ਐਮੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਸਿੱਖ ਪੱਤਰਕਾਰ ਬਣੀ ਪ੍ਰਭਜੋਤ ਕੌਰ ਰੰਧਾਵਾ

ਐਮੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਸਿੱਖ ਪੱਤਰਕਾਰ ਬਣੀ ਪ੍ਰਭਜੋਤ ਕੌਰ ਰੰਧਾਵਾ

ਸੇਂਟ ਲੂਈਸ/ਬਿਊਰੋ ਨਿਊਜ਼ :
ਇਸ ਵਾਰ ਖੋਜੀ ਪੱਤਰਕਾਰਿਤਾ ਵਿਚ ਐਮੀ ਐਵਾਰਡ ਜਿੱਤਣ ਵਾਲੀ ਪੰਜਾਬੀ ਮੂਲ ਦੀ ਅਮਰੀਕਨ ਪੱਤਰਕਾਰ ਪ੍ਰਭਜੋਤ ਕੌਰ (ਪੀ.ਜੇ.) ਰੰਧਾਵਾ ਇਸ ਵੱਕਾਰੀ ਐਵਾਰਡ ਨੂੰ ਹਾਸਲ ਕਰਨ ਵਾਲੀ ਪਹਿਲੀ ਸਿੱਖ ਪੱਤਰਕਾਰ ਬਣੀ ਹੈ। ਪੀਜੇ ਰੰਧਾਵਾ ਨੂੰ ਖੋਜੀ ਪੱਤਰਕਾਰੀ ਦੇ ਖੇਤਰ ਵਿਚ ਇਸ ਸਾਲ ਦਾ ਵਕਾਰੀ ਐਮੀ ਐਵਾਰਡ ਮਿਲਿਆ ਹੈ। ਲੰਘੀ 22 ਸਤੰਬਰ ਨੂੰ ਅਮਰੀਕਾ ਦਾ ਇਹ ਐਵਾਰਡ ਖੋਜੀ ਰਿਪੋਰਟਿੰਗ ਦੀ ਕੈਟਾਗਰੀ ਵਿਚ  ਪ੍ਰਭਜੋਤ (ਪੀ.ਜੇ.) ਕੌਰ ਰੰਧਾਵਾ ਨੂੰ ਉਨ੍ਹਾਂ ਦੀ ਵੱਖ-ਵੱਖ ਰੋਗਾਂ ਵਿਚ ਮਨੁੱਖਾਂ ਦੁਆਰਾ ਵਰਤੋਂ ਵਿਚ ਲਿਆਂਦੀਆਂ ਜਾ ਰਹੀਆਂ ਘਾਤਕ ਕਿਸਮ ਦਵਾਈਆਂ ਬਾਰੇ ਪ੍ਰਕਾਸ਼ਿਤ ਇਕ ਸਨਸਨੀਖੇਜ਼ ਅਤੇ ਖੋਜ ਭਰਪੂਰ ਰਿਪੋਰਟ ਕਾਰਨ ਮਿਲਿਆ ਹੈ। ਇਸ ਤੋਂ ਪਹਿਲਾਂ ਉਸ ਨੇ ਰਾਜਨੀਤਿਕ ਰਿਪੋਰਟਿੰਗ ਲਈ ਸੰਨ 2013 ਵਿਚ ਵਰਲਡ ਸਿੱਖ ਐਵਾਰਡ ਵੀ ਪ੍ਰਾਪਤ ਕੀਤਾ ਹੈ। ਉਂਝ ਉਹ ਇਸ ਤੋਂ ਪਹਿਲਾਂ ਵੀ ਚਾਰ ਵਾਰ ਐਮੀ ਐਵਾਰਡ ਲਈ ਨਾਮਜ਼ਦ ਹੋ ਚੁੱਕੀ ਹੈ ਅਤੇ ਸੰਨ 2018 ਵਿਚ ਉਸ ਦਾ ਨਾਮ ਮਿਸੌਰੀ ਬ੍ਰੌਡਕਾਸਟਸ ਐਵਾਰਡ ਲਈ ਵੀ ਨਾਮਜ਼ਦ ਕੀਤਾ ਗਿਆ ਸੀ।
ਪੀਜੇ. ਕੌਰ ਦੀ ਖੋਜ-ਖਬਰ ਨੇ ਅਮਰੀਕਾ ਦੇ ਸਿਹਤ ਵਿਭਾਗ ਅਤੇ ਰਾਜ ਦੇ ਫਾਰਮੇਸੀ ਬੋਰਡ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਸਨ, ਜੋ ਕਿ ਰਿਪੋਰਟ ਮੁਤਾਬਕ ਵੱਡੇ ਵਪਾਰਕ ਘਰਾਣਿਆਂ ਦੇ ਦਬਾਅ ਹੇਠ ਆ ਕੇ ਆਮ ਲੋਕਾਂ ਲਈ ਮਾਰੂ ਦਵਾਈਆਂ ਦੀ ਨਿਗਰਾਨੀ ਕਰਨ ਲਈ ਕੋਈ ਕਾਰਵਾਈ ਨਹੀਂ ਕਰ ਰਹੇ ਸਨ। ਇਹ ਮਾਮਲਾ ਸਿੱਧਾ ਆਮ ਜਨਤਾ ਦੀ ਸਿਹਤ ਸੁਰੱਖਿਆ ਨਾਲ ਜੁੜਿਆ ਹੋਣ ਕਰਕੇ ਬਹੁਤ ਹੀ ਅਹਿਮ ਮੰਨਿਆ ਗਿਆ।
ਪ੍ਰਭਜੋਤ ਕੌਰ ਨੇ ਦਰਸ਼ਕਾਂ ਨਾਲ ਖਚਾਖਚ ਭਰੇ ਮਾਈਕਰੋਸੌਫਟ ਹਾਲ ਵਿਚ ਇਹ ਐਵਾਰਡ ਮਿਲਣ ਦੇ ਮੌਕੇ ‘ਤੇ ਕਿਹਾ ਕਿ ਉਹ ਜਿੱਥੇ ਜਿਊਰੀ ਮੈਂਬਰਾਂ ਦਾ ਸ਼ੁਕਰੀਆ ਅਦਾ ਕਰਦੀ ਹੈ, ਉਥੇ ਨਾਲ ਹੀ ਆਪਣੀ ਜ਼ਿੰਦਗੀ ਵਿਚ ਆਏ ਹਰ ਉਸ ਸ਼ਖਸ ਦਾ ਵੀ ਇਸ ਐਵਾਰਡ ਨੂੰ ਪ੍ਰਾਪਤ ਕਰਨ ਵਿਚ ਯੋਗਦਾਨ ਮੰਨਦੀ ਹੈ, ਜਿਸ ਨੇ ਉਸ ਨੂੰ ਅਜਿਹਾ ਪ੍ਰਾਪਤ ਕਰਨ ਦੇ ਕਾਬਲ ਬਣਾਇਆ।
ਇਹ ਐਵਾਰਡ ਮਿਲਣ ਉਤੇ ਉਨ੍ਹਾਂ ਕਿਹਾ ਕਿ, “ਮੈਨੂੰ ਬਤੌਰ ਪੱਤਰਕਾਰ ਇਸ ਤੋਂ ਵੀ ਵੱਧ ਇੱਕ ਸਿੱਖ ਹੋਣ ਦੇ ਨਾਤੇ ਅਜਿਹੇ ਮਾਮਲਿਆਂ ਨੂੰ ਉਜਾਗਰ ਕਰਨ ਦੀ ਆਪਣੀ ਜ਼ਿੰਮੇਵਾਰੀ ਬਣਦੀ ਲਗਦੀ ਹੈ ਕਿ ਜਿੱਥੇ ਲੋਕ ਹਿੱਤਾਂ ਦਾ ਘਾਣ ਸਿਰਫ ਲਾਭ ਕਮਾਉਣ ਲਈ ਹੀ ਕੀਤਾ ਜਾ ਰਿਹਾ ਹੋਵੇ। ਮੈਂ ਮੰਨਦੀ ਹਾਂ ਕਿ ਕੁਝ ਲੋਕਾਂ ਵੱਲੋਂ ਆਪਣੇ ਫਾਇਦੇ ਲਈ ਦੂਜੇ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੇ ਵਰਤਾਰੇ ਨੂੰ ਰੋਕਣਾ ਜਾਂ ਖਤਮ ਕਰਨ ਵਿਚ ਯੋਗਦਾਨ ਪਾਉਣਾ ਮੇਰਾ ਫਰਜ਼ ਵੀ ਹੈ। ਮੇਰੇ ਸਿੱਖ ਧਰਮ ਵਿਚ ਅਤੁੱਟ ਵਿਸ਼ਵਾਸ ਨੇ ਅਜਿਹੇ ਹੀ ਇਕ ਗੈਰ-ਮਨੁੱਖੀ ਕਾਰੇ ਨੂੰ ਬੇਨਕਾਬ ਕਰਨ ਵਿਚ ਮੇਰਾ ਹੌਸਲਾ ਵਧਾਇਆ। ਸਿੱਖ ਫਲਸਫਾ ਸਮਾਜ ਦੇ ਹਰ ਕੋਨੇ ਵਿਚੋਂ ਹਨੇਰਾ ਦੂਰ ਕਰਨ ਲਈ ਰੌਸ਼ਨੀ ਦਿਖਾਉਂਦਾ ਹੈ। ਮੈਂ ਚਾਹੁੰਦੀ ਹਾਂ ਕਿ ਲੋਕ ਮੇਰਾ ਲਿਖਿਆ ਅਜਿਹਾ ਕੁਝ ਪੜ੍ਹਨ ਜੋ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਫਾਇੰਦੇਮੰਦ ਹੋ ਸਕੇ।”
ਗੌਰਤਲਬ ਹੈ ਕਿ ਪ੍ਰਭਜੋਤ ਕੌਰ  ਨੇ ਇਸ ਸਮੇਂ ਏਐਸਡੀਕੇ ਨਿਊਜ਼ ਵਿਚ ਸੀਨੀਅਰ ਪੱਤਰਕਾਰ ਵਜੋਂ ਸੇਵਾ ਨਿਭਾ ਰਹੀ ਹੈ। ਉਸ ਨੇ ਸੰਨ 2013 ਤੋਂ ਲੈ ਕੇ 2015 ਤੱਕ ਸਾਊਥ ਕੈਰੋਲੀਨਾ ਦੇ ਡਬਲਿਊਆਈਐਸ ਟੀਵੀ ਵਿਚ ਵੀ  ਪੱਤਰਕਾਰ ਵਜੋਂ ਸੇਵਾਵਾਂ ਦਿੱਤੀਆਂ ਸਨ। ਇਸ ਤੋਂ ਪਹਿਲਾਂ ਉਸ ਨੇ ਸੰਨ 2011 ਤੋਂ 2013 ਦਰਮਿਆਨ ਕੋਟਾ ਟੈਰੋਟਰੀ ਨਿਊਜ਼ ਵਿਚ ਬਤੌਰ ਐਂਕਰ ਤੇ ਰਿਪੋਰਟਰ ਕਾਫ਼ੀ ਨਾਮਣਾ ਖੱਟਿਆ ਸੀ। ਪੀਜੇ ਰੰਧਾਵਾ ਨੇ ਡੇਅ-ਪੌਲ ਯੂਨੀਵਰਸਿਟੀ ਸ਼ਿਕਾਗੋ ਤੋਂ ਜਰਨਲਇਜ਼ਮ ਦੀ ਡਿਗਰੀ ਪ੍ਰਾਪਤ ਕੀਤੀ ਹੈ।