ਈਦ-ਉਲ-ਜ਼ੁਹਾ ਪੂਰੇ ਉਤਸ਼ਾਹ ਨਾਲ ਮਨਾਈ ਗਈ

ਈਦ-ਉਲ-ਜ਼ੁਹਾ ਪੂਰੇ ਉਤਸ਼ਾਹ ਨਾਲ ਮਨਾਈ ਗਈ

ਈਦ-ਉਲ-ਜ਼ੁਹਾ ਦੇ ਮੌਕੇ ਤਿਰੂਵਨੰਤਪੁਰਮ (ਕੇਰਲਾ) ਵਿਚ ਦੋ ਮੁਸਲਿਮ ਔਰਤਾਂ ਗਲੇ ਮਿਲ ਕੇ ਮੁਬਾਰਕਬਾਦ ਸਾਂਝੀ ਕਰਦੀਆਂ ਹੋਈਆਂ।

ਨਵੀਂ ਦਿੱਲੀ/ਬਿਊਰੋ ਨਿਊਜ਼ :

ਪੰਜਾਬ ਸਮੇਤ ਦੇਸ਼ ਭਰ ਵਿਚ ਈਦ ਉਲ ਅਜ਼੍ਹਾ (ਬਕਰੀਦ) ਪੂਰੇ ਉਤਸ਼ਾਹ ਤੇ ਜੋਸ਼ੋ ਖਰੋਸ਼ ਨਾਲ ਮਨਾਈ ਗਈ। ਮੁਸਲਿਮ ਭਾਈਚਾਰੇ ਨੇ ਮਸਜਿਦਾਂ ਵਿਚ ਨਮਾਜ਼ ਅਦਾ ਕੀਤੀ ਅਤੇ ਸ਼ਾਨਦਾਰ ਲਿਬਾਸ ਪਹਿਨਕੇ ਤਿਉਹਾਰ ਦੀ ਖੁਸ਼ੀ ਦੁੱਗਣੀ ਕਰ ਦਿੱਤੀ। ਰਾਜਧਾਨੀ ਦਿੱਲੀ ਵਿਚ ਈਦ ਦੀ ਨਮਾਜ਼ ਤੋਂ ਬਾਅਦ ਲੋਕ ਤੁਰੰਤ ਪਸ਼ੂਆਂ ਦੀ ਬਲੀ ਦੇਣ ਦੀ ਰਸਮ ਵਿਚ ਰੁਝ ਗਏ। ਦਿੱਲੀ ਵਿਚ ਹੁੰਮਸ ਭਰੇ ਮੌਸਮ ਦੇ ਬਾਵਜੂਦ ਸ਼ਰਧਾਲੂ ਜਾਮਾ ਮਸਜਿਦ, ਫਤਿਹਪੁਰੀ ਮਸਜਿਦ, ਸੁਨਹਿਰੀ ਮਸਜਿਦ ਅਤੇ ਦਰਗਾਹ ਹਜ਼ਰਤ ਨਿਜ਼ਾਮੂਦੀਨ ਵਿੱਚ ਭਾਰੀ ਗਿਣਤੀ ਵਿਚ ਇੱਕਤਰ ਹੋਏ ਅਤੇ ਨਮਾਜ਼ ਅਦਾ ਕੀਤੀ।
ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਵਿਚ ਹਜ਼ਰਤ ਬਲ, ਇਲੌਚੀ ਬਾਗ ਸਮੇਤ ਵਾਦੀ ਵਿਚ ਹੋਰ ਵੱਖ-ਵੱਖ ਥਾਵਾਂ ਉੱਤੇ ਈਦ ਉਲ ਅਜ਼੍ਹਾ ਪੂਰੇ ਉਤਸ਼ਾਹ ਨਾਲ ਮਨਾਈ ਗਈ ਅਤੇ ਪੱਥਰਬਾਜ਼ੀ ਦੀਆਂ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਵਾਦੀ ਵਿਚ ਸ਼ਾਂਤੀ ਬਣੀ ਰਹੀ।
ਅਜਮੇਰ ਦਰਗਾਹ ਦੇ ਦੀਵਾਨ ਜ਼ੈਨੁਲ ਅਬੇਦੀਨ ਅਲੀ ਖਾਨ ਨੇ ਈਦ ਦੀ ਵਧਾਈ ਦਿੰਦਿਆਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਕਿਹਾ ਕਿ ਮੁਹੰਮਦ ਸਾਹਿਬ ਨੇ ਅਮਨ ਅਤੇ ਆਪਸੀ ਸਾਂਝ ਦਾ ਸੁਨੇਹਾ ਦਿੱਤਾ ਹੈ। ਅਤਿਵਾਦ ਦਾ ਇਸਲਾਮ ਦੇ ਨਾਲ ਕੋਈ ਸਬੰਧ ਨਹੀਂ ਹੈ। ਜੇ ਕੋਈ ਇਸ ਨੂੰ ਅਤਿਵਾਦੀ ਧਰਮ ਵਜੋਂ ਪੇਸ਼ ਕਰਦਾ ਹੈ ਤਾਂ ਉਹ ਸਿਰਫ ਨਫਰਤ ਫੈਲਾਉਣ ਦਾ ਪਾਤਰ ਹੀ ਬਣ ਰਿਹਾ ਹੈ।