ਸਿੱਖ ਦਾ ਭੇਸ ਵਟਾ ਕੇ ਲੁੱਟ-ਖੋਹ ਕਰਨ ਵਾਲਾ ਬੰਗਲਾਦੇਸ਼ੀ ਕਾਬੂ

ਸਿੱਖ ਦਾ ਭੇਸ ਵਟਾ ਕੇ ਲੁੱਟ-ਖੋਹ ਕਰਨ ਵਾਲਾ ਬੰਗਲਾਦੇਸ਼ੀ ਕਾਬੂ

ਪੱਗ ਬੰਨ੍ਹ ਕੇ ਲੁੱਟ ਕਰਨ ਵਾਲੇ ਬੰਗਲਾਦੇਸ਼ੀ ਦੀ ਸੀਸੀਟੀਵੀ ਕੈਮਰੇ ਵਿਚ ਲਈ ਗਈ ਤਸਵੀਰ।

ਸਿੰਗਾਪੁਰ/ਬਿਊਰੋ ਨਿਊਜ਼ :

ਸਿੱਖ ਦੇ ਭੇਸ ਵਿਚ ਇਕ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਬੰਗਲਾਦੇਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਹਿਲਾਂ ਨਿਰਮਾਣ ਮਜ਼ਦੂਰ ਵਜੋਂ ਕੰਮ ਕਰ ਚੁੱਕੇ ਅਤੇ ਪਿਛਲੇ ਦਸੰਬਰ ਤੋਂ ਬਾਅਦ ਤੈਅ ਤਰੀਕ ਤੋਂ ਜ਼ਿਆਦਾ ਸਮੇਂ ਤੱਕ ਸਿੰਗਾਪੁਰ ਰਹਿ ਰਹੇ ਸ਼ੇਖ ਮੁਹੰਮਦ ਰਾਜਨ (29 ਸਾਲ) ਨੂੰ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਕਰਦਿਆਂ ਮੌਕੇ ਉਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਗੁਲਾਬੀ ਪੱਗ ਬੰਨ੍ਹ ਕੇ ਰਾਜਨ ਚਾਕੂ ਅਤੇ ਪਲਾਸਟਿਕ ਦੀ ਬੰਦੂਕ ਨਾਲ ਬੂਨ ਲੇ ਮਾਸ ਰੇਪਿਡ ਟ੍ਰਾਂਜ਼ਿਟ ਸਟੇਸ਼ਨ ਦੇ ਬਾਹਰ ਵੈਲਯੂਮੈਕਸ ਪਾਨ ਸ਼ਾਪ ਵਿਚ ਵੜ ਗਿਆ। ਇਸ ਤਰ੍ਹਾਂ ਦੀ ਦੁਕਾਨ ਵਿਚ ਨਕਦੀ ਲਈ ਗਹਿਣੇ ਬਦਲੇ ਜਾਂਦੇ ਹਨ। ਦੁਕਾਨ ਵਿਚ ਵੜ ਕੇ ਉਸ ਨੇ ਉਥੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਸਾਰੀ ਨਕਦੀ ਅਤੇ ਗਹਿਣੇ ਦੇਣ ਲਈ ਧਮਕਾਇਆ। ਜਦ ਕਰਮਚਾਰੀਆਂ ਨੇ ਮਨ੍ਹਾਂ ਕਰ ਦਿੱਤਾ ਤਾਂ ਉਸ ਨੇ ਕਿਹਾ ਕਿ ਉਸ ਕੋਲ ਵਿਸਫੋਟਕ ਸਮੱਗਰੀ ਹੈ ਅਤੇ ਉਹ ਦੁਕਾਨ ਉਡਾ ਦੇਵੇਗਾ। ਬਾਅਦ ਵਿਚ ਉਸ ਨੂੰ ਫੜ ਲਿਆ ਗਿਆ। ਉਸ ਖਿਲਾਫ ਅਦਾਲਤੀ ਕਾਰਵਾਈ ਸ਼ੁਰੂ ਹੋ ਗਈ ਹੈ।