'ਮਸੀਹੀਅਤ ਅਤੇ ਥਿਆਲੋਜੀ' ਪੁਸਤਕ ਉੱਪਰ ਹੋਈ ਅੰਤਰਰਾਸ਼ਟਰੀ ਵਿਚਾਰ ਚਰਚਾ

'ਮਸੀਹੀਅਤ ਅਤੇ ਥਿਆਲੋਜੀ' ਪੁਸਤਕ ਉੱਪਰ ਹੋਈ ਅੰਤਰਰਾਸ਼ਟਰੀ ਵਿਚਾਰ ਚਰਚਾ
ਤਸਵੀਰ: ਵਰਲਡ ਪੰਜਾਬੀ ਸੈਂਟਰ ਪਟਿਆਲਾ ਅਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਲੈਸਟਰ, ਵਿਖੇ ਜੁੜੇ ਵਿਦਵਾਨ ਸੱਜਣ।

ਅੰਤਰਰਾਸ਼ਟਰੀ ਵਿਚਾਰ ਗੋਸ਼ਟੀ

ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਪ੍ਰਕਾਸ਼ਤ ਡਾ ਹਰਦੇਵ ਸਿੰਘ ਦੀ ਰਚਨਾ 'ਮਸੀਹੀਅਤ ਅਤੇ ਥਿਆਲੋਜੀ' ਉੱਪਰ ਆਨ-ਲਾਈਨ ਅਤੇ ਆਫ-ਲਾਈਨ ਦੋਵਾਂ ਮਾਧਿਅਮਾਂ ਰਾਹੀਂ ਅੰਤਰਰਾਸ਼ਟਰੀ ਵਿਚਾਰ ਗੋਸ਼ਟੀ ਕਰਵਾਈ ਗਈ। ਪੰਜਾਬ ਵਿੱਚ ਇਹ ਸਮਾਗਮ ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਯੂਕੇ ਵਿਚ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਲੈਸਟਰ ਆਯੋਜਿਤ ਕੀਤਾ ਗਿਆ। ਦੋਹਾਂ ਸਾਹਵਾਂ ਦੇ ਵਿਚਾਰ ਵਿਦਵਾਨਾਂ ਨੇ ਗੂਗਲ ਮੀਟ ਰਾਹੀਂ ਵਿਚਾਰ ਸਾਂਝੇ ਕੀਤੇ ਅਤੇ ਵੱਡੀ ਗਿਣਤੀ ਵਿਚ ਦੇਸ਼-ਵਿਦੇਸ਼ ਦੇ ਵਿਦਵਾਨਾਂ ਅਤੇ ਖੋਜੀਆਂ ਨੇ ਆਨਲਾਈਨ ਹੀ ਇਸ ਵਿਚਾਰ-ਗੋਸ਼ਟੀ ਵਿੱਚ ਸ਼ਮੂਲੀਅਤ ਕੀਤੀ।
ਸਮਾਗਮ ਦੇ ਮੁੱਖ ਮਹਿਮਾਨ ਪ੍ਰੋਫੈਸਰ ਪਰਿਤਪਾਲ ਸਿੰਘ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਨੇ ਡਾ. ਹਰਦੇਵ ਸਿੰਘ ਅਤੇ ਸਿੱਖ ਐਜੂਕੇਸ਼ਨ ਕਾਨਫਰੰਸ ਇਸ ਮੁਲਵਾਨ ਰਚਨਾ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਆਖਿਆ ਕਿ ਅੱਜ ਦਾ ਵਿਸ਼ਵ ਬਹੁ ਵਿਸ਼ਵਾਸੀ ਅਤੇ ਬਹੁਸਭਿਆਚਾਰਕ ਹੈ ਜਿਸ ਵਿੱਚ ਇਕ ਦੂਜੇ ਨੂੰ ਜਾਨਣਾ ਸਮਝਣਾ ਵੱਡੀ ਲੋੜ ਹੈ। ਸਮਾਗਮ ਦੀ ਸ਼ੁਰੂਆਤ ਡਾ ਹਰਦੇਵ ਸਿੰਘ ਵੱਲੋਂ ਪੁਸਤਕ ਬਾਰੇ ਉਦਘਾਟਨੀ ਸ਼ਬਦਾਂ ਰਾਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਇਹ ਪੁਸਤਕ ਗੁਰਦਰਸ਼ਨ ਪੁਸਤਕ ਲੜੀ ਦਾ ਪਹਿਲਾ ਭਾਗ ਹੈ ਜਿਸ ਦੇ ਅੰਤਰਗਤ ਗੁਰਮਤਿ ਦੇ ਨਾਲ-ਨਾਲ ਵਿਸ਼ਵ ਧਰਮ ਦੇ ਥਿਆਲੋਜੀ, ਧਰਮ-ਸ਼ਾਸਤਰ ਸੰਬੰਧੀ ਸਿਧਾਂਤਾਂ ਦਾ ਅਧਿਐਨ ਕੀਤਾ ਜਾਣਾ ਹੈ।
ਹਰਵਿੰਦਰ ਸਿੰਘ, ਸਿੱਖ ਐਜੂਕੇਸ਼ਨ ਕੌਂਸਲ,ਯੂਕੇ ਵੱਲੋਂ ਪਤਵੰਤਿਆਂ ਅਤੇ ਵਿਦਵਾਨ ਖੋਜੀਆਂ ਨੂੰ ਜੀ ਆਇਆਂ ਆਖਿਆ ਗਿਆ। ਵਿਚਾਰ ਗੋਸ਼ਟੀ ਦੇ ਮੁੱਖ ਵਕਤਾ ਪ੍ਰੋਫ਼ੈਸਰ ਬਲਕਾਰ ਸਿੰਘ ਚੇਅਰਪਰਸਨ ਵਰਲਡ ਪੰਜਾਬੀ ਸੈਂਟਰ ਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ, ਵੱਖ ਵੱਖ ਸੰਪਰਦਾਵਾਂ ਦੇ ਵਿਦਵਾਨਾਂ ਨਾਲ ਰਚਾਇਆ ਗੋਸਟਾਂ ਅਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਜੇ ਸੱਚੇ ਵਾਰਸ ਬਣਨ ਲਈ ਸਿੱਖ ਅਕਾਦਮਿਕਤਾ ਦਾ ਵਿਸ਼ਵ ਧਰਮ ਅਧਿਐਨ ਦੇ ਖੇਤਰ ਵਿੱਚ ਕਦਮ ਰੱਖਣਾ ਮੁਬਾਰਕ ਯੋਗ ਹੈ। ਤਕਨੀਕੀ ਸੈਸ਼ਨ ਦੌਰਾਨ ਡਾ ਸਿਕੰਦਰ ਸਿੰਘ ਮੁਖੀ ਪੰਜਾਬੀ ਵਿਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਡਾ ਬਲਦੇਵ ਸਿੰਘ ਕੰਦੋਲਾ, ਪੰਜਾਬੀ ਵਿਕਾਸ ਮੰਚ ਯੂਕੇ ਅਤੇ ਅਵਤਾਰ ਸਿੰਘ ਯੂਕੇ ਆਦਿ ਵਿਦਵਾਨਾਂ ਨੇ ਪੁਸਤਕ ਸੰਬੰਧੀ ਪੜਚੋਲਵੇਂ ਖੋਜ ਪਰਚੇ ਪੇਸ਼ ਕੀਤੇ।
ਇਸ ਤੋਂ ਇਲਾਵਾ ਪ੍ਰੋਫੈਸਰ ਕੇਹਰ ਸਿੰਘ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਪ੍ਰੋਫੈਸਰ ਮਨਜੀਤ ਸਿੰਘ, ਪ੍ਰੋਫੈਸਰ ਹਰੀ ਸਿੰਘ, ਪ੍ਰਿੰਸੀਪਲ ਜਸਬੀਰ ਕੌਰ, ਗੁਰਮਤਿ ਕਾਲਜ ਪਟਿਆਲਾ, ਡਾ ਸਤਿੰਦਰ ਸਿੰਘ ਰੰਧਾਵਾ ਡਿਪਟੀ ਡਰੈਕਟਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਬਹਾਦਰਗੜ੍ਹ ਸਾਹਿਬ, ਡਾ ਅਸਪ੍ਰੀਤ ਕੌਰ, ਗੁਰਮਤਿ ਕਾਲਜ ਪਟਿਆਲਾ, ਡਾ ਅਜੈਪਾਲ ਸਿੰਘ, ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਡਾ ਗੁਰਸਿਮਰਨ ਕੌਰ, ਗੁਰੂ ਹਰਿਕ੍ਰਿਸ਼ਨ ਖਾਲਸਾ ਕਾਲਜ, ਪੰਜੋਖਰਾ ਸਾਹਿਬ, ਸੁਖਵਿੰਦਰ ਸਿੰਘ ਰਟੌਲ ਅਤੇ ਜਗਦੀਪ ਸਿੰਘ ਹਾਜ਼ਰ ਸਨ। ਸਮਾਗਮ ਦੇ ਅਖੀਰ ਵਿਚ ਸਿੱਖ ਐਜੂਕੇਸ਼ਨਲ ਕੌਸਲ ਵੱਲੋਂ ਡਾ ਪਰਗਟ ਸਿੰਘ ਯੂਕੇ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਆਖਦਿਆਂ ਕਿਹਾ ਕਿ ਕੌਂਸਲ ਵੱਲੋਂ ਅਜੇਹੀ ਖੋਜ ਅਤੇ ਪ੍ਰਕਾਸ਼ਨਾ ਦੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ। 

ਜਾਰੀ ਕਰਤਾ:
ਪ੍ਰੋਫ਼ੈਸਰ ਬਲਕਾਰ ਸਿੰਘ
ਚੇਅਰਪਰਸਨ 
ਵਰਲਡ ਪੰਜਾਬੀ ਸੈਂਟਰ 
ਪੰਜਾਬੀ ਯੂਨੀਵਰਸਿਟੀ ਪਟਿਆਲਾ।
9316301328