ਸ਼ਹੀਦੀ ਪੁਰਬ ਤੇ ਪ੍ਰਕਾਸ਼ ਪੁਰਬ ਨੇੜੇ ਨੇੜੇ ਹੋਣ ਕਾਰਨ ਸਿੱਖ ਸੰਗਤ ਦੁਬਿਧਾ ‘ਚ

ਸ਼ਹੀਦੀ ਪੁਰਬ ਤੇ ਪ੍ਰਕਾਸ਼ ਪੁਰਬ ਨੇੜੇ ਨੇੜੇ ਹੋਣ ਕਾਰਨ ਸਿੱਖ ਸੰਗਤ ਦੁਬਿਧਾ ‘ਚ

ਅੰਮ੍ਰਿਤਸਰ/ਬਿਊਰੋ ਨਿਊਜ਼:
ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅਤੇ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਦੋ ਦੋ ਦਿਨ ਦੇ ਫਰਕ ‘ਤੇ ਆਉਣ ਕਾਰਨ ਇਸ ਵਾਰ ਪ੍ਰਕਾਸ਼ ਪੁਰਬ ਪਹਿਲਾਂ ਨਾਲੋਂ ਘੱਟ ਉਤਸ਼ਾਹ ਨਾਲ ਮਨਾਏ ਜਾਣ ਦਾ ਖ਼ਦਸ਼ਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 25 ਦਸੰਬਰ ਨੂੰ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 22 ਦਸੰਬਰ ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 27 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਇਹ ਦਿਹਾੜੇ ਇਕੱਠੇ ਆਉਣ ਕਾਰਨ ਸਿੱਖ ਸੰਗਤ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਕਿਸੇ ਹੋਰ ਤਰੀਕ ‘ਤੇ ਮਨਾਉਣ ਦੇ ਸੁਝਾਅ ਦਿੱਤੇ ਗਏ ਸਨ। ਇਸੇ ਸੰਦਰਭ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਵੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪ੍ਰਕਾਸ਼ ਪੁਰਬ ਪੰਜ ਜਨਵਰੀ ਨੂੰ ਮਨਾਉਣ ਦਾ ਸੁਝਾਅ ਦਿੱਤਾ ਗਿਆ ਸੀ। ਪਰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੇ ਇਸ ਸੁਝਾਅ ਨੂੰ ਰੱਦ ਕਰ ਕੇ ਗੁਰਪੁਰਬ ਪਹਿਲਾਂ ਵਾਲੀ ਤਰੀਕ 25 ਦਸੰਬਰ ਨੂੰ ਹੀ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
ਹੁਣ ਇਸ ਮਾਮਲੇ ਨੂੰ ਲੈ ਕੇ ਸੰਗਤ ਦੁਬਿਧਾ ਵਿੱਚ ਹੈ ਕਿ ਪ੍ਰਕਾਸ਼ ਪੁਰਬ ਤੋਂ ਦੋ ਦਿਨ ਪਹਿਲਾਂ ਅਤੇ ਦੋ ਦਿਨ ਬਾਅਦ ਸ਼ਹੀਦੀ ਪੁਰਬ ਹੈ। ਇਸ ਲਈ ਪ੍ਰਕਾਸ਼ ਪੁਰਬ ਜ਼ਿਆਦਾ ਉਤਸ਼ਾਹ ਨਾਲ ਨਹੀਂ ਮਨਾਇਆ ਜਾ ਸਕੇਗਾ। ਖ਼ਾਸ ਕਰ ਕੇ ਫਤਹਿਗੜ੍ਹ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਸ਼ਹੀਦੀ ਜੋੜ ਮੇਲ ਵੱਡੇ ਪੱਧਰ ‘ਤੇ ਹੁੰਦਾ ਹੈ, ਉਥੇ ਪ੍ਰਕਾਸ਼ ਪੁਰਬ ਵੀ ਸਾਦੇ ਢੰਗ ਨਾਲ ਹੀ ਮਨਾਇਆ ਜਾਵੇਗਾ। ਵੇਰਵਿਆਂ ਮੁਤਾਬਕ ਸ਼ਹੀਦੀ ਜੋੜ ਮੇਲ 25, 26, 27 ਨੂੰ ਮਨਾਇਆ ਜਾ ਰਿਹਾ ਹੈ, ਇਸ ਲਈ ਪ੍ਰਕਾਸ਼ ਪੁਰਬ ਮੌਕੇ ਸਿਰਫ਼ ਅਖੰਡ ਪਾਠ ਦੇ ਭੋਗ ਹੀ ਪਾਏ ਜਾਣਗੇ, ਜਦੋਂਕਿ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਤੇ ਹੋਰ ਥਾਵਾਂ ‘ਤੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪਹਿਲਾ ਵਾਂਗ ਹੀ ਨਗਰ ਕੀਰਤਨ ਸਜਾਇਆ ਜਾਵੇਗਾ, ਪਰ ਕੁਝ ਸਿੱਖ ਸੰਸਥਾਵਾਂ ਜੋ ਸ਼੍ਰੋਮਣੀ ਕਮੇਟੀ ਦੇ ਨਗਰ ਕੀਰਤਨ ਤੋਂ ਇਕ ਦਿਨ ਪਹਿਲਾਂ ਆਪੋ ਆਪਣੇ ਨਗਰ ਕੀਰਤਨ ਸਜਾਉਂਦੀਆਂ ਹਨ, ਇਸ ਵਾਰ ਦੁਬਿਧਾ ਵਿੱਚ ਹਨ ਕਿ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਕਾਰਨ ਉਹ ਨਗਰ ਕੀਰਤਨ ਅਤੇ ਪ੍ਰਭਾਤ ਫੇਰੀਆਂ ਨਹੀਂ ਕੱਢ ਸਕਣਗੀਆਂ।
ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਵੀ ਇਸ ਮੁੱਦੇ ਨੂੰ ਲੈ ਕੇ ਜ਼ੋਰ-ਸ਼ੋਰ ਨਾਲ ਪ੍ਰਚਾਰ ਚੱਲ ਰਿਹਾ ਹੈ ਕਿ ਗੁਰਪੁਰਬ 5 ਜਨਵਰੀ ਨੂੰ ਹੀ ਮਨਾਇਆ ਜਾਵੇ। ਵਿਦੇਸ਼ਾਂ ਵਿਚਲੀਆਂ ਕਈ ਸਿੱਖ ਜਥੇਬੰਦੀਆਂ ਵੱਲੋਂ ਗੁਰਪੁਰਬ 5 ਜਨਵਰੀ ਨੂੰ ਮਨਾਉਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਦੂਜੇ ਪਾਸੇ, ਸ਼੍ਰੋਮਣੀ ਕਮੇਟੀ ਦੇ ਉਚ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਕਿ ਅਕਾਲ ਤਖ਼ਤ ਦੇ ਆਦੇਸ਼ ਮੁਤਾਬਕ ਗੁਰਪੁਰਬ 25 ਦਸੰਬਰ ਨੂੰ ਹੀ ਮਨਾਇਆ ਜਾਵੇਗਾ।

ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਇਆ ਜਾਵੇ: ਗਿਆਨੀ ਕੇਵਲ ਸਿੰਘ
ਪੰਥਕ ਤਾਲਮੇਲ ਸੰਗਠਨ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਗੁਰਪੁਰਬ ਅਤੇ ਸ਼ਹੀਦੀ ਪੁਰਬ ਇਕੱਠੇ ਆਉਣ ਕਾਰਨ ਇਸ ਵਾਰ 95 ਫ਼ੀਸਦ ਸੰਗਤ ਦਾ ਧਿਆਨ ਸ਼ਹੀਦੀ ਪੁਰਬ ਵੱਲ ਹੋਵੇਗਾ। ਉਨ੍ਹਾਂ ਆਖਿਆ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ ਦੇ ਹਾਮੀ ਹਨ ਅਤੇ ਉਨ੍ਹਾਂ ਨਾਲ ਜੁੜੀਆਂ ਜਥੇਬੰਦੀਆਂ ਇਹ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਉਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਵਿਦੇਸ਼ਾਂ ਵਿੱਚ ਅਤੇ ਭਾਰਤ ਵਿੱਚ ਵੀ ਵਧੇਰੇ ਥਾਵਾਂ ‘ਤੇ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੇ। ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਇਆ ਜਾਵੇ।