‘ਆਪ’ ਦੇ ਕੁਮਾਰ ਤੋਂ ਪਰਵਾਸੀਆਂ ਦਾ ਉੱਠਿਆ ‘ਵਿਸ਼ਵਾਸ’

‘ਆਪ’ ਦੇ ਕੁਮਾਰ ਤੋਂ ਪਰਵਾਸੀਆਂ ਦਾ ਉੱਠਿਆ ‘ਵਿਸ਼ਵਾਸ’

ਕੈਪਸ਼ਨ : ਸਰੀ ਵਿੱਚ ‘ਆਪ’ ਆਗੂ ਕੁਮਾਰ ਵਿਸ਼ਵਾਸ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਲੋਕ।
ਸਰੀ/ਬਿਊਰੋ ਨਿਊਜ਼:
ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਕੁਮਾਰ ਵਿਸ਼ਵਾਸ ਦਾ ਕਈ ਕਾਰਕੁਨਾਂ ਨੇ ਰੋਸ ਮੁਜ਼ਾਹਰਿਆਂ ਨਾਲ ਸਵਾਗਤ ਕੀਤਾ। ਪ੍ਰਦਰਸ਼ਨਕਾਰੀਆਂ ਵਿੱਚ ‘ਆਪ’ ਸਮਰਥਕਾਂ ਤੋਂ ਇਲਾਵਾ ਸਿੱਖ ਤੇ ਖੱਬੇਪੱਖੀ ਕਾਰਕੁਨ ਸ਼ਾਮਲ ਸਨ। ‘ਆਪ’ ਦੇ ਸਥਾਨਕ ਸਮਰਥਕ ਸ੍ਰੀ ਵਿਸ਼ਵਾਸ ਦੀ ‘ਸੱਜੇਪੱਖੀ’ ਸਿਆਸਤ ਤੋਂ ਪ੍ਰੇਸ਼ਾਨ ਹਨ। ਪ੍ਰਦਰਸ਼ਨਕਾਰੀ ਉਸ ਵੱਲੋਂ ਸਿੱਖ ਤੇ ਮੁਸਲਮਾਨਾਂ ਉਤੇ ਫਿਕਰੇ ਕੱਸੇ ਜਾਣ ਤੋਂ ਭਖੇ ਹੋਏ ਸਨ। ਖਾਸ ਤੌਰ ‘ਤੇ ਸਿੱਖ ਕਾਰਕੁਨ ਇਸ ‘ਆਪ’ ਆਗੂ ਦੇ ’12 ਵਜੇ’ ਵਾਲੇ ਮਜ਼ਾਕ ਤੋਂ ਖਿੱਝੇ ਹੋਏ ਹਨ ਜਦੋਂ ਕਿ ਬਾਕੀ ਉਸ ਦੀਆਂ ਔਰਤਾਂ ਬਾਰੇ ਟਿੱਪਣੀਆਂ ਤੋਂ ਗੁੱਸੇ ਵਿੱਚ ਸਨ। ਇਸ ਤੋਂ ਪਹਿਲਾਂ ਇੰਡੀਆ ਮਹਿਲਾ ਐਸੋਸੀਏਸ਼ਨ ਆਗੂ ਰਮਿੰਦਰ ਦੋਸਾਂਝ ਵੱਲੋਂ ਕੁਮਾਰ ਵਿਸ਼ਵਾਸ ਦੀ ਆਲੋਚਨਾ ਕੀਤੀ ਗਈ ਸੀ ਪਰ ਉਹ ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਨਹੀਂ ਸਨ।
ਪ੍ਰਦਰਸ਼ਨਕਾਰੀਆਂ ਵੱਲੋਂ ਬੈੱਲ ਸੈਂਟਰ, ਜਿਥੇ ਕਾਮੇਡੀਅਨ ਕੁਮਾਰ ਵਿਸ਼ਵਾਸ ਨੇ ਪੇਸ਼ਕਾਰੀ ਦੇਣੀ ਸੀ, ਬਾਹਰ ਨਾਅਰੇਬਾਜ਼ੀ ਕੀਤੀ ਗਈ। ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਪੁਲੀਸ ਬੁਲਾ ਲਈ, ਜਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਪ੍ਰੋਗਰਾਮ ਵਾਲੇ ਸਥਾਨ ਦੇ ਮੁੱਖ ਦਾਖ਼ਲੇ ਤੋਂ ਪਿੱਛੇ ਹਟਾ ਦਿੱਤਾ। ਸਿੱਖ ਕਾਰਕੁਨ ਗੁਰਦੀਪ ਸਿੰਘ ਕੰਦੋਲਾ ਨੇ ਕਿਹਾ ਕਿ ਸਿੱਖ ਭਾਈਚਾਰੇ ਸਮੇਤ ਹੋਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕੁਮਾਰ ਵਿਸ਼ਵਾਸ ਆਰਐਸਐਸ ਦੀ ਬੋਲੀ ਬੋਲ ਰਿਹਾ ਹੈ। ‘ਆਪ’ ਸਮਰਥਕਾਂ ਗੁਰਮੁੱਖ ਸਿੰਘ ਦਿਓਲ ਤੇ ਤਰਲੋਚਨ ਸਿੰਘ ਨੇ ਕਿਹਾ ਕਿ ਭਾਜਪਾ ਦੇ ਰਾਜ ਵਾਲੇ ਭਾਰਤ ਵਿੱਚ ਧਾਰਮਿਕ ਘੱਟਗਿਣਤੀਆਂ ਉਤੇ ਹੋ ਰਹੇ ਹਮਲਿਆਂ ਤੋਂ ਅੱਖਾਂ ਮੁੰਦਣ ਕਾਰਨ ਉਹ ਸਟੇਟ ਦੇ ਜਬਰ ਨੂੰ ਜਾਇਜ਼ ਠਹਿਰਾ ਰਹੇ ਹਨ।
ਰੈਡੀਕਲ ਦੇਸੀ ਗਰੁੱਪ ਦੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਪ੍ਰਦਰਸ਼ਨ ਵਿੱਚ ਔਰਤਾਂ ਵੱਲੋਂ ਗਏ ਸਨ, ਜਿਨ੍ਹਾਂ ਦਾ ਵਿਸ਼ਵਾਸ ਵੱਲੋਂ ਆਪਣੀਆਂ ਭੱਦੀਆਂ ਟਿੱਪਣੀਆਂ ਨਾਲ ਲਗਾਤਾਰ ਅਪਮਾਨ ਕੀਤਾ ਜਾ ਰਿਹਾ ਹੈ। ਲਿਬਰਲ ਐਮਪੀ ਸੁੱਖ ਧਾਲੀਵਾਲ, ਜੋ ਕੁਮਾਰ ਵਿਸ਼ਵਾਸ ਦੀ ਪੇਸ਼ਕਾਰੀ ਦੇਖਣ ਆਏ ਸਨ, ਨੇ ਪ੍ਰਦਰਸ਼ਨਕਾਰੀਆਂ ਦਾ ਪੱਖ ਸੁਣਿਆ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਪੱਖ ਨੂੰ ਉਹ ਪ੍ਰਬੰਧਕਾਂ ਕੋਲ ਉਠਾਉਣਗੇ। ਬਾਅਦ ਵਿੱਚ ਸ਼ਾਮ ਨੂੰ ਕੁਮਾਰ ਵਿਸ਼ਵਾਸ ਦੇ ਸਮਰਥਕਾਂ ਵੱਲੋਂ ਕਰਾਏ ਵੱਖਰੇ ਸਮਾਗਮ ਵਿੱਚ ਇਕ ਸਿੱਖ ਕਾਰਕੁਨ ਧਰਮ ਸਿੰਘ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਕਿਉਂਕਿ ਉਹ ਕੁਮਾਰ ਵਿਸ਼ਵਾਸ ਨੂੰ ਨਿੱਜੀ ਤੌਰ ‘ਤੇ ਮਿਲ ਕੇ ਮੁਆਫ਼ੀ ਮੰਗਵਾਉਣ ਲਈ ਅੜਿਆ ਹੋਇਆ ਸੀ।