ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਰਿਚਰਡ ਥੇਲਰ ਨੂੰ ਅਰਥਸ਼ਾਸਤਰ ਦਾ ਨੋਬੇਲ ਪੁਰਸਕਾਰ

ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਰਿਚਰਡ ਥੇਲਰ ਨੂੰ ਅਰਥਸ਼ਾਸਤਰ ਦਾ ਨੋਬੇਲ ਪੁਰਸਕਾਰ

ਸਟਾਕਹੋਮ/ਬਿਊਰੋ ਨਿਊਜ਼ :
ਅਰਥਸ਼ਾਸਤਰ ਦਾ ਨੋਬੇਲ ਪੁਰਸਕਾਰ ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਰਿਚਰਡ ਥੇਲਰ (72) ਨੂੰ ਵਿਵਹਾਰਕ ਅਰਥਚਾਰੇ ਵਿਚ ਯੋਗਦਾਨ ਲਈ ਦੇਣ ਦਾ ਐਲਾਨ ਕੀਤਾ ਗਿਆ ਹੈ। ਸਵੀਡਿਸ਼ ਅਕੈਡਮਿਕ ਆਫ਼ ਸਾਇੰਸਿਜ਼ ਦੇ ਸਕੱਤਰ ਗੋਰੈਨ ਹੈਨਸਨ ਨੇ ਕਿਹਾ ਕਿ ਸ੍ਰੀ ਥੇਲਰ ਨੂੰ 90 ਲੱਖ ਕ੍ਰੋਨੋਰ (11 ਲੱਖ ਡਾਲਰ) ਦਾ ਪੁਰਸਕਾਰ ਉਨ੍ਹਾਂ ਦੀ ਅਰਥਸ਼ਾਸਤਰ ਵਿਚ ਮਨੋਵਿਗਿਆਨ ਦੀ ਸਮਝ ਨੂੰ ਲੈ ਕੇ ਦਿੱਤਾ ਜਾਵੇਗਾ। ਨੋਬੇਲ ਕਮੇਟੀ ਨੇ ਕਿਹਾ ਕਿ ਥੇਲਰ ਦੇ ਕੰਮ ਨੇ ਦਰਸਾਇਆ ਕਿ ਕਿਵੇਂ ਮਨੁੱਖੀ ਲੱਛਣ ਨਿੱਜੀ ਫ਼ੈਸਲਿਆਂ ਦੇ ਨਾਲ ਨਾਲ ਬਾਜ਼ਾਰ ਦੇ ਨਤੀਜਿਆਂ ਨੂੰ ਪ੍ਰਭਾਵਤ ਕਰਦੇ ਹਨ। ਅਕੈਡਮੀ ਨੇ ਕਿਹਾ ਹੈ ਕਿ ਸ੍ਰੀ ਥੇਲਰ ਨੇ ਆਪਣੀ ਖੋਜ ਦੌਰਾਨ ਪਾਇਆ ਕਿ ਆਰਥਿਕ ਫ਼ੈਸਲੇ ਲੈਣ ਸਮੇਂ ਲੋਕ ਕੀ ਸੋਚਦੇ ਹਨ ਅਤੇ ਉਸ ਦਾ ਪਾਲਣ ਕਿਵੇਂ ਕਰਦੇ ਹਨ। ਨੋਬੇਲ ਪੁਰਸਕਾਰ ਦੇ ਜਨਕ ਅਲਫਰੈੱਡ ਨੋਬੇਲ ਅਰਥਸ਼ਾਸਤਰ ਵਿਚ ਪੁਰਸਕਾਰ ਨਾ ਰਖਦੇ ਕਿਉਂਕਿ ਕਈਆਂ ਦਾ ਮੰਨਣਾ ਹੈ ਕਿ ਇਸ ਦਾ ਵਿਗਿਆਨ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਅਰਥਸ਼ਾਸਤਰ ਦਾ ਨੋਬੇਲ ਪੁਰਸਕਾਰ ਕਰੀਬ 7 ਦਹਾਕਿਆਂ ਮਗਰੋਂ 1969 ਵਿਚ ਸ਼ੁਰੂ ਕੀਤਾ ਗਿਆ ਸੀ। ਇਸ ਪੁਰਸਕਾਰ ਨੂੰ ਨੋਬੇਲ ਦੇ ਹੋਰ ਜੇਤੂਆਂ ਦੇ ਬਰਾਬਰ ਮੰਨਿਆ ਜਾਂਦਾ ਹੈ ਅਤੇ ਹੋਰ ਹਸਤੀਆਂ ਨੂੰ ਨਿਵਾਜੇ ਜਾਣ ਸਮੇਂ ਅਰਥਸ਼ਾਸਤਰ ਦਾ ਮਾਹਰ ਵੀ ਉਥੇ ਹਾਜ਼ਰ ਰਹਿੰਦਾ ਹੈ।