‘ਦੀ ਬਲੈਕ ਪ੍ਰਿੰਸ’- ਨਵੀਂ ਪੀੜ੍ਹੀ ਲਈ ਆਪਣੇ ਵਿਰਸੇ ਨੂੰ ਜਾਣਨਾ ਬਹੁਤ ਜ਼ਰੂਰੀ : ਸ਼ਬਾਨਾ

‘ਦੀ ਬਲੈਕ ਪ੍ਰਿੰਸ’- ਨਵੀਂ ਪੀੜ੍ਹੀ ਲਈ ਆਪਣੇ ਵਿਰਸੇ ਨੂੰ ਜਾਣਨਾ ਬਹੁਤ ਜ਼ਰੂਰੀ : ਸ਼ਬਾਨਾ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਆਖਰੀ ਰਾਜਾ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ‘ਤੇ ਆਧਾਰਤ ਨਵੀਂ ਫ਼ਿਲਮ ‘ਦੀ ਬਲੈਕ ਪ੍ਰਿੰਸ’ ਬਾਰੇ ਆਪਣਾ ਤਜਰਬਾ ਸਾਂਝਾ ਕਰਦਿਆਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਕਿਹਾ ਕਿ ਇਸ ਨੇ ਫ਼ਿਲਮਸਾਜ਼ੀ ਦਾ ਨਵਾਂ ਮੁਹਾਂਦਰਾ ਪੇਸ਼ ਕੀਤਾ ਹੈ। ਸ਼ਬਾਨਾ ਨੇ ਇਸ ਫ਼ਿਲਮ ਵਿਚ ਮਹਾਰਾਜਾ ਦਲੀਪ ਸਿੰਘ ਦੀ ਮਾਂ ਮਹਾਰਾਣਾ ਜਿੰਦਾਂ ਦਾ ਕਿਰਦਾਰ ਨਿਭਾਇਆ ਹੈ। ਮਹਾਰਾਣੀ ਜਿੰਦਾਂ ਬਰਤਾਨਵੀ ਸਾਮਰਾਜ ਨਾਲ ਟੱਕਰ ਲੈਂਦਿਆਂ ਆਪਣੇ ਪੁੱਤ ਦਾ ਅਧਿਕਾਰ ਵਾਪਸ ਹਾਸਲ ਕਰਨ ਲਈ ਲੜਦੀ ਹੈ।
ਇਸ ਦੇ ਮੁੱਖ ਕਿਰਦਾਰਾਂ ਵਿਚ ਸਤਿੰਦਰ ਸਰਤਾਜ ਤੇ ਜੈਸਨ ਫਲੈਮਿੰਗ ਹਨ। ਇਹ ਫ਼ਿਲਮ ਦੁਨੀਆ ਭਰ ਦੇ ਸਿਨੇਮਾ ਘਰਾਂ ਵਿਚ 21 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸ਼ਬਾਨਾ ਦਾ ਆਪਣੇ ਕਿਰਦਾਰ ਬਾਰੇ ਕਹਿਣਾ ਹੈ ਕਿ ਆਪਣੀ ਜ਼ਿੰਦਗੀ ਦੇ ਇਸ ਮੁਕਾਮ ‘ਤੇ ਅਜਿਹੀ ਭੂਮਿਕਾ ਨਿਭਾ ਕੇ ਉਹ ਇਸ ਤੋਂ ਬੇਹੱਦ ਖ਼ੁਸ਼ ਹੈ। ਸ਼ਬਾਨਾ ਦਸਦੀ ਹੈ ਕਿ ਮਹਾਰਾਣੀ ਜਿੰਦਾਂ ਬਹੁਤ ਹੀ ਹੌਸਲੇ ਵਾਲੀ ਔਰਤ ਹੈ ਜੋ ਬਰਤਾਨਵੀ ਹਕੂਮਤ ਵਲੋਂ ਸਭ ਕੁਝ ਖੋਹੇ ਜਾਣ, ਆਪਣਾ ਪੁੱਤਰ ਦੂਰ ਹੋ ਜਾਣ ਦੇ ਬਾਵਜੂਦ ਮਜ਼ਬੂਤ ਇਰਾਦੇ ਵਾਲੀ ਔਰਤ ਹੈ ਜੋ ਬਰਤਾਨਵੀ ਹਕੂਮਤ ਖ਼ਿਲਾਫ਼ ਟੱਕਰ ਲੈਂਦੀ ਹੈ।
ਸ਼ਿਲਪਾ ਜਮਖਾਂਡੀਕਰ ਨੂੰ ਦਿੱਤੇ ਇੰਟਰਵਿਊ ‘ਚ ਸ਼ਬਾਨਾ ਦਸਦੀ ਹੈ, ”ਮੈਂ ਬਿਲਕੁਲ ਇਮਾਨਦਾਰੀ ਨਾਲ ਕਹਾਂਗੀ। ਮੈਂ ਮਹਾਰਾਣਾ ਜਿੰਦਾਂ ਬਾਰੇ ਬਹੁਤ ਘੱਟ ਜਾਣਦੀ ਸੀ। ਜਦੋਂ ਮੈਨੂੰ ਸਕਰਿਪਟ ਦਿੱਤੀ ਗਈ ਤਾਂ ਮੈਂ ਉਸ ਬਾਰੇ ਪੜ੍ਹ ਕੇ ਬਹੁਤ ਹੈਰਾਨ ਹੋਈ। ਮੈਂ ਨਿਰਮਾਤਾ ਤੇ ਨਿਰਦੇਸ਼ਕ ਤੋਂ ਪੁਛਿਆ ਕਿ ਕੀ ਵਾਕਿਆ ਹੀ ਇੰਜ ਵਾਪਰਿਆ? ਉਨ੍ਹਾਂ ਦੱਸਿਆ ਕਿ ਇਹ ਸਭ ਸੱਚ ਹੈ। ਇਸ ਕਿਰਦਾਰ ਨੇ ਮੈਨੂੰ ਅੰਦਰ ਤੱਕ ਛੂਹ ਲਿਆ। ਮੈਨੂੰ ਮਹਿਸੂਸ ਹੋਇਆ ਕਿ ਇਸ ਕਹਾਣੀ ਬਾਰੇ ਲੋਕਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ। ਇਸ ਫ਼ਿਲਮ ਦੇ ਨਿਰਮਾਤਾ ਇਤਿਹਾਸਕਾਰ ਹਨ ਤੇ ਇਸ ਵਿਸ਼ੇ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਇਹ ਫ਼ਿਲਮ ਨਾਲੋਂ ਵੀ ਬਹੁਤ ਕੁਝ ਹੈ ਜਿਸ ਬਾਰੇ ਨਵੀਂ ਪੀੜ੍ਹੀ ਲਈ ਜਾਣਨਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਮੈਂ ਮਹਾਰਾਣੀ ਜਿੰਦਾਂ ਬਾਰੇ ਬਹੁਤ ਕੁਝ ਪੜ੍ਹਿਆ। ਉਸ ਦੇ ਕਿਰਦਾਰ ਨੂੰ ਆਪਣੇ ਅੰਦਰ ਢਾਲਣ ਦੀ ਕੋਸ਼ਿਸ਼ ਕੀਤੀ।”
ਮੈਨੂੰ ਯਕੀਨ ਹੈ ਕਿ ਇਸ ਨੂੰ ਡਰਾਮਾਟਾਈਜ਼ ਕੀਤਾ ਗਿਆ ਹੈ ਪਰ ਕਿਉਂਕਿ ਫ਼ਿਲਮ ਦੇ ਨਿਰਮਾਤਾ ਜਸਜੀਤ ਸਿੰਘ ਇਤਿਹਾਸਕਾਰ ਹਨ, ਸੋ ਉਨ੍ਹਾਂ ਨੇ ਇਸ ਬਾਰੇ ਪੂਰੀ ਖੋਜ ਕੀਤੀ ਹੈ। ਮੈਂ ਨਹੀਂ ਸਮਝਦੀ ਕਿ ਉਨ੍ਹਾਂ ਨੇ ਫ਼ਿਲਮ ਬਣਾਉਣ ਲੱਗਿਆਂ ਇਸ ਦੇ ਇਤਿਹਾਸਕ ਪੱਖਾਂ ਨਾਲ ਛੇੜਛਾੜ ਕਰਨ ਦੀ ਖੁੱਲ੍ਹ ਲਈ ਹੈ। ਹਾਂ, ਮੈਂ ਇਸ ਬਾਰੇ ਯਕੀਨ ਨਾਲ ਨਹੀਂ ਕਹਿ ਸਕਦੀ ਜੋ ਮਹਾਰਾਣੀ ਜਿੰਦਾ ਕਹਿੰਦੀ ਹੈ, ਮੇਰੇ ਡਾਇਲਾਗ ਠੀਕ ਉਸੇ ਤਰ੍ਹਾਂ ਸਨ।