ਜਗਪਾਲ ਸਿੰਘ ਸੰਧੂ ਹੋਣਗੇ ਪੰਜਾਬ ਦੇ ਅਗਲੇ ਸਟੇਟ ਚੋਣ ਕਮਿਸ਼ਨਰ

ਜਗਪਾਲ ਸਿੰਘ ਸੰਧੂ ਹੋਣਗੇ ਪੰਜਾਬ ਦੇ ਅਗਲੇ ਸਟੇਟ ਚੋਣ ਕਮਿਸ਼ਨਰ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਸਰਕਾਰ ਵੱਲੋਂ ਰਾਜ ਦੇ ਮੌਜੂਦਾ ਵਧੀਕ ਮੁੱਖ ਸਕੱਤਰ ਗ੍ਰਹਿ ਸ. ਜਗਪਾਲ ਸਿੰਘ ਸੰਧੂ ਨੂੰ ਸੂਬੇ ਦਾ ਅਗਲਾ ਸਟੇਟ ਚੋਣ ਕਮਿਸ਼ਨਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਵੱਲੋਂ ਉਕਤ ਨਿਯੁਕਤੀ ਲਈ ਪ੍ਰਵਾਨਗੀ ਦੇ ਕੇ ਤਜਵੀਜ਼ ਰਾਜਪਾਲ ਦੀ ਪ੍ਰਵਾਨਗੀ ਲਈ ਭੇਜ ਦਿੱਤੀ ਗਈ ਸੀ ਅਤੇ ਰਾਜਪਾਲ ਦੀ ਪ੍ਰਵਾਨਗੀ ਮਿਲਣ ਨਾਲ ਰਾਜ ਸਰਕਾਰ ਵੱਲੋਂ ਇਸ ਸਬੰਧੀ ਬਾਕਾਇਦਾ ਨੋਟੀਫਿਕੇਸ਼ਨ ਇਕ-ਦੋ ਦਿਨਾਂ ਵਿਚ ਜਾਰੀ ਕਰ ਦਿੱਤਾ ਜਾਵੇਗਾ। ਰਾਜ ਦੇ ਮੌਜੂਦਾ ਸਟੇਟ ਚੋਣ ਕਮਿਸ਼ਨਰ ਸ. ਸ਼ਵਿੰਦਰ ਸਿੰਘ ਬਰਾੜ ਜਿਨ੍ਹਾਂ ਦੀ ਨਿਯੁਕਤੀ ਦਸੰਬਰ 2011 ਵਿਚ ਹੋਈ ਸੀ, ਦਾ 5 ਸਾਲ ਦਾ ਕਾਰਜਕਾਲ ਪੂਰਾ ਹੋ ਗਿਆ ਹੈ। ਇਸ ਲਈ ਸਰਕਾਰ ਲਈ ਇਸ ਅਹੁਦੇ ‘ਤੇ ਨਿਯੁਕਤੀ ਕਰਨਾ ਜ਼ਰੂਰੀ ਹੋ ਗਿਆ ਸੀ। ਸ. ਜਗਪਾਲ ਸਿੰਘ ਸੰਧੂ ਜੋ ਕਿ 1983 ਬੈਚ ਦੇ ਆਈ. ਏ. ਐਸ. ਅਧਿਕਾਰੀ ਹਨ। ਆਪਣੇ 60 ਸਾਲ ਦੇ ਸੇਵਾਕਾਲ ਤੋਂ ਬਾਅਦ 28 ਫਰਵਰੀ 2017 ਨੂੰ ਸੇਵਾਮੁਕਤ ਹੋਣ ਵਾਲੇ ਹਨ ਪਰ ਉਕਤ ਨਿਯੁਕਤੀ ਕਾਰਨ ਉਨ੍ਹਾਂ ਵੱਲੋਂ ਆਪਣੇ ਅਹੁਦੇ ਤੋਂ ਹੁਣ ਅਸਤੀਫਾ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਨਵੀਂ ਨਿਯੁਕਤੀ ਦਾ ਚਾਰਜ ਸੰਭਾਲ ਸਕਣ। ਸ. ਜਗਪਾਲ ਸਿੰਘ ਦੀ ਉਕਤ ਨਿਯੁਕਤੀ ਵੀ 5 ਸਾਲਾਂ ਲਈ ਹੋਵੇਗੀ। ਵਰਨਣਯੋਗ ਹੈ ਕਿ ਸਟੇਟ ਚੋਣ ਕਮਿਸ਼ਨਰ ਰਾਜ ਦੀਆਂ ਵਿਧਾਨ ਸਭਾ, ਲੋਕ ਸਭਾ ਤੇ ਰਾਜ ਸਭਾ ਚੋਣਾਂ ਤੋਂ ਇਲਾਵਾ ਰਾਜ ਵਿਚ ਹੋਣ ਵਾਲੀਆਂ ਦੂਜੀਆਂ ਸਾਰੀਆਂ ਚੋਣਾਂ ਨੂੰ ਕਰਾਉਣ ਵਾਲੀ ਖ਼ੁਦਮੁਖਤਿਆਰ ਅਥਾਰਟੀ ਹੈ, ਜਿਸ ਵੱਲੋਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ, ਨਗਰ ਪੰਚਾਇਤਾਂ, ਮਿਉਂਸਪਲ ਕਾਰਪੋਰੇਸ਼ਨ ਚੋਣਾਂ, ਮਿਉਂਸਪੈਲਟੀਆਂ ਤੇ ਪੰਚਾਇਤਾਂ ਦੀਆਂ ਚੋਣਾਂ ਸਮੇਤ ਸਾਰੀਆਂ ਸਥਾਨਕ ਪੱਧਰ ਦੀਆਂ ਚੋਣਾਂ ਕਰਵਾਈਆਂ ਜਾਂਦੀਆਂ ਹਨ। ਰਾਜ ਸਰਕਾਰ ਵੱਲੋਂ ਉਨ੍ਹਾਂ ਦੀ ਨਿਯੁਕਤੀ ਸਬੰਧੀ ਬਕਾਇਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਸ. ਜਗਪਾਲ ਸਿੰਘ ਸੰਧੂ ਨੂੰ ਰਾਜਪਾਲ ਪੰਜਾਬ ਵੱਲੋਂ ਉਨ੍ਹਾਂ ਦੇ ਨਵੇਂ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ ਤੇ ਰਾਜ ਸਰਕਾਰ ਇਸ ਸਬੰਧੀ ਸਮੁੱਚੀ ਪ੍ਰਕਿਰਿਆ ਨੂੰ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਹੀ ਪੂਰਾ ਕਰਨਾ ਚਾਹੁੰਦੀ ਹੈ। ਰਾਜ ਸਰਕਾਰ ਵੱਲੋਂ ਉਨ੍ਹਾਂ ਦੀ ਥਾਂ ਰਾਜ ਦੇ ਨਵੇਂ ਗ੍ਰਹਿ ਸਕੱਤਰ ਦੀ ਨਿਯੁਕਤੀ ਸਬੰਧੀ ਵੀ ਆਉਂਦੇ ਇਕ-ਦੋ ਦਿਨਾਂ ਦੌਰਾਨ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ।