ਜਸਟਿਸ ਖੇਹਰ ਨੇ ਚੀਫ ਜਸਟਿਸ ਵਜੋਂ ਲਿਆ ਹਲਫ਼

ਜਸਟਿਸ ਖੇਹਰ ਨੇ ਚੀਫ ਜਸਟਿਸ ਵਜੋਂ ਲਿਆ ਹਲਫ਼
ਨਵੀਂ ਦਿੱਲੀ ਵਿੱਚ ਭਾਰਤ ਦੇ ਨਵੇਂ ਚੀਫ਼ ਜਸਟਿਸ ਜੇ.ਐਸ. ਖੇਹਰ ਨੂੰ ਸਹੁੰ ਚੁੱਕਣ ਤੋਂ ਬਾਅਦ ਮੁਬਾਰਕਬਾਦ ਦਿੰਦੇ ਹੋਏ ਰਾਸ਼ਟਰਪਤੀ ਪ੍ਰਣਬ ਮੁਖਰਜੀ।

ਨਵੀਂ ਦਿੱਲੀ/ਬਿਊਰੋ ਨਿਊਜ਼ :
ਜੱਜਾਂ ਦੀ ਨਿਯੁਕਤੀ ਸਬੰਧੀ ਵਿਵਾਦਗ੍ਰਸਤ ਐਨਜੇਏਸੀ ਐਕਟ ਨੂੰ ਰੱਦ ਕਰਨ ਵਾਲੇ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਦੀ ਅਗਵਾਈ ਕਰ ਚੁੱਕੇ ਜਸਟਿਸ ਜਗਦੀਸ਼ ਸਿੰਘ ਖੇਹਰ ਨੇ ਭਾਰਤ ਦੇ 44ਵੇਂ ਚੀਫ ਜਸਟਿਸ ਵਜੋਂ ਹਲਫ ਲਿਆ।
ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਜਸਟਿਸ ਖੇਹਰ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਉਨ੍ਹਾਂ ਅੰਗਰੇਜ਼ੀ ਵਿੱਚ ਰੱਬ ਦੇ ਨਾਂ ਉਤੇ ਹਲਫ਼ ਲਿਆ। ਇਸ ਸਮਾਰੋਹ ਵਿੱਚ ਵਿਰੋਧੀ ਪਾਰਟੀ ਦੀ ਗ਼ੈਰਹਾਜ਼ਰੀ ਸਪਸ਼ਟ ਤੌਰ ‘ਤੇ ਰੜਕੀ। ਤਤਕਾਲੀ ਚੀਫ ਜਸਟਿਸ ਟੀ.ਐਸ. ਠਾਕੁਰ ਨੇ ਆਪਣੇ ਜਾਨਸ਼ੀਨ ਵਜੋਂ ਪਿਛਲੇ ਮਹੀਨੇ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਖੇਹਰ ਦੇ ਨਾਂ ਦੀ ਸਿਫ਼ਾਰਸ਼ ਕੀਤੀ ਸੀ।
ਜਸਟਿਸ ਖੇਹਰ (64) ਚੀਫ ਜਸਟਿਸ ਦੇ ਅਹੁਦੇ ‘ਤੇ ਪੁੱਜੇ ਪਹਿਲੇ ਸਿੱਖ ਹਨ। ਉਹ 27 ਅਗਸਤ ਤੱਕ ਸੱਤ ਮਹੀਨਿਆਂ ਤੋਂ ਵੱਧ ਸਮੇਂ ਲਈ ਇਸ ਅਹੁਦੇ ਉਤੇ ਰਹਿਣਗੇ। ਐਨਜੇਏਸੀ ਮਾਮਲੇ ਵਿੱਚ ਬੈਂਚ ਦੀ ਅਗਵਾਈ ਕਰਨ ਤੋਂ ਇਲਾਵਾ ਜਸਟਿਸ ਖੇਹਰ ਨੇ ਉਸ ਬੈਂਚ ਦੀ ਵੀ ਅਗਵਾਈ ਕੀਤੀ ਸੀ, ਜਿਸ ਨੇ ਅਰੁਣਾਚਲ ਪ੍ਰਦੇਸ਼ ਵਿੱਚ ਲਾਗੂ ਰਾਸ਼ਟਰਪਤੀ ਸ਼ਾਸਨ ਨੂੰ ਜਨਵਰੀ ਵਿੱਚ ਖਾਰਜ ਕਰ ਦਿੱਤਾ ਸੀ। ਇਸ ਸੰਖੇਪ ਸਹੁੰ ਚੁੱਕ ਸਮਾਗਮ ਵਿੱਚ ਜਸਟਿਸ ਖੇਹਰ ਦੀ ਪਤਨੀ ਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਰੁਣ ਜੇਤਲੀ, ਰਵੀ ਸ਼ੰਕਰ ਪ੍ਰਸਾਦ, ਰਾਜਨਾਥ ਸਿੰਘ ਤੇ ਵੈਂਕਈਆ ਨਾਇਡੂ ਹਾਜ਼ਰ ਸਨ।
ਸਹੁੰ ਚੁੱਕਣ ਤੋਂ ਫੌਰੀ ਬਾਅਦ ਜਸਟਿਸ ਖੇਹਰ ਨੇ ਸੁਪਰੀਮ ਕੋਰਟ ਦੀ ਅਦਾਲਤ ਨੰਬਰ ਇਕ ਵਿੱਚ ਜਸਟਿਸ ਐਨ.ਵੀ. ਰਮੱਨਾ ਅਤੇ ਡੀ.ਵਾਈ ਚੰਦਰਚੂੜ ਨਾਲ ਅਦਾਲਤੀ ਕਾਰਵਾਈ ਵਿੱਚ ਭਾਗ ਲਿਆ। ਆਮ ਤੌਰ ‘ਤੇ ਨਵੇਂ ਚੀਫ ਜਸਟਿਸ ਦੇ ਸਹੁੰ ਚੁੱਕਣ ਵਾਲੇ ਦਿਨ ਸੁਪਰੀਮ ਕੋਰਟ ਦੀ ਕਾਰਵਾਈ ਦੇਰ ਨਾਲ ਸ਼ੁਰੂ ਹੁੰਦੀ ਹੈ। ਚੀਫ ਜਸਟਿਸ ਨੇ 30 ਕੇਸਾਂ ਦੀ ਸੁਣਵਾਈ ਕੀਤੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨਵੀਆਂ ਪਟੀਸ਼ਨਾਂ ਸਨ। ਸ਼ਾਮੀਂ ਚੀਫ ਜਸਟਿਸ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਏ। ਜਸਟਿਸ ਖੇਹਰ ਲਈ ਫੌਰੀ ਚੁਣੌਤੀ ਜਸਟਿਸ ਚੇਲਾਮੇਸ਼ਵਰ ਨੂੰ ਸੁਪਰੀਮ ਕੋਰਟ ਕੌਲਿਜੀਅਮ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਲਈ ਮਨਾਉਣਾ ਹੈ।