱਸਆਈ ਗਨੇਸ਼ਵਰ ਕੁਮਾਰ ਅਨੁਸਾਰ ਮੁਲਜ਼ਮ ਨੂੰ ਪੁੱਛ-ਪੜਤਾਲ ਲਈ ਤਿੰਨ ਵਾਰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਹੈ। ਪੁਲੀਸ ਸੂਤਰਾਂ ਅਨੁਸਾਰ ਅਮਰਜੀਤ ਸਿੰਘ ਮਨੁੱਖੀ ਬੰਬ ਬਣ ਕੇ ਜਗਦੀਸ਼ ਟਾਈਟਲਰ ਨੂੰ ਮਾਰਨਾ ਚਾਹੁੰਦਾ ਸੀ ਪਰ ਫਿਰ ਉਸ ਨੇ ਆਪਣਾ ਇਰਾਦਾ ਬਦਲ ਲਿਆ ਕਿਉਂਕਿ ਉਸ ਦੇ ਨਾਲ ਕਈ ਹੋਰ ਨਿਰਦੋਸ਼ ਲੋਕ ਮਾਰੇ ਜਾਣੇ ਸਨ। ਅਮਰਜੀਤ ਸਿੰਘ ਨੂੰ ਪੁਲੀਸ ਨੇ ਨਵੰਬਰ 2014 ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦੇ ਬਾਅਦ ਉਹ ਜ਼ਮਾਨਤ ‘ਤੇ ਸੀ। ਅਮਰਜੀਤ ਸਿੰਘ ਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਜਗਤਾਰ ਤਾਰਾ ਨਾਲ ਸਬੰਧ ਸੀ। ਅਮਰਜੀਤ ਸਿੰਘ ਨੂੰ  ਪਿਛਲੇ ਮਹੀਨੇ ਬਠਿੰਡਾ ਦੀ ਅਦਾਲਤ ਵਿੱਚ ਇੱਕ ਪਿਸਤੌਲ ਸਮੇਤ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ। ਉਸ ਦਾ ਪੁਲੀਸ ਰਿਮਾਂਡ ਸੋਮਵਾਰ ਨੂੰ ਖ਼ਤਮ ਹੋ ਗਿਆ। ਪੁਲੀਸ ਸੂਤਰਾਂ ਅਨੁਸਾਰ ਉਸ ਨੇ ਇਹ ਵੀ ਮੰਨਿਆ ਹੈ ਕਿ ਉਹ ਬੱਬਰ ਖਾਲਸਾ ਦੇ ਰਮਨਦੀਪ ਸਿੰਘ ਸੰਨੀ ਵਾਸੀ ਗੁਰੂ ਨਾਨਕਪੂਰਾ ਬਠਿੰਡਾ ਨੂੰ ਬੰਬ ਬਣਾਉਣ ਵਾਲੀ ਸਮੱਗਰੀ ਅਤੇ ਨਾਜਾਇਜ਼ ਹਥਿਆਰ ਸਪਲਾਈ ਕਰਦਾ ਸੀ।