ਦਮਦਮੀ ਟਕਸਾਲ ਨੇ ਸਾਕਾ ਨੀਲਾ ਤਾਰਾ ਬਾਰੇ ਗੁਪਤ ਦਸਤਾਵੇਜ਼ ਜਨਤਕ ਕਰਨ ਦੀ ਕੀਤੀ ਮੰਗ

ਦਮਦਮੀ ਟਕਸਾਲ ਨੇ ਸਾਕਾ ਨੀਲਾ ਤਾਰਾ ਬਾਰੇ ਗੁਪਤ ਦਸਤਾਵੇਜ਼ ਜਨਤਕ ਕਰਨ ਦੀ ਕੀਤੀ ਮੰਗ

ਅੰਮ੍ਰਿਤਸਰ/ਬਿਊਰੋ ਨਿਊਜ਼ :
ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਹਰਨਾਮ ਸਿੰਘ ਖ਼ਾਲਸਾ ਨੇ ਯੂ.ਕੇ. ਦੀਆਂ 8 ਜੂਨ ਨੂੰ ਹੋ ਰਹੀਆਂ ਆਮ ਚੋਣਾਂ ਲਈ ਲੇਬਰ ਪਾਰਟੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਸਾਕਾ ਨੀਲਾ ਤਾਰਾ ਅਤੇ ਨਵੰਬਰ ’84 ਦੇ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਸ਼ਾਮਲ ਕੀਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੋਂ ਸਾਕਾ ਨੀਲਾ ਤਾਰਾ ਨਾਲ ਸਬੰਧਤ ਸਾਰੇ ਗੁਪਤ ਦਸਤਾਵੇਜ਼ ਜਨਤਕ ਕਰਵਾਏ ਜਾਣ।  ਜੂਨ ’84 ਦੇ ਸ਼ਹੀਦਾਂ ਦੇ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਦੀ ਤਿਆਰੀ ਨੂੰ ਲੈ ਕੇ ਪਿੰਡ ਪਿੰਡ ਸਮਾਗਮ ਕਰ ਰਹੀ ਦਮਦਮੀ ਟਕਸਾਲ ਵਲੋਂ ਪਿੰਡ ਊਧੋਨੰਗਲ ਵਿਚ ਸਮਾਗਮ ਕੀਤਾ ਗਿਆ ਸੀ। ਟਕਸਾਲ ਮੁਖੀ ਨੇ ਕਿਹਾ ਕਿ ਨਵੰਬਰ 1984 ਕਦੇ ਵੀ ਨਹੀਂ ਭੁੱਲਿਆ ਜਾ ਸਕਦਾ। ਇਸ ਤ੍ਰਾਸਦੀ ਬਾਰੇ ਹੁਣ ਕੌਮਾਂਤਰੀ ਪੱਧਰ ਉੱਤੇ ਨਵੀਂ ਬਹਿਸ ਛਿੜ ਚੁੱਕੀ ਹੈ । ਅਜੋਕੀ ਸਥਿਤੀ ਵਿਚ ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਦੁਖਾਂਤ ਨੂੰ ਅੰਜਾਮ ਦੇਣ ਵਾਲੀ ਇੰਦਰਾ ਗਾਂਧੀ ਹਕੂਮਤ ਦੀ ਕਾਰਵਾਈ ਸੰਸਾਰ ਸਾਹਮਣੇ ਲਿਆਵੇ ਅਤੇ ਸਬੰਧਤ ਸਾਰੇ ਗੁਪਤ ਦਸਤਾਵੇਜ਼ ਜਨਤਕ ਕੀਤੇ ਜਾਣ। ਉਨ੍ਹਾਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਹ ਮੁੱਦਾ ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਨਿਆਂ ਪ੍ਰਣਾਲੀ ਤੱਕ ਲਿਜਾਇਆ ਜਾਵੇ। ਉਨ੍ਹਾਂ  ਕਿਹਾ ਕਿ ਇਹ ਨਸਲਕੁਸ਼ੀ ਯੋਜਨਾਬੱਧ ਸੀ, ਤਿੰਨ ਦਿਨ ਤੱਕ ਦਿੱਲੀ ਸਮੇਤ 18 ਰਾਜਾਂ ਦੇ ਕਈ ਸ਼ਹਿਰਾਂ ਵਿੱਚ ਅਮਨ ਕਾਨੂੰਨ ਨੂੰ ਛਿੱਕੇ ਤੇ ਟੰਗ ਕੇ ਹਜ਼ਾਰਾਂ ਬੇਕਸੂਰ ਸਿੱਖਾਂ ਨੂੰ ਮਾਰਿਆ ਗਿਆ। ਅੱਜ 33 ਸਾਲ ਬਾਅਦ ਵੀ ਨਸਲਕੁਸ਼ੀ ਦੇ ਪੀੜਤਾਂ ਨੂੰ ਨਿਆਂ ਨਹੀਂ ਮਿਲਿਆ।