ਸਾਕਾ ਨੀਲਾ ਤਾਰਾ ਸਮੇਂ ਨੁਕਸਾਨੇ ਗਏ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਦਿੱਤਾ ਜਾ ਰਿਹੈ ਨਵਾਂ ਰੰਗ-ਰੂਪ

ਸਾਕਾ ਨੀਲਾ ਤਾਰਾ ਸਮੇਂ ਨੁਕਸਾਨੇ ਗਏ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਦਿੱਤਾ ਜਾ ਰਿਹੈ ਨਵਾਂ ਰੰਗ-ਰੂਪ

ਫ਼ੌਜੀ ਹਮਲੇ ਸਮੇਂ ਇਮਾਰਤ ਨੂੰ ਲੱਗੀਆਂ ਗੋਲੀਆਂ ਦੇ ਨਿਸ਼ਾਨ ਯਾਦਗਾਰ ਵਜੋਂ ਸੰਭਾਲ ਕੇ ਰੱਖੇ ਜਾਣਗੇ
ਅੰਮ੍ਰਿਤਸਰ/ਬਿਊਰੋ ਨਿਊਜ਼ :
ਜੂਨ 1984 ਵਿੱਚ ਵਾਪਰੇ ਸਾਕਾ ਨੀਲਾ ਤਾਰਾ ਸਮੇਂ ਨੁਕਸਾਨੇ ਗਏ ਤੇਜਾ ਸਿੰਘ ਸਮੁੰਦਰੀ ਹਾਲ ਦੀ ਇਮਾਰਤ ਨੂੰ 32 ਸਾਲ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਰੰਗ ਰੋਗਨ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਲਗਭਗ ਇੱਕ ਮਹੀਨੇ ਵਿੱਚ ਇਸ ਦਾ ਨਵਾਂ ਰੂਪ ਦਿਖਾਈ ਦੇਵੇਗਾ। ਸ਼੍ਰੋਮਣੀ ਕਮੇਟੀ ਨੇ ਦਾਅਵਾ ਕੀਤਾ ਹੈ ਕਿ ਫ਼ੌਜੀ ਹਮਲੇ ਸਮੇਂ ਇਮਾਰਤ ਨੂੰ ਲੱਗੀਆਂ ਗੋਲੀਆਂ ਦੇ ਨਿਸ਼ਾਨ ਯਾਦਗਾਰ ਵਜੋਂ ਸੰਭਾਲ ਕੇ ਰੱਖੇ ਜਾਣਗੇ।
ਤੇਜਾ ਸਿੰਘ ਸਮੁੰਦਰੀ ਹਾਲ, ਸ਼੍ਰੋਮਣੀ ਕਮੇਟੀ ਦਾ ਹੈੱਡਕੁਆਰਟਰ ਹੈ, ਜਿਸ ਵਿੱਚ ਸੰਸਦ ਲਈ ਚੁਣੇ ਨੁਮਾਇੰਦਿਆਂ ਦਾ ਇਕੱਤਰਤਾ ਹਾਲ ਅਤੇ ਵੱਖ-ਵੱਖ ਅਧਿਕਾਰੀਆਂ ਦੇ ਦਫ਼ਤਰ ਵੀ ਹਨ। ਅੰਤ੍ਰਿੰਗ ਕਮੇਟੀ ਵੱਲੋਂ ਲਏ ਫ਼ੈਸਲੇ ਦੇ ਮੱਦੇਨਜ਼ਰ ਇਸ ਇਮਾਰਤ ਨੂੰ ਲਗਭਗ 32 ਸਾਲਾਂ ਮਗਰੋਂ ਰੰਗ ਰੋਗਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਰੰਗ ਰੋਗਨ ਦਾ ਕੰਮ ਕਾਰ ਸੇਵਾ ਵਾਲੇ ਬਾਬਿਆਂ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਵੱਲੋਂ ਇਮਾਰਤ ਦੇ ਬਾਹਰੀ ਹਿੱਸੇ ਉੱਤੇ ਰੰਗ ਰੋਗਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਮੁਤਾਬਕ ਲਗਭਗ ਇੱਕ ਮਹੀਨੇ ਵਿੱਚ ਰੰਗ ਰੋਗਨ ਦਾ ਕੰਮ ਮੁਕੰਮਲ ਹੋ ਜਾਵੇਗਾ। ਸਾਕਾ ਨੀਲਾ ਤਾਰਾ ਮਗਰੋਂ ਇਸ ਇਕੱਲੀ ਇਮਾਰਤ ਨੂੰ ਹੋਏ ਨੁਕਸਾਨ ਦੀ ਮਿਸਾਲ ਵਜੋਂ ਸੰਭਾਲ ਕੇ ਰੱਖਿਆ ਹੋਇਆ ਸੀ। ਫ਼ੌਜੀ ਹਮਲੇ ਸਮੇਂ ਇਸ ਇਮਾਰਤ ਨੂੰ ਅੱਗ ਲੱਗ ਗਈ ਸੀ ਤੇ ਰਿਕਾਰਡ ਤਬਾਹ ਹੋ ਗਿਆ ਸੀ। ਇਮਾਰਤ ਨੂੰ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਕਾਰਨ ਇੱਥੇ ਗੋਲੀਬਾਰੀ ਦੇ ਵੱਡੀ ਗਿਣਤੀ ਵਿੱਚ ਨਿਸ਼ਾਨ ਹਨ। ਇਸ ਦੌਰਾਨ ਹੋਰ ਵੀ ਕਈ ਇਮਾਰਤਾਂ ਨੂੰ ਨੁਕਸਾਨ ਪੁੱਜਾ ਸੀ। ਇਸ ਪਿੱਛੋਂ ਕਈ ਇਮਾਰਤਾਂ ਦੀ ਮੁਰੰਮਤ ਹੋ ਚੁੱਕੀ ਹੈ ਪਰ ਤੇਜਾ ਸਿੰਘ ਸਮੁੰਦਰੀ ਹਾਲ ਜਿਵੇਂ ਦਾ ਤਿਵੇਂ ਰੱਖਿਆ ਹੋਇਆ ਸੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਦੱਸਿਆ ਕਿ ਇਮਾਰਤ ਨੂੰ ਹੋਏ ਨੁਕਸਾਨ ਤੇ ਗੋਲੀਬਾਰੀ ਦੇ ਨਿਸ਼ਾਨਾਂ ਦੀ ਫੋਟੋਗ੍ਰਾਫੀ ਅਤੇ ਵੀਡਿਓਗ੍ਰਾਫੀ ਕੀਤੀ ਗਈ ਹੈ। ਇਮਾਰਤ ਨੂੰ ਇਸ ਵੇਲੇ ਮੁਰੰਮਤ ਅਤੇ ਰੰਗ ਰੋਗਨ ਦੀ ਜ਼ਰੂਰਤ ਸੀ। ਇਸੇ ਲਈ ਅੰਤ੍ਰਿੰਗ ਕਮੇਟੀ ਵਿੱਚ ਮਾਮਲਾ ਵਿਚਾਰਨ ਮਗਰੋਂ ਰੰਗ ਰੋਗਨ ਦੀ ਪ੍ਰਵਾਨਗੀ ਦਿੱਤੀ ਗਈ। ਰੰਗ ਰੋਗਨ ਮਗਰੋਂ ਗੋਲੀਬਾਰੀ ਦੇ ਨਿਸ਼ਾਨਾਂ ਨੂੰ ਵਧੇਰੇ ਬੇਹਤਰੀ ਨਾਲ ਦਰਸਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਤੇਜਾ ਸਿੰਘ ਸਮੁੰਦਰੀ ਹਾਲ ਦਾ ਨਾਂ ਤੇਜਾ ਸਿੰਘ ਸਮੁੰਦਰੀ ਦੇ ਨਾਂ ਉੱਤੇ ਰੱਖਿਆ ਗਿਆ ਸੀ, ਜੋ ਨਾਮਵਰ ਸਿੱਖ ਵਿਦਵਾਨ ਸਨ। ਉਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਅਹਿਮ ਰੋਲ ਨਿਭਾਇਆ ਸੀ। ਉਨ੍ਹਾਂ ਦਾ ਜਨਮ ਵੀਹ ਫਰਵਰੀ 1882 ਨੂੰ ਤਰਨ ਤਾਰਨ ਦੇ ਪਿੰਡ ਰਾਏਕਾ ਬੁਰਜ ਵਿੱਚ ਅਤੇ ਦੇਹਾਂਤ 17 ਜੁਲਾਈ 1926 ਨੂੰ ਹੋਇਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਿੱਖ ਵਿਦਵਾਨ ਦੀ ਯਾਦ ਨੂੰ ਸਦੀਵੀਂ ਬਣਾਈ ਰੱਖਣ ਲਈ ਸੰਸਥਾ ਦੇ ਹੈੱਡਕੁਆਰਟਰ ਦੀ ਮੁੱਖ ਇਮਾਰਤ ਨੂੰ ਇਹ ਨਾਂ ਦਿੱਤਾ ਗਿਆ ਸੀ। ਇਹ ਇਮਾਰਤ 1973 ਵਿੱਚ ਬਣਾਈ ਗਈ ਸੀ।