ਕੁਦਰਤੀ ਸਰੋਤਾਂ ਨੂੰ ਬੇਕਿਰਕੀ ਨਾਲ ਆਪਣੇ ਕਬਜ਼ੇ ਹੇਠ ਲੈ ਰਿਹੈ ਵਿਸ਼ਵੀਕਰਨ : ਪੰਧੇਰ

ਕੁਦਰਤੀ ਸਰੋਤਾਂ ਨੂੰ ਬੇਕਿਰਕੀ ਨਾਲ ਆਪਣੇ ਕਬਜ਼ੇ ਹੇਠ ਲੈ ਰਿਹੈ ਵਿਸ਼ਵੀਕਰਨ : ਪੰਧੇਰ

‘ਵਿਸ਼ਵੀਕਰਨ ਬਨਾਮ ਸਾਹਿਤ, ਸਭਿਆਚਾਰ ਅਤੇ ਆਮ ਲੋਕ’ ਵਿਸ਼ੇ ‘ਤੇ ਵਿਚਾਰ ਚਰਚਾ  
ਸਟਾਕਟਨ/ਹੁਸਨ ਲੜੋਆ ਬੰਗਾ:
ਪੰਜਾਬੀ ਸਾਹਿਤ ਸਭਾ ਸਟਾਕਟਨ ਦੇ ਸਮੂਹ ਮੈਂਬਰਾਂ ਵਲੋਂ 23 ਅਕਤੂਬਰ ਨੂੰ ਨੇੜਲੇ ਕਸਬੇ ਫਰੈਂਚ ਕੈਂਪ ਦੇ ‘ਇੰਡੀਆ ਤਾਜ਼ ਕੁਜ਼ੀਨ’ ਵਿਖੇ ‘ਵਿਸ਼ਵੀਕਰਨ ਬਨਾਮ ਸਾਹਿਤ, ਸਭਿਆਚਾਰ ਅਤੇ ਆਮ ਲੋਕ’ ਵਿਸ਼ੇ ਉੱਪਰ ਵਿਚਾਰ-ਚਰਚਾ ਕੀਤੀ ਗਈ। ਹਰਜਿੰਦਰ ਪੰਧੇਰ ਵਲੋਂ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਕਹਿਣ ਉਪਰੰਤ ਗੋਸ਼ਟੀ ਲਈ ਚੁਣੇ ਗਏ ਇਸ ਮਹੱਤਵਪੂਰਨ ਵਿਸ਼ੇ ‘ਤੇ ਉਨ੍ਹਾਂ ਦਾ ਧਿਆਨ ਕੇਂਦਰਤ ਕੀਤਾ ਗਿਆ। ਉਨ੍ਹਾਂ ਵਿਸ਼ਵੀਕਰਨ ਨੂੰ ਮੱਕੜਜਾਲ ਦਸਦਿਆਂ ਕਿਹਾ ਕਿ ਭਾਵੇਂ ਵਿਸ਼ਵੀਕਰਨ ਦੇ ਕੁਝ ਚੰਗੇ ਪੱਖ ਵੀ ਹਨ, ਪਰ ਇਨ੍ਹਾਂ ਦੇ ਉਲਟ ਇਹ ਆਪਣੇ ਸਵਾਰਥੀ ਹਿੱਤਾਂ ਨੂੰ ਪਾਲਣ ਲਈ ਪੂਰੀ ਦੁਨੀਆ ਦੇ ਲਾਹੇਵੰਦ ਕੁਦਰਤੀ ਸਰੋਤਾਂ ਤੇ ਸਾਧਨਾਂ ਨੂੰ ਬੇਕਿਰਕੀ ਨਾਲ ਆਪਣੇ ਕਬਜ਼ੇ ਹੇਠ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਇਸ ਦੇ ਗੈਰ ਮਨੁੱਖੀ ਵਰਤਾਰੇ ਕਾਰਨ ਉੱਠ ਰਹੀਆਂ ਸਮਾਜਿਕ ਸਮੱਸਿਆਵਾਂ ਬਾਰੇ ਵੀ ਰੌਸ਼ਨੀ ਪਾਈ। ਪ੍ਰੋ. ਹਰਭਜਨ ਸਿੰਘ ਨੇ ਵਿਸ਼ਵੀਕਰਨ ਕੀ ਹੈ, ਨੂੰ ਸਰਲ ਸੰਖੇਪ ਸ਼ਬਦਾਂ ਵਿੱਚ ਸਮਝਾਉਂਦਿਆਂ ਇਸ ਦੇ ਆਰਥਿਕ, ਰਾਜਨੀਤਕ, ਸਾਹਿਤਕ ਅਤੇ ਸਭਿਆਚਾਰਕ ਪਹਿਲੂਆਂ ਬਾਰੇ ਭਰਭੂਰ ਜਾਣਕਾਰੀ ਦਿੱਤੀ। ਉਨ੍ਹਾਂ ਸਰੋਤਿਆਂ ਵਲੋਂ ਉਠਾਏ ਗਏ ਸਵਾਲਾਂ ਦੇ ਯਥਾ-ਯੋਗ ਜਵਾਬ ਵੀ ਦਿੱਤੇ। ਤ੍ਰਿਪਤ ਭੱਟੀ ਨੇ ਸਾਹਿਤਕ ਕਿਰਤਾਂ ਦੇ ਅਨੁਵਾਦੀਕਰਨ ‘ਤੇ ਪੈ ਰਹੇ ਪਰਭਾਵਾਂ ਨੂੰ ਉਜਾਗਰ ਕੀਤਾ। ਲਗਾਤਾਰ ਇੱਕ ਘੰਟਾ ਚਲੀ ਇਸ ਬਹਿਸ ਵਿੱਚ ਹਰਨੇਕ ਸਿੰਘ, ਚਰਨਜੀਤ ਸਿੰਘ ਸਾਹੀ, ਗੁਰਪ੍ਰੀਤ ਕੌਰ, ਮਨਜੀਤ ਕੌਰ, ਰੁਪਿੰਦਰ ਕੌਰ ਅਤੇ ਅਮਰਪਾਲ ਸਿੰਘ ਨੇ ਭਾਗ ਲਿਆ।
ਸਮਾਗਮ ਦੇ ਅਗਲੇ ਦੌਰ ਵਿੱਚ ਤ੍ਰਿਪਤ ਸਿੰਘ ਭੱਟੀ ਨੇ ‘ਮੁਸਕਾਣ ਦਾ ਫੁਲ’, ਹਰਨੇਕ ਸਿੰਘ ਨੇ ‘ਕਾਮਯਾਬੀ’ ਅਤੇ ‘ਇਕੋ ਰੈਂਕ’ ਮਿੰਨੀ ਕਹਾਣੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸ ਉਪਰੰਤ ਚਰਨਜੀਤ ਸਿੰਘ ਸਾਹੀ, ਅਮਰਪਾਲ ਸਿੰਘ ਅਤੇ ਪ੍ਰੋ. ਹਰਭਜਨ ਸਿੰਘ ਨੇ ਆਪਣੀਆਂ ਕਵਿਤਾਵਾਂ ਨਾਲ ਰੰਗ ਬੰਨ੍ਹਿਆ।
ਇਸ ਬੈਠਕ ਦੌਰਾਨ ਮੌਜੂਦਾ ਕਾਰਜਕਰਨੀ ਕਮੇਟੀ ਵਿੱਚ ਵਾਧਾ ਕਰਦਿਆਂ ਗੁਰਪ੍ਰੀਤ ਕੌਰ ਨੂੰ ਪ੍ਰਬੰਧਕ, ਤ੍ਰਿਪਤ ਸਿੰਘ ਭੱਟੀ ਨੂੰ ਮੀਤ ਪ੍ਰਧਾਨ ਅਤੇ ਚਰਨਜੀਤ ਸਿੰਘ ਸਾਹੀ ਨੂੰ ਮੀਤ ਸਕੱਤਰ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ। ਇੱਕ ਅਹਿਮ ਫੈਸਲਾ ਲੈਂਦਿਆਂ ਇਹ ਐਲਾਨ ਵੀ ਕੀਤਾ ਗਿਆ ਕਿ ਇਸ ਸਭਾ ਦੀ ਨਵੀਂ ਕਮੇਟੀ ਦੀ ਚੋਣ ਮਾਰਚ ਮਹੀਨੇ ਵਿੱਚ ਕੀਤੀ ਜਾਵੇਗੀ ਅਤੇ ਨਵੇਂ ਸੰਵਿਧਾਨ ਨੂੰ ਅੰਤਮ ਰੂਪ ਦਿੱਤਾ ਜਾਵੇਗਾ। ਸਭਾ ਦੀ ਇਸ ਮੀਟਿੰਗ ਵਿੱਚ ਤਾਰਾ ਸਿੰਘ ਸਾਗਰ, ਦਲਜਿੰਦਰ ਸਿੰਘ ਸਹੋਤਾ, ਅਨਮੋਲ ਸ਼ਰਮਾ, ਰਾਜਕੁਮਾਰੀ, ਸੁੱਚੀ ਕੰਬੋਜ, ਕਮਲਾ ਕੰਬੋਜ, ਹਰਜਿੰਦਰ ਕੌਰ, ਸਤਵਿੰਦਰ ਸਿੰਘ ਨੇ ਵੀ ਭਾਗ ਲਿਆ।