ਸ੍ਰੀ ਹਰਿਮੰਦਰ ਸਾਹਿਬ ‘ਚ ਬੀਬੀਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਦੇਣ ਬਾਰੇ ਹਾਲੇ ਤਕ ਸ਼੍ਰੋਮਣੀ ਕਮੇਟੀ ਨੇ ਫੈਸਲਾ ਨਹੀਂ ਲਿਆ

ਸ੍ਰੀ ਹਰਿਮੰਦਰ ਸਾਹਿਬ ‘ਚ ਬੀਬੀਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਦੇਣ ਬਾਰੇ ਹਾਲੇ ਤਕ ਸ਼੍ਰੋਮਣੀ ਕਮੇਟੀ ਨੇ ਫੈਸਲਾ ਨਹੀਂ ਲਿਆ

ਜਲੰਧਰ/ਮੇਜਰ ਸਿੰਘ :
ਸਿੱਖ ਧਰਮ ਵਿਚ ਔਰਤਾਂ ਨੂੰ ਬਰਾਬਰਤਾ ਅਤੇ ਹਰ ਤਰ੍ਹਾਂ ਦਾ ਸਨਮਾਨ ਦਿੱਤੇ ਜਾਣ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਬੀਬੀਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਨਾ ਹੋਣ ਦੀ ਚਲੀ ਆ ਰਹੀ ਰਵਾਇਤ ਖਿਲਾਫ ਪਿਛਲੇ ਕਰੀਬ ਦੋ ਦਹਾਕੇ ਤੋਂ ਅਵਾਜ਼ ਉਠਦੀ ਆ ਰਹੀ ਹੈ, ਪਰ ਸਿੱਖਾਂ ਦੀ ਚੁਣੀ ਹੋਈ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਬਉੱਚ ਧਾਰਮਿਕ ਸ਼ਖਸੀਅਤ ਸਿੱਖ ਤਖ਼ਤਾਂ ਦੇ ਪੰਜ ਸਿੰਘ ਸਾਹਿਬਾਨ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ। ਸੰਨ 2000 ਵਿਚ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਸਮੇਂ ਇਹ ਮਾਮਲਾ ਉੱਠਿਆ ਸੀ ਕਿ ਜੇਕਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਇਕ ਬੀਬੀ ਬਣ ਸਕਦੀ ਹੈ ਤਾਂ ਫਿਰ ਸ੍ਰੀ ਹਰਿਮੰਦਰ ਸਾਹਿਬ ਵਿਚ ਬੀਬੀਆਂ ਦੇ ਕੀਰਤਨ ਕਰਨ ਦੀ ਮਨਾਹੀ ਕਿਉਂ ਹੈ? ਉਸ ਸਮੇਂ ਇਸ ਰਵਾਇਤ ਨੂੰ ਖਤਮ ਕਰਨ ਦੇ ਯਤਨ ਵੀ ਸ਼ੁਰੂ ਹੋਏ, ਪਰ ਬੀਬੀ ਨੂੰ ਪ੍ਰਧਾਨਗੀ ਤੋਂ ਫਾਰਗ ਹੋਣ ਨਾਲ ਗੱਲ ਉਥੇ ਹੀ ਰੁਕ ਗਈ। ਵਰਨਣਯੋਗ ਹੈ ਕਿ ਸਿੱਖ ਧਰਮ ਵਿਚ ਬੀਬੀਆਂ ਨੂੰ ਗੁਰਦੁਆਰਿਆਂ ਵਿਚ ਜਾਣ, ਸਰੋਵਰਾਂ ਵਿਚ ਇਸ਼ਨਾਨ ਕਰਨ, ਲੰਗਰ ਵਿਚ ਜਾਣ ਤੇ ਸੇਵਾ ਕਰਨ ਅਤੇ ਇਥੋਂ ਤੱਕ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਛੱਡ ਕੇ ਬਾਕੀ ਸਭ ਥਾਵਾਂ ਉੱਪਰ ਬੀਬੀਆਂ ਨੂੰ ਕੀਰਤਨ ਕਰਨ ਦੀ ਵੀ ਖੁੱਲ੍ਹ ਹੈ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬੀਬੀਆਂ ਨੂੰ ਕੀਰਤਨ ਕਰਨ ਬਾਰੇ ਮਨਾਹੀ ਦਾ ਕਦੇ ਕੋਈ ਫੈਸਲਾ ਨਹੀਂ ਹੋਇਆ। ਲੰਬੇ ਸਮੇਂ ਤੋਂ ਇਹ ਰਵਾਇਤ ਚਲੀ ਆ ਰਹੀ ਹੈ। ਰਵਾਇਤ ਬਦਲਣ ਲਈ ਸਮਾਂ ਵੀ ਚਾਹੀਦਾ ਹੈ ਤੇ ਉਥੇ ਹਜ਼ੂਰੀ ਰਾਗੀ ਵਜੋਂ ਕੀਰਤਨ ਵਿਚ ਮਾਹਰ ਤੇ ਸਮਰੱਥ ਬੀਬੀਆਂ ਵੀ ਚਾਹੀਦੀਆਂ ਹਨ। ਉਂਝ ਬੀਬੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਸਰਗਰਮੀ ਵਿਚ ਸ਼ਾਮਲ ਹੋਣ ਤੇ ਅਗਵਾਈ ਕਰਨ ਦੀ ਕੋਈ ਮਨਾਹੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਕਾਰਜਕਾਲ ਵਿਚ ਕੀਰਤਨ ਕਰਨ ਵਾਲੀਆਂ ਬੀਬੀਆਂ ਦੇ ਨਾਂਅ ਮੰਗੇ ਸਨ ਪਰ ਕਿਸੇ ਨੇ ਵੀ ਦਰਖਾਸਤ ਨਹੀਂ ਸੀ ਦਿੱਤੀ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਧਿਕਾਰ ਹੇਠ ਹੈ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਵਿਸਥਾਰ ਵਿਚ ਗੱਲ ਕਰਨ ਦੀ ਬਜਾਏ ਏਨਾ ਹੀ ਆਖਿਆ ਕਿ ਕਿਸੇ ਨੇ ਅਜਿਹਾ ਮਾਮਲਾ ਅਜੇ ਤੱਕ ਸ੍ਰੀ ਅਕਾਲ ਤਖ਼ਤ ਅੱਗੇ ਪੇਸ਼ ਨਹੀਂ ਕੀਤਾ। ਸ਼੍ਰੋਮਣੀ ਕਮੇਟੀ ਵਿਚ ਅਹਿਮ ਅਹੁਦਿਆਂ ਉੱਪਰ ਰਹਿ ਚੁੱਕੇ ਬੀਬੀ ਕਿਰਨਜੋਤ ਕੌਰ ਦਾ ਕਹਿਣਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ਬਾਰੇ ਰਵਾਇਤ ਕੋਈ ਸਿਧਾਂਤਕ ਮਸਲਾ ਨਹੀਂ। ਸਮਾਜਿਕ ਤਬਦੀਲੀਆਂ ਦੇ ਨਾਲ-ਨਾਲ ਸਾਨੂੰ ਅਜਿਹੀਆਂ ਰਵਾਇਤਾਂ ਨੂੰ ਵੀ ਬਦਲਣਾ ਪਵੇਗਾ। ਉਨ੍ਹਾਂ ਕਿਹਾ ਕਿ ਮਹੰਤਾਂ ਦੇ ਕਬਜ਼ੇ ਸਮੇਂ ਔਰਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਹੇਠਲੀ ਮੰਜ਼ਿਲ ‘ਤੇ ਬੈਠਣ ਦੀ ਮਨਾਹੀ ਸੀ ਤੇ ਉਹ ਪਹਿਲੀ ਮੰਜ਼ਿਲ ਉੱਪਰ ਹੀ ਬੈਠ ਸਕਦੀਆਂ ਸਨ। ਸਮੇਂ ਦੇ ਨਾਲ ਇਹ ਰਵਾਇਤ ਬਦਲ ਗਈ। ਉੱਚ ਧਾਰਮਿਕ ਹਲਕਿਆਂ ਵਿਚ ਇਹ ਗੱਲ ਵੀ ਚਰਚਾ ਦਾ ਵਿਸ਼ਾ ਹੈ ਕਿ ਸਿਆਸੀ ਦਬਾਅ ਹੇਠ ਅਨੇਕਾਂ ਧਾਰਮਿਕ ਮਸਲਿਆਂ ਬਾਰੇ ਫੈਸਲੇ ਝੱਟ ਲਏ ਜਾਂਦੇ ਹਨ, ਪਰ ਇਸ ਮਾਮਲੇ ਬਾਰੇ ਕਿਸੇ ਉੱਚ ਸਿਆਸੀ ਸ਼ਕਤੀ ਜਾਂ ਉਸ ਦੇ ਚਹੇਤੇ ਦੀ ਕੋਈ ਮਜਬੂਰੀ ਨਹੀਂ। ਇਸ ਕਰਕੇ ਕੋਈ ਵੀ ਇਹ ਫੈਸਲਾ ਲੈਣ ਨੂੰ ਤਿਆਰ ਨਹੀਂ। ਪਿਛਲੇ ਸਾਲਾਂ ਵਿਚ ਬਹੁਤ ਸਾਰੀਆਂ ਪ੍ਰਵਾਸੀ ਸਿੱਖ ਬੀਬੀਆਂ ਵੱਲੋਂ ਵੀ ਇਹ ਮੁੱਦਾ ਉਠਾਇਆ ਜਾਂਦਾ ਰਿਹਾ ਹੈ।