ਏ.ਕੇ 47 ਮਾਮਲੇ 'ਚ ਮੂਸੇਆਲਾ ਨੂੰ ਬਚਾਉਣ ਲੱਗੀ ਪੁਲਸ; ਅਸਲਾ ਕਾਨੂੰਨ ਛੱਡ ਕਰਫਿਊ ਤੋੜਨ ਦਾ ਮਾਮਲਾ ਦਰਜ ਕੀਤਾ

ਏ.ਕੇ 47 ਮਾਮਲੇ 'ਚ ਮੂਸੇਆਲਾ ਨੂੰ ਬਚਾਉਣ ਲੱਗੀ ਪੁਲਸ; ਅਸਲਾ ਕਾਨੂੰਨ ਛੱਡ ਕਰਫਿਊ ਤੋੜਨ ਦਾ ਮਾਮਲਾ ਦਰਜ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਪਾਬੰਦੀਸ਼ੁਦਾ ਹਥਿਆਰ ਏ.ਕੇ 47 ਨਾਲ ਫਾਇਰ ਕਰਨ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਬਣੇ ਦਬਾਅ ਦੇ ਚਲਦਿਆਂ ਪੰਜਾਬ ਪੁਲਸ ਨੇ ਸਿੱਧੂ ਖਿਲਾਫ ਮਹਿਜ਼ ਕਰਫਿਊ ਤੋੜਨ ਦਾ ਮਾਮਲਾ ਦਰਜ ਕਰਕੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਜਦਕਿ ਇਸ ਜ਼ੁਰਮ ਲਈ ਉਸ ਖਿਲਾਫ ਅਸਲਾ ਕਾਨੂੰਨ ਦੀ ਧਾਰਾ 25 ਅਤੇ 27 ਅਧੀਨ ਮਾਮਲਾ ਬਣਦਾ ਹੈ, ਜਿਸ ਵਿਚ ਘੱਟੋ-ਘੱਟ 10 ਸਾਲ ਦੀ ਸਜ਼ਾ ਦਾ ਨਿਯਮ ਹੈ।

ਜ਼ਿਕਰਯੋਗ ਹੈ ਕਿ ਅੱਜ ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇਵਾਲਾ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਉਹ ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ ਹਾਜ਼ਰੀ ਵਿਚ ਏ.ਕੇ 47 ਗੰਨ ਨਾਲ ਫਾਇਰ ਕਰ ਰਿਹਾ ਸੀ। ਇਸ ਸਬੰਧੀ ਪੂਰੀ ਜਾਣਕਾਰੀ ਲਈ ਇਸ ਲਿੰਕ ਨੂੰ ਖੋਲ੍ਹ ਕੇ ਖਬਰ ਪੜ੍ਹੋ: 

ਇਸ ਗੈਰਕਾਨੂੰਨੀ ਕਾਰਵਾਈ ਦੀ ਵੀਡੀਓ ਵਾਇਰਲ ਹੋਣ ਬਾਅਦ ਬਰਨਾਲਾ ਪੁਲਸ ਨੇ ਸਿੱਧੂ ਮੂਸੇਵਾਲਾ ਅਤੇ ਹੋਰ 8 ਲੋਕਾਂ ਖਿਲਾਫ ਕਰਫਿਊ ਤੋੜਨ ਦਾ ਮਾਮਲਾ ਦਰਜ ਕੀਤਾ ਹੈ। ਇਹਨਾਂ ਨਾਮਜ਼ਦ ਲੋਕਾਂ ਵਿਚ 5 ਪੁਲਸ ਵਾਲੇ ਵੀ ਸ਼ਾਮਲ ਹਨ। 

ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਇਸ ਘਟਨਾ ਵਿਚ ਸ਼ਾਮਲ 6 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਸਬੰਧਿਤ ਥਾਣੇ ਤੋਂ ਇਸ ਸਬੰਧੀ ਰਿਪੋਰਟ ਤਲਬ ਕੀਤੀ ਹੈ। ਉਹਨਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਸ ਘਟਨਾ ਵਿਚ ਸੰਗਰੂਰ ਯੂਨਿਟ ਦੇ ਕੁੱਝ ਮੁਲਾਜ਼ਮ ਵੀ ਸ਼ਾਮਲ ਹਨ। 

ਪੁਲਸ ਵੱਲੋਂ ਕੀਤੀ ਇਸ ਕਾਰਵਾਈ ਸਬੰਧੀ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਜਿਸ ਤਰ੍ਹਾਂ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਇਸ 'ਤੇ ਅਸਲਾ ਕਾਨੂੰਨ ਦੀ ਧਾਰਾ 25 ਜਿਸ ਮੁਤਾਬਕ ਗੈਰ ਲਾਇਸੈਂਸੀ ਬੰਦਾ ਕਿਸੇ ਦੂਜੇ ਦਾ ਅਸਲਾ ਨਹੀਂ ਚੁੱਕ ਸਕਦਾ ਅਤੇ ਅਸਲੇ ਨਾਲ ਫਾਇਰ ਕਰਨ ਬਾਰੇ ਧਾਰਾ 27 ਅਧੀਨ ਮਾਮਲਾ ਬਣਦਾ ਹੈ। ਇਹ ਧਾਰਾਵਾਂ ਗੈਰ-ਜ਼ਮਾਨਤੀ ਹਨ ਤੇ ਇਹਨਾਂ ਵਿਚ ਘੱਟੋ-ਘੱਟ 10 ਸਾਲ ਅਤੇ ਵੱਧੋ-ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਅਧੀਨ ਘੱਟ ਇਸ ਤੋਂ ਇਲਾਵਾ ਅਸਲਾ ਵਰਤ ਕੇ ਲੋਕਾਂ ਵਿਚ ਦਹਿਸ਼ਤ ਪਾਉਣ ਲਈ ਆਈਪੀਸੀ ਦੀ ਧਾਰਾ 336-ਏ ਵੀ ਜੁੜਦੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।