ਭਾਈ ਦਾਦੂਵਾਲ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ‘ਚ ਬਾਦਲ ਧੜੇ ਨੂੰ ਹਰਾਉਣ ਦਾ ਸੱਦਾ

ਭਾਈ ਦਾਦੂਵਾਲ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ‘ਚ ਬਾਦਲ ਧੜੇ ਨੂੰ ਹਰਾਉਣ ਦਾ ਸੱਦਾ

ਕੈਪਸ਼ਨ- ਸਮਾਗਮ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਦੇ ਹੋਏ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਹੋਰ।
ਨੂਰਪੁਰ ਬੇਦੀ/ਬਿਊਰੋ ਨਿਊਜ਼ :
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਇੱਥੇ ਧਰਮ ਯੁੱਧ ਮੋਰਚੇ ਦੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਕਰਾਏ ਇਕ ਸਮਾਗਮ ਦੌਰਾਨ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀਆਂ ਚੋਣਾਂ ਵਿਚ ਸੰਗਤਾਂ ਦੇ ਸਹਿਯੋਗ ਨਾਲ ਬਾਦਲ ਧੜੇ ਨੂੰ ਲਾਂਭੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਕਮੇਟੀ ਕਾਰਜਸ਼ੈਲੀ ਵਿਚ ਬੇਲੋੜੀ ਦਖ਼ਲਅੰਦਾਜ਼ੀ ਕਰਕੇ ਗੁਰੂ ਦੀਆਂ ਗੋਲਕਾਂ ਵਿਚੋਂ ਕਰੋੜਾਂ ਰੁਪਏ ਲੁੱਟੇ ਹਨ ਤੇ ਪੰਥ ਦੇ ਸਿਧਾਂਤਾ ਦੀ ਮਰਿਆਦਾ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਜਥੇਦਾਰ ਦਾਦੂਵਾਲ ਨੇ 1982 ਵਿਚ ਧਰਮ ਯੁੱਧ ਮੋਰਚੇ ਦੌਰਾਨ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ 34 ਸਿੰਘਾਂ ਦੀ ਬਰਸੀ ਮੌਕੇ ਉਨ੍ਹਾਂ ਦੇ ਰਵਾਇਤੀ ਸ਼ਹੀਦੀ ਅਸਥਾਨ ਗੁਰਦੁਆਰਾ 34 ਸ਼ਹੀਦ ਸਿੰਘਾਂ ਸਰਾਏ ਪੱਤਣ ਵਿਖੇ ਸਾਲਾਨਾ ਜੋੜ ਮੇਲੇ ਦੌਰਾਨ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਪਰਿਵਾਰਾਂ ਨਾਲ ਹੁਣ ਹਮਦਰਦੀ ਦਿਖਾਉਣ ਵਾਲਿਆਂ ਨੇ 1982 ਤੋਂ ਲੈ ਕੇ ਹੁਣ ਤਕ ਕਦੇ ਉਨ੍ਹਾਂ ਦੀ ਸਾਰ ਨਹੀਂ ਲਈ ਤੇ ਹੁਣ ਨੌਕਰੀਆਂ ਦੇਣ ਦੇ ਨਾਂ ‘ਤੇ ਸਿਆਸਤ ਕਰ ਰਹੇ ਹਨ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਬੇਅਦਬੀਆਂ ਦੇ ਦੋਸ਼ੀਆਂ ਦਾ ਨਾ ਫੜ੍ਹੇ ਜਾਣਾ ਸਿਆਸਤ ਦੀ ਦੋਗਲੀ ਨੀਤੀ ਨੂੰ ਨੰਗਾ ਕਰਦਾ ਹੈ। ਇਸ ਮੌਕੇ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਦੇ ਭੋਗ ਪਾਏ ਗਏ ਤੇ ਸ਼ਹੀਦ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ, ਜਥੇਦਾਰ ਬਚਨ ਸਿੰਘ ਬੈਂਸ, ਵਿਧਾਇਕ ਅਮਰਜੀਤ ਸਿੰਘ ਸੰਦੋਆ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਰਨੈਲ ਸਿੰਘ ਔਲਖ, ਉਜਾਗਰ ਸਿੰਘ ਵਡਾਲੀ, ਬਾਬਾ ਗੁਰਚਰਨ ਸਿੰਘ ਸ਼ਹੀਦੀ ਬਾਗ ਵੀ ਹਾਜ਼ਰ ਸਨ।