ਗਾਖ਼ਲ ਭਰਾਵਾਂ ਵਲੋਂ ਭਾਰਤੀ ਫਿਲਮ ਖੇਤਰ ਵਿਚ ਨਵੀਂ ਸ਼ੁਰੂਆਤ

ਗਾਖ਼ਲ ਭਰਾਵਾਂ ਵਲੋਂ ਭਾਰਤੀ ਫਿਲਮ ਖੇਤਰ ਵਿਚ ਨਵੀਂ ਸ਼ੁਰੂਆਤ

ਜੀ ਬੀ ਐਂਟਰਟੇਨਮੈਂਟ ਨੇ ਗਰੇਟ ਮਰਾਠਾ ਐਂਟਰਟੇਨਮੈਂਟ ਨਾਲ ਪਾਈ ਸਾਂਝ
ਮੁੰਬਈ/ਬਿਊਰੋ ਨਿਊਜ਼: ਅਮਰੀਕੀ ਪੰਜਾਬੀ ਭਾਈਚਾਰੇ ਵਿੱਚ ਵਿਸ਼ੇਸ਼ ਥਾਂ ਰੱਖਣ ਵਾਲੇ ਗਾਖਲ ਭਰਾਵਾਂ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਨੇ ਭਾਰਤੀ ਫਿਲਮ ਖੇਤਰ ਵਿਚ ਨਵੀਂ ਸ਼ੁਰੂਆਤ ਕੀਤੀ ਹੈ। ਇਸ ਮੰਤਵ ਲਈ ਜੀ ਬੀ ਐਂਟਰਟੇਨਮੈਂਟ ਨੇ ਮਰਾਠੀ ਫਿਲਮ ਖੇਤਰ ਵਿਚ ਸਰਗਰਮ ਹੋਣ ਲਈ ਗਰੇਟ ਮਰਾਠਾ ਐਂਟਰਟੇਨਮੈਂਟ ਨਾਲ ਸਹਿਯੋਗ ਕਰਨ ਦਾ ਫੈਸਲਾ ਲਿਆ ਹੈ। ਅਮਰੀਕਾ ਦੇ ਸ਼ਹਿਰ ਵਾਟਸਨਵਿੱਲ ਵਿਚ ਵਸਦੇ ਗਾਖ਼ਲ ਭਰਾ ਜਿੱਥੇ ਖੇਡਾਂ ਅਤੇ ਪੰਜਾਬੀ ਭਾਈਚਾਰੇ ਵਿਚ ਆਪਣੇ ਸੁਭਾਅ, ਮਿਲਵਰਤਣ ਅਤੇ ਸਾਂਝ ਦੀਆਂ ਤੰਦਾਂ ਕਰਕੇ ਬੇਹੱਦ ਸਤਿਕਾਰੇ ਜਾਂਦੇ ਹਨ ਉਥੇ ਪਿਛਲੇ ਅਰਸੇ ਦੌਰਾਨ ਹਿੰਦੀ ਅਤੇ ਪੰਜਾਬੀ ਫਿਲਮ ਜਗਤ ਵਿਚ ਪ੍ਰਵੇਸ਼ ਕਰਨ ਨਾਲ ਜਿਹੜੀਆਂ ਫਿਲਮੀ ਖੇਤਰ ਲਈ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਸਨ ਉਹ ਮਹੌਲ ਗਾਖਲ ਭਰਾਵਾਂ ਨੇ ਇਕ ਤਰਾਂ੍ਹ ਨਾਲ ਸਿਰਜ ਦਿੱਤਾ ਹੈ। ਹੁਣ ਉਹ ਧੜੱਲੇ ਨਾਲ ਮਰਾਠੀ ਫਿਲਮ ਉਦਯੋਗ ਵਿਚ ਸਰਗਰਮ ਹੋਣ ਜਾ ਰਹੇ ਹਨ। ਜੀ ਬੀ ਐਂਟਰਟੇਨਮੈਂਟ ਅਤੇ ਗਰੇਟ ਮਰਾਠਾਂ ਐਂਟਰਟੇਨਮੈਂਟ ਵਲੋਂ ਆਪਸੀ ਸਹਿਯੋਗ ਨਾਲ ਮਰਾਠਾ ਫਿਲਮ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਲਈ ਟੀਚੇ ਮਿਥੇ ਗਏ ਹਨ। ਸਮਿਤਾ ਠਾਕਰੇ ਅਤੇ ਮਹੇਸ਼ ਮੰਜਰੇਕਰ ਵਲੋਂ 6 ਮਰਾਠੀ ਫਿਲਮਾਂ ਦੇ ਨਿਰਮਾਣ ਲਈ ਨਵੇਂ ‘ਮਰਾਠੀ ਟਾਕੀਜ਼’ ਦੇ ਬੈਨਰ ਹੇਠ ਸ਼ੁਰੂਆਤ ਕਰਨ ਲਈ ਅਮੋਲਕ ਸਿੰਘ ਗਾਖਲ ਨਾਲ ਹੱਥ ਮਿਲਾਇਆ ਗਿਆ ਹੈ।  ਨਵੀਂ ਕੰਪਨੀ ਯਾਦਗਾਰੀ ਮਰਾਠੀ ਫਿਲਮਾਂ ਦੇ ਨਿਰਮਾਣ ਲਈ ਵਚਨਬੱਧ ਹੈ। ਅਦਾਕਾਰ ਮਹੇਸ਼ ਮੰਜਰੇਕਰ ਅਤੇ ਅਸ਼ਵਨੀ ਭਾਵੇ ਜਿਹੇ ਸਟਾਰਾਂ ਨਾਲ ਲੈਸ ਪਹਿਲੀ ਮਰਾਠੀ ਫਿਲਮਾਂ ‘ਧਿਆਨੀਮਨੀ’ ਇਸੇ ਸਾਲ  2 ਦਸੰਬਰ ਨੂੰ ਰਿਲੀਜ਼ ਕੀਤੀ ਜਾਵੇਗੀ ਜਦਕਿ ਨਾਨਾ ਪਾਟੇਕਰ ਨੂੰ ਲੈ ਕੇ ਬਣਾਈ ਗਈ ਦੂਜੀ ਮਾਰਾਠਾ ਫਿਲਮ ‘ਨੇਸ਼ਨ ਫਸਟ’ ਅਗਲੇ ਸਾਲ 26 ਜਨਵਰੀ ਨੂੰ ਰਿਲੀਜ਼ ਕੀਤੀ ਜਾਵੇਗੀ,  ਤੀਜੀ ਫਿਲਮ ‘ਰੁਬਿਕ ਕਿਊਬ’ ਅਪ੍ਰੈਲ 2017 ਵਿਚ ਰਿਲੀਜ਼ ਕੀਤੀ ਜਾਵੇਗੀ ਅਤੇ ਚੌਥੀ ਫਿਲਮ ‘ਫਰੈਂਡਸ਼ਿਪ ਅਨਲਿਮਿਟਡ’ ਜੂਨ 2017 ਵਿਚ ਮਰਾਠੀ ਸਿਨੇਮਾ ਦੇ ਵੱਡੇ ਸਟਾਰ ਅਕਾਸ਼ ਥੋਸਰ (ਸੈਰਤ ਫੇਮ) ਨੂੰ ਲੈ ਕੇ ਰਿਲੀਜ਼ ਕੀਤੀ ਜਾਵੇਗੀ। ਇਹ ਇਕ ਸੰਗੀਤਕ ਫਿਲਮ ਹੋਵੇਗੀ ਜਿਸ ਵਿਚ 14 ਗਾਣੇ ਹੋਣਗੇ। ਸ. ਗਾਖਲ ਨੇ ਦੱਸਿਆ ਕਿ ਇਹਨਾਂ ਤੋਂ ਇਲਾਵਾ ਦੋ ਹੋਰ ਅਗਲੀਆਂ ਫਿਲਮਾਂ ਵੀ ਅਗਲੇ ਸਾਲ ਰਿਲੀਜ਼ ਕੀਤੀਆਂ ਜਾਣਗੀਆਂ ਜਿਹਨਾਂ ਦੇ ਟਾਈਟਲ ਬਾਅਦ ਵਿਚ ਦੱਸੇ ਜਾਣਗੇ।