31 ਹਜ਼ਾਰ ਕਰੋੜ ਦੇ ਅਨਾਜ ਘੁਟਾਲੇ ਦੀ ਜਾਂਚ ਵਿਜੀਲੈਂਸ ਕਰੇਗੀ : ਕੈਪਟਨ ਅਮਰਿੰਦਰ ਸਿੰਘ

31 ਹਜ਼ਾਰ ਕਰੋੜ ਦੇ ਅਨਾਜ ਘੁਟਾਲੇ ਦੀ ਜਾਂਚ ਵਿਜੀਲੈਂਸ ਕਰੇਗੀ : ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 31 ਹਜ਼ਾਰ ਕਰੋੜ ਰੁਪਏ ਦੇ ਅਨਾਜ ਘੁਟਾਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪਣ ਦਾ ਐਲਾਨ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਸਰਕਾਰ ਇਸ ਘੁਟਾਲੇ ਦੀ ਜੜ੍ਹ ਤੱਕ ਜਾਵੇਗੀ ਅਤੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣਾ ਯਕੀਨੀ ਬਣਾਇਆ ਜਾਵੇਗਾ।
ਪੰਜਾਬ ਵਿਧਾਨ ਸਭਾ ਦੀ ਪ੍ਰੈੱਸ ਲੌਂਜ ਵਿੱਚ ਪੱਤਰਕਾਰਾਂ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਕਿਸਾਨਾਂ ਦੀ ਇਕ ਇੰਚ ਜ਼ਮੀਨ ਵੀ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ ਤੇ ਸੂਬਾ ਸਰਕਾਰ ਜ਼ਮੀਨਾਂ ਦੀ  ਕੁਰਕੀ ਨੂੰ ਰੋਕਣ ਲਈ ਅਗਾਮੀ ਬਜਟ ਸ਼ੈਸ਼ਨ ਵਿੱਚ ਬਿੱਲ ਲਿਆਵੇਗੀ। ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਇਹ ਨਿਰਦੇਸ਼ ਦੇ ਦਿੱਤੇ ਗਏ ਹਨ ਕਿ ਉਹ ਬਕਾਇਆ ਨਾ ਦੇਣ ਦੀ ਸੂਰਤ ਵਿੱਚ ਕਿਸਾਨਾਂ ਖ਼ਿਲਾਫ਼ ਨਿਲਾਮੀ ਨੋਟਿਸ ਜਾਰੀ ਨਾ ਕਰਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਕਰਜ਼ੇ ਸਬੰਧੀ ਬੈਂਕਾਂ ਨਾਲ ਗੱਲਬਾਤ ਕਰੇਗੀ। ਕਣਕ ਦੀ ਖ਼ਰੀਦ ਲਈ ਕੇਂਦਰ ਸਰਕਾਰ ਵੱਲੋਂ ਕਰਜ਼ੇ ਦੀ ਹੱਦ ਸੀਸੀਐੱਲ ਜਾਰੀ ਕਰਨ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਵਿੱਤ ਮੰਤਰੀ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ਬਾਰੇ ਕੇਂਦਰ ਸਰਕਾਰ ਤੇ ਸਬੰਧਤ ਬੈਂਕਾਂ ਨਾਲ ਗੱਲਬਾਤ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਮਾੜੀ ਆਰਥਿਕ ਹਾਲਤ ਬਾਰੇ ‘ਵ੍ਹਾਈਟ ਪੇਪਰ’ ਛੇਤੀ ਹੀ ਜਨਤਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ‘ਵ੍ਹਾਈਟ ਪੇਪਰ’ ਲੋਕਾਂ ਦੀਆਂ ਅੱਖਾਂ ਖੋਲ੍ਹੇਗਾ ਅਤੇ ਉਨ੍ਹਾਂ ਨੂੰ ਤਤਕਾਲੀ ਅਕਾਲੀ-ਭਾਜਪਾ ਸਰਕਾਰ ਦੇ ਇੱਕ ਦਹਾਕੇ ਦੌਰਾਨ ਹੋਈਆਂ ਬੇਨਿਯਮੀਆਂ ਤੋਂ ਜਾਣੂ ਕਰਵਾਏਗਾ।
ਪੰਜਾਬ ਤੋਂ ਚੰਡੀਗੜ੍ਹ ਪ੍ਰਸ਼ਾਸਨ ਲਈ ਭੇਜੇ ਜਾਣ ਵਾਲੇ ਅਫ਼ਸਰਾਂ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਆਪਣੇ ਮੁੱਖ ਪ੍ਰਮੁੱਖ ਸਕੱਤਰ ਨੂੰ ਆਖਿਆ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਪੰਜਾਬ ਤੇ ਹਰਿਆਣਾ ਪੁਨਰਗਠਨ ਐਕਟ ਅਨੁਸਾਰ ਚੰਡੀਗੜ੍ਹ ਵਿੱਚ ਮੌਜੂਦਾ 60:40 ਦਾ ਅਨੁਪਾਤ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਉਹ ਇਸ ਸਬੰਧੀ ਪੰਜਾਬ ਦੇ ਰਾਜਪਾਲ ਨਾਲ ਵੀ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਹੋਈਆਂ ਬੇਅਦਬੀ ਦੀਆਂ ਸਾਰੀਆਂ ਘਟਨਾਵਾਂ ਦੀ ਵੀ ਸੂਬਾ ਸਰਕਾਰ ਜਾਂਚ ਕਰ ਰਹੀ ਹੈ।ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਵਿੱਚ ਕੀਤੇ ਗਏ ਮੁਜ਼ਾਹਰੇ ਸਬੰਧੀ ਮੁੱਖ ਮੰਤਰੀ ਨੇ ‘ਆਪ’ ਨੂੰ ਅਰਾਜਕਤਾਵਾਦੀ ਪਾਰਟੀ ਦੱਸਦਿਆਂ ਕਿਹਾ ਕਿ ਅਜਿਹਾ ਕਰਨਾ ਇਸ ਪਾਰਟੀ ਦੇ ਆਗੂਆਂ ਦਾ ਸੁਭਾਅ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਰੌਲਾ ਬੈਂਸ ਭਰਾਵਾਂ ਦੀਆਂ ਸੀਟਾਂ ਦੇ ਮਸਲੇ ‘ਤੇ ਕੀਤਾ ਗਿਆ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕੰਦੂਖੇੜਾ ਪਿੰਡ ਨਾਲ ਉਨ੍ਹਾਂ ਦਾ ਨਿੱਜੀ ਸਬੰਧ ਹੈ ਅਤੇ ਉਹ ਇਸ ਪਿੰਡ ਦੇ ਵਿਕਾਸ ਲਈ ਲੋੜੀਂਦੇ ਕਦਮ ਚੁੱਕਣਗੇ।
ਬੁਝੀ ਹੀ ਰਹੇਗੀ ਲਾਲ ਬੱਤੀ  :
ਮੰਤਰੀਆਂ ਦੀਆਂ ਗੱਡੀਆਂ ‘ਤੇ ਲਾਲ ਬੱਤੀ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਅਨੁਸਾਰ ਲਾਲ ਬੱਤੀ ਨੀਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਵੀਆਈਪੀ ਕਲਚਰ ਖਤਮ ਕਰਨ ਲਈ ਵਚਨਬੱਧ ਹੈ ਅਤੇ ਮੰਤਰੀ ਮੰਡਲ ਵੱਲੋਂ ਇਸ ਬਾਰੇ ਦਿੱਤੇ ਫੈਸਲੇ ਨੂੰ ਛੱਡ ਕੇ ਹੋਰ ਕੋਈ ਵੀ ਛੋਟ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਉਹ ਅਤੇ ਕੈਬਨਿਟ ਮੰਤਰੀ ਲਾਲ ਬੱਤੀ ਦੀ ਵਰਤੋਂ ਨਹੀਂ ਕਰਨਗੇ। ਮੁੱਖ ਮੰਤਰੀ ਨੇ ਗਲਤ ਹੁਕਮ ਭੇਜਣ ਵਾਲੇ ਅਧਿਕਾਰੀ/ਕਰਮਚਾਰੀ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ। ਇਸੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ  ਵੀਵੀਆਈਪੀ ਰੂਟ ‘ਤੇ ਪੁਲੀਸ ਮੁਲਾਜ਼ਮਾਂ ਨੂੰ ਤਾਇਨਾਤ ਕਰਨ ਦੀ ਪ੍ਰਣਾਲੀ ਖਤਮ ਕਰਕੇ ਇਨ੍ਹਾਂ ਮੁਲਾਜ਼ਮਾਂ ਦੀਆਂ ਡਿਊਟੀਆਂ ਪੁਲੀਸ ਦੇ ਕੰਮ ਕਾਜ ਵਿੱਚ ਬਿਹਤਰੀ ਲਿਆਉਣ ਲਈ  ਲਾਈਆਂ ਜਾਣਗੀਆਂ।