ਮੋਦੀ ਤੇ ਬਾਦਲ ਵਿਚਾਲੇ ਪਟਨਾ ‘ਚ ਹੋ ਸਕਦੀ ਹੈ ਗੈਰ ਰਸਮੀ ਮੀਟਿੰਗ

ਮੋਦੀ ਤੇ ਬਾਦਲ ਵਿਚਾਲੇ ਪਟਨਾ ‘ਚ ਹੋ ਸਕਦੀ ਹੈ ਗੈਰ ਰਸਮੀ ਮੀਟਿੰਗ

ਚੰਡੀਗੜ੍ਹ/ਬਿਊਰੋ ਨਿਊਜ਼:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲਾਗੋਵਾਲ ਨੇ ਆਸ ਪ੍ਰਗਟ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਦਸੰਬਰ ਨੂੰ ਸ੍ਰੀ ਪਟਨਾ ਸਾਹਿਬ ਵਿਚ ਹੋਣ ਵਾਲੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਦੇ ਸਮਾਪਨ ਸਮਾਗਮ ‘ਚ ਖੁੱਲ੍ਹਦਿਲੀ ਤੋਂ ਕੰਮ ਲੈ ਕੇ ਗੁਰੂ ਕੇ ਲੰਗਰ ਲਈ ਵਰਤੀਆਂ ਜਾਂਦੀਆਂ ਚੀਜ਼ਾਂ ਨੂੰ ਜੀ.ਐਸ.ਟੀ ਤੋਂ ਹਰ ਤਰ੍ਹਾਂ ਦੀ ਛੋਟ ਦੇਣ ਲਈ ਮਹੱਤਵਪੂਰਨ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ਮੇਰੀ ਭਰਪੂਰ ਕੋਸ਼ਿਸ਼ ਹੈ ਕਿ ਇਸ ਇਤਿਹਾਸਕ ਸਮਾਗਮ ਤੋਂ ਪਹਿਲਾਂ-ਪਹਿਲਾਂ ਸਾਰੇ ਰਾਜਾਂ ਦੇ ਵਿੱਤ ਮੰਤਰੀਆਂ, ਜੋ ਕਿ ਜੀ.ਐਸ.ਟੀ ਕਾਸਲ ਦੇ ਮੈਂਬਰ ਹਨ ਤੱਕ ਸਿੱਧੀ ਪਹੁੰਚ ਕਰਕੇ ਹੁਣ ਤੱਕ ਪਾਏ ਜਾ ਰਹੇ ਅੜਿੱਕੇ ਨੂੰ ਦੂਰ ਕਰਵਾਵਾਂ। ਉਨ੍ਹਾਂ ਵਿਚਾਰ ਪ੍ਰਗਟ ਕੀਤਾ ਕਿ 25 ਦਸੰਬਰ ਦੇ ਪਟਨਾ ਸਾਹਿਬ ਦੇ ਸਮਾਗਮ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼ਾਮਿਲ ਹੋਣਗੇ ਤੇ ਉਸ ਸਮੇਂ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਮਿਲਣਗੇ ਤੇ ਮਾਨਵਤਾ ਦੇ ਭਲੇ ਲਈ ਮੋਦੀ ਨੂੰ ਗੁਰੂ ਕੇ ਲੰਗਰ ਬਾਰੇ ਹਾਂ ਪੱਖੀ ਹੁੰਗਾਰਾ ਭਰਨ ਲਈ ਪ੍ਰੇਰਿਤ ਕਰਨਗੇ। ਭਾਈ ਲਾਗੋਵਾਲ ਨੇ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵੀ ਮੇਰੀ ਅਪੀਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤੋਂ ਗੁਰੂ ਕੇ ਲੰਗਰ ਬਾਰੇ ਜੀ.ਐਸ.ਟੀ ਤੋਂ ਮੁਕੰਮਲ ਤੌਰ ‘ਤੇ ਕੇਵਲ ਛੋਟ ਦੇਣ ਦਾ ਅਹਿਮ ਐਲਾਨ ਕਰਨ ਬਲਕਿ ਦੇਸ਼ ਭਰ ਦੇ ਦੂਜੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਵੀ ਇਸੇ ਤਰ੍ਹਾਂ ਕਰਨ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜਨਵਰੀ ਦੇ ਪਹਿਲੇ ਹਫ਼ਤੇ ਨਵੀਂ ਦਿੱਲੀ ਵਿਚ ਜੀ.ਐਸ.ਟੀ ਕਾਸਲ ਦੀ ਹੋ ਰਹੀ ਮੀਟਿੰਗ ਤੋਂ ਪਹਿਲਾਂ ਪਹਿਲਾਂ ਮੋਦੀ ਗੁਰੂ ਕੇ ਲੰਗਰ ਬਾਰੇ ਆਪਣੇ ਸਾਥੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਦਿਸ਼ਾ ਨਿਰਦੇਸ਼ ਦੇ ਦੇਣਗੇ।