ਉਡਾਰੀ ਮਾਰ ਗਏ ”ਪਰਦੇਸੀ ਢੋਲਿਆਂ” ਨੂੰ ਮੁੜ ਪਿੰਜਰੇ ‘ਚ ਪਾਉਣ ਦਾ ਇੰਤਜ਼ਾਮ ਹੋਵੇਗਾ

ਉਡਾਰੀ ਮਾਰ ਗਏ ”ਪਰਦੇਸੀ ਢੋਲਿਆਂ” ਨੂੰ ਮੁੜ  ਪਿੰਜਰੇ ‘ਚ ਪਾਉਣ ਦਾ ਇੰਤਜ਼ਾਮ ਹੋਵੇਗਾ

ਨਵੀਂ ਦਿੱਲੀ/ਬਿਊਰੋ ਨਿਊਜ਼ :

ਭਾਰਤ ‘ਚ ਭਗੌੜੇ ਲਾੜਿਆਂ ਬਾਰੇ ਸਖਤ ਕਾਨੂੰਨ ਆਉਣ ਲਈ ਤਿਆਰ ਹੈ। ਵਿਆਹ ਕਰਵਾ ਕੇ ਪਤਨੀ ਨੂੰ ਬਿਨਾਂ ਤਲਾਕ ਦਿੱਤੇ ਵਿਦੇਸ਼ ਜਾਣ ਵਾਲੇ ਪ੍ਰਵਾਸੀ ਭਾਰਤੀ ਭਾਵ ਐਨਆਰਆਈ. ਲਾੜਿਆਂ ਖ਼ਿਲਾਫ਼ ਸ਼ਿਕੰਜਾ ਮਜ਼ਬੂਤ ਕਰਨ ਲਈ ਸਰਕਾਰ ਮੌਜੂਦਾ ਕਾਨੂੰਨ ‘ਚ ਵਿਆਪਕ ਬਦਲਾਅ ਦੀ ਤਿਆਰੀ ‘ਚ ਹੈ। ਤਜਵੀਜ਼ਤ ਬਦਲਾਅ ਤਹਿਤ ਅਜਿਹੇ ਲਾੜਿਆਂ ਦੇ ਨਾਂਅ ‘ਤੇ ਵੈੱਬਸਾਈਟ ਰਾਹੀਂ ਸੰਮਨ ਜਾਰੀ ਕੀਤਾ ਜਾਵੇਗਾ ਅਤੇ ਉਸ ਨੂੰ ਹਾਸਲ ਹੋਇਆ ਵੀ ਮੰਨਿਆ ਜਾਵੇਗਾ। ਅਜਿਹੇ ਪ੍ਰਵਾਸੀ ਭਾਰਤੀ ਪਤੀਆਂ ਨੂੰ ਭਗੌੜਾ ਐਲਾਨ ਕੇ ਉਸ ਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਕਤ ਜਾਣਕਾਰੀ ਦਿੰਦਿਆਂ ਇਹ ਵੀ ਕਿਹਾ ਕਿ ਸਰਕਾਰ ਇਸ ਸਬੰਧੀ ਬਿੱਲ ਸੰਸਦ ਦੇ ਸਰਦ ਰੁੱਤ ਇਜਲਾਸ ‘ਚ ਪੇਸ਼ ਕਰੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਐਨਆਰਆਈ. ਕਮਿਸ਼ਨ ਦੇ ਸਾਬਕਾ ਪ੍ਰਧਾਨ ਜਸਟਿਸ ਅਰਵਿੰਦ ਗੋਇਲ ਦੀ ਅਗਵਾਈ ਹੇਠ 2016 ‘ਚ ਬਣੇ ਪੈਨਲ ਨੇ ਕਾਨੂੰਨ ‘ਚ ਬਦਲਾਅ ਦੀ ਸਿਫ਼ਾਰਸ਼ ਕੀਤੀ ਸੀ। ਵਿਦੇਸ਼ ਮੰਤਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਬੰਧ ‘ਚ ਬਿੱਲ ਦਾ ਖ਼ਾਕਾ ਤਿਆਰ ਕਰ ਲਿਆ ਗਿਆ ਹੈ ਅਤੇ ਛੇਤੀ ਹੀ ਇਸ ਨੂੰ ਮੰਤਰੀ ਮੰਡਲ ਕੋਲ ਭੇਜਿਆ ਜਾਵੇਗਾ। ਮੰਤਰਾਲੇ ਵਲੋਂ ਇਸ ਸਬੰਧ ‘ਚ ਚੁੱਕੇ ਜਾਣ ਵਾਲੇ ਕਦਮਾਂ ‘ਚ ਸਭ ਤੋਂ ਪਹਿਲਾਂ ਅਜਿਹੀ ਵੈੱਬਸਾਈਟ ਬਣਾਉਣ ਲਈ ਜਿਥੇ ਸੰਮਨ ਅਤੇ ਵਾਰੰਟ ਜਾਰੀ ਕੀਤੇ ਜਾਣਗੇ, ਜ਼ਾਬਤਾਏ ਫ਼ੌਜਦਾਰੀ ਤਰਮੀਮ ਕਰਨ ਦੀ ਲੋੜ ਪਵੇਗੀ, ਤਾਂ ਜੋ ਜ਼ਿਲ੍ਹਾ ਮੈਜਿਸਟ੍ਰੇਟ ਵੈੱਬਸਾਈਟ ‘ਤੇ ਅਪਲੋਡ ਕੀਤੇ ਸੰਮਨ ਅਤੇ ਵਾਰੰਟਾਂ ਨੂੰ ਭਾਰਤੀ ਕਾਨੂੰਨ ਤਹਿਤ ਹਾਸਲ ਹੋਇਆ ਮੰਨਿਆ ਜਾ ਸਕੇ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਐਨ. ਆਰ. ਆਈ. ਵਿਆਹਾਂ ਸਬੰਧੀ ਦਿੱਕਤਾਂ ਨਾਲ ਨਜਿੱਠਣ ਸਬੰਧੀ ਮੁੱਦਿਆਂ ‘ਤੇ ਕੀਤੀ ਪ੍ਰੈੱਸ ਕਾਨਫ਼ਰੰਸ ‘ਚ ਕਿਹਾ ਕਿ ਵਿਦੇਸ਼ ਮੰਤਰਾਲਾ, ਕਾਨੂੰਨ ਮੰਤਰਾਲਾ, ਗ੍ਰਹਿ ਮੰਤਰਾਲਾ ਅਤੇ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰਾਲਾ ਇਸ ਵੈੱਬਸਾਈਟ ਨੂੰ ਸ਼ੁਰੂ ਕਰਨ ਦੀ ਯੋਜਨਾ ‘ਤੇ ਰਾਜ਼ੀ ਹੋ ਗਏ ਹਨ ਅਤੇ ਇਸ ਸਬੰਧੀ ਤਰਮੀਮ ਨੂੰ ਛੇਤੀ ਹੀ ਮੰਤਰੀ ਮੰਡਲ ਦੀ ਬੈਠਕ ‘ਚ ਪ੍ਰਵਾਨਗੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਥੇ ਦੱਸਣਯੋਗ ਹੈ ਕਿ ਅਜੇ ਤੱਕ ਇਸ ਸਬੰਧ ‘ਚ ਅਖ਼ਬਾਰਾਂ ‘ਚ ਸੰਮਨ ਭੇਜੇ ਜਾਂਦੇ ਹਨ, ਜਿਸ ਨੂੰ ਐਨਆਰਆਈ. ਲਾੜੇ ‘ਨਾ ਪੜ੍ਹਨ’ ਦਾ ਹਵਾਲਾ ਦੇ ਕੇ ਇਸ ਦਾ ਜਵਾਬ ਨਹੀਂ ਦਿੰਦੇ। ਸਰਕਾਰ ਵਲੋਂ ਉਸ ਖ਼ਿਲਾਫ਼ ਕੋਈ ਵੀ ਕਾਨੂੰਨੀ ਕਾਰਵਾਈ ਸ਼ੁਰੂ ਕਰਨ ‘ਚ ਸਭ ਤੋਂ ਵੱਡੀ ਰੁਕਾਵਟ ਉਸ ਨੂੰ ਨੋਟਿਸ ਭੇਜਣਾ ਹੀ ਹੁੰਦਾ ਹੈ, ਕਿਉਂਕਿ ਜ਼ਿਆਦਾਤਰ ਪ੍ਰਵਾਸੀ ਆਪਣੀ ਪਤਨੀ ਜਾਂ ਉਸ ਦੇ ਪਰਿਵਾਰ ਨੂੰ ਆਪਣਾ ਸਹੀ ਪਤਾ ਤੱਕ ਨਹੀਂ ਦੱਸਦੇ। ਇਸ ਤੋਂ ਪਹਿਲਾਂ ਚੁੱਕੇ ਕਦਮਾਂ ‘ਚ ਸਰਕਾਰ ਨੇ ਜੂਨ ‘ਚ ਇਹ ਐਲਾਨ ਵੀ ਕੀਤਾ ਸੀ ਕਿ ਭਾਰਤ ‘ਚ ਵਿਆਹ ਕਰਵਾਉਣ ਵਾਲੇ ਐਨਆਰਆਈ. ਲਾੜਿਆਂ ਨੂੰ ਵਿਆਹ ਤੋਂ ਇਕ ਹਫ਼ਤੇ ਅੰਦਰ ਹੀ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ ਅਤੇ ਉਨ੍ਹਾਂ ਨੂੰ ਆਪਣੇ ਪਾਸਪੋਰਟ ‘ਤੇ ਵੀ ਇਸ ਸਬੰਧੀ ਜਾਣਕਾਰੀ ਦਰਜ ਕਰਵਾਉਣੀ ਪਵੇਗੀ। ਅਜਿਹਾ ਨਾ ਕਰਨ ਵਾਲਿਆਂ ਦਾ ਪਾਸਪੋਰਟ ਜ਼ਬਤ ਕੀਤੇ ਜਾਣ ਦਾ ਇੰਤਜ਼ਾਮ ਵੀ ਰੱਖਿਆ ਗਿਆ ਹੈ। ਅਜੇ ਤੱਕ ਪੰਜਾਬ ਸਮੇਤ ਕੁਝ ਹੀ ਰਾਜ ਅਜਿਹੇ ਹਨ, ਜਿਥੇ ਵਿਆਹ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੈ। ਭਗੌੜੇ ਲਾੜਿਆਂ ਬਾਰੇ ਉਂਝ ਤਾਂ ਸਰਕਾਰੀ ਅੰਕੜੇ ਖ਼ਾਸ ਉਪਲਬਧ ਨਹੀਂ ਹਨ ਪਰ ਗ਼ੈਰ-ਸਰਕਾਰੀ ਸੰਸਥਾਵਾਂ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਸਿਰਫ਼ ਪੰਜਾਬ ਅਤੇ ਗੁਜਰਾਤ ‘ਚ 25 ਹਜ਼ਾਰ ਤੋਂ ਵੱਧ ਅਜਿਹੀਆਂ ਲੜਕੀਆਂ ਹਨ, ਜਿਨ੍ਹਾਂ ਦੇ ਪਤੀ ਵਿਆਹ ਤੋਂ ਤੁਰੰਤ ਬਾਅਦ ਬਿਨਾਂ ਦੱਸੇ ਵਿਦੇਸ਼ ਚਲੇ ਗਏ। ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੂੰ ਇਸ ਸਬੰਧ ‘ਚ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿਸ ‘ਚ ਪ੍ਰਵਾਸੀ ਪਤੀ ਆਪਣੀਆਂ ਪਤਨੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤਸੀਹੇ ਦਿੰਦੇ ਹਨ। ਵਿਦੇਸ਼ ਮੰਤਰਾਲੇ ਮੁਤਾਬਿਕ ਪਿਛਲੇ 3 ਸਾਲਾਂ ‘ਚ ਭਾਰਤ ‘ਚ ਰਹਿ ਰਹੀਆਂ ਔਰਤਾਂ ਤੋਂ 3328 ਅਜਿਹੀਆਂ ਸ਼ਿਕਾਇਤਾਂ ਮਿਲੀਆਂ ਹਨ, ਜਿਸ ‘ਚ ਉਨ੍ਹਾਂ ਦੇ ਐਨਆਰਆਈ. ਪਤੀ ਉਨ੍ਹਾਂ ਨੂੰ ਛੱਡ ਕੇ ਚਲੇ ਗਏ। ਐਨਆਰਆਈ. ਪਤੀਆਂ ਨੂੰ ਭੇਜੇ ਸੰਮਨਾਂ ਦੀ ਨਿਗਰਾਨੀ ਲਈ ਇਕ ਅੰਤਰ ਮੰਤਰਾਲਾ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ, ਜਿਸ ਦੀ ਨਿਗਰਾਨੀ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰਾਲੇ ਵਲੋਂ ਕੀਤੀ ਜਾਵੇਗੀ। ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਦੀ ਸ਼ੁਰੂਆਤ ਵਜੋਂ ਅਜਿਹੇ 8 ਐਨਆਰਆਈ. ਪਤੀਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਗਏ ਹਨ, ਜੋ ਆਪਣੀਆਂ ਪਤਨੀਆਂ ਨੂੰ ਛੱਡ ਕੇ ਚਲੇ ਗਏ ਹਨ।