ਜਾਅਲੀ ਮੈਡੀਕਲ ਕਲੇਮ ਕਰਨ ਦੇ ਦੋਸ਼ ਹੇਠ ਪੰਜਾਬੀ ਡਾਂਸਰ ਨੂੰ ਸਜ਼ਾ

ਜਾਅਲੀ ਮੈਡੀਕਲ ਕਲੇਮ ਕਰਨ ਦੇ ਦੋਸ਼ ਹੇਠ ਪੰਜਾਬੀ ਡਾਂਸਰ ਨੂੰ ਸਜ਼ਾ

ਲੰਡਨ/ਬਿਊਰੋ ਨਿਊਜ਼ :
ਭਾਰਤੀ ਮੂਲ ਦੇ ਇੱਕ ਡੀਜੇ ਨੂੰ ਅਦਾਲਤੀ ਮਾਣਹਾਨੀ ਦੇ ਦੋਸ਼ ਵਿੱਚ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਆਪਣੀਆਂ ਮਮੂਲੀ ਸੱਟਾਂ ਨੂੰ ਗੰਭੀਰ ਦਿਖਾ ਕੇ ਮੈਡੀਕਲ ਕਲੇਮ ਲੈਣ ਲਈ ਨੈਸ਼ਨਲ ਹੈਲਥ ਸਰਵਿਸ ਦੇ ਨਾਲ 837000 ਪੌਂਡਜ਼ ਤੋਂ ਵੱਧ ਦੀ ਧੋਖਾਧੜੀ ਦੀ ਕੋਸ਼ਿਸ਼ ਕੀਤੀ ਸੀ। ਸਨਦੀਪ ਸਿੰਘ ਅਟਵਾਲ ਜਿਸ ਨੂੰ ਸੰਨੀ ਵਜੋਂ ਵੀ ਜਾਣਿਆਂ ਜਾਂਦਾ ਹੈ ਜੋ ਫਿਲਮ ਡਾਂਸਰ ਤੇ ਕੋਰੀਅਰ ਵਜੋਂ ਕੰਮ ਕਰਦਾ ਸੀ, ਨੇ ਇਹ ਦਾਅਵਾ ਕੀਤਾ ਸੀ ਕਿ ਉਸ ਦੇ ਵੱਲੋਂ ਬਰਤਾਨੀਆਂ ਦੀ ਸਰਕਾਰੀ ਨੈਸ਼ਨਲ ਸਿਹਤ ਸੇਵਾਵਾਂ ਵੱਲੋਂ ਕਰਵਾਏ ‘ਨਿਕੰਮੇ’ ਇਲਾਜ ਕਾਰਨ ਉਹ ਸਦਾ ਦੇ ਲਈ ਨਕਾਰਾ ਹੋ ਗਿਆ ਹੈ ਉਸ ਦਾ ਰੁਜ਼ਗਾਰ ਖੁੱਸ ਗਿਆ ਹੈ ਅਤੇ ਉਹ ਦੂਜਿਆਂ ਉੱਤੇ ਨਿਰਭਰ ਹੋ ਕੇ ਰਹਿ ਗਿਆ ਹੈ ਪਰ ਸਿਹਤ ਸੇਵਾਵਾਂ ਦੇ ਮੁਲਾਜ਼ਮਾਂ ਨੇ ਉਸ ਨੂੰ ਚੋਰੀ ਕੰਮ ਕਰਦੇ ਨੂੰ ਫੜ ਲਿਆ ਸੀ। ਉਸਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ ਅਤੇ ਸ਼ੁੱਕਰਵਾਰ ਨੂੰ ਹਾਈ ਕੋਰਟ ਨੇ ਸਜ਼ਾ ਸੁਣਾਈ ਸੀ। ਹਾਈ ਕੋਰਟ ਦੇ ਜਸਟਿਸ ਸਪੈਂਸਰ ਨੇ ਸੰਨੀ ਨੂੰ ਸਜ਼ਾ ਸੁਣਾਉਂਦਿਆਂ ਕਿਹਾ ਸੀ ਕਿ ਹਾਈ ਕੋਰਟ ਅਜਿਹੇ ਅਪਰਾਧਾਂ ਨੂੰ ਗੰਭੀਰਤਾ ਦੇ ਨਾਲ ਲੈਂਦਾ ਹੈ ਤੇ ਜੇ ਕੋਈ ਝੂਠੇ ਦਾਅਵੇ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਲਾਜ਼ਮੀ ਤੌਰ ਉੱਤੇ ਜੇਲ੍ਹ ਜਾਣਾ ਪਵੇਗਾ।