ਟਰੰਪ ਪ੍ਰਸ਼ਾਸਨ ਦੌਰਾਨ ਭਾਰਤ-ਅਮਰੀਕਾ ਸਬੰਧ ਹੋਰ ਗੂੜ੍ਹੇ ਹੋਣਗੇ : ਗੁਰਵਿੰਦਰ ਸਿੰਘ ਖਾਲਸਾ

ਟਰੰਪ ਪ੍ਰਸ਼ਾਸਨ ਦੌਰਾਨ ਭਾਰਤ-ਅਮਰੀਕਾ ਸਬੰਧ ਹੋਰ ਗੂੜ੍ਹੇ ਹੋਣਗੇ : ਗੁਰਵਿੰਦਰ ਸਿੰਘ ਖਾਲਸਾ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਦੌਰਾਨ ਭਾਰਤ-ਅਮਰੀਕਾ ਦੇ ਆਪਸੀ ਸਬੰਧ ਹੋਰ ਗੂੜ੍ਹੇ ਹੋਣ ਦੀ ਸੰਭਾਵਨ ਹੈ। ਇਸ ਸਬੰਧੀ ਇੰਡੀਆਨਾ (ਅਮਰੀਕਾ) ਦੇ ਰਹਿਣ ਵਾਲੇ ਸਿੱਖ ਉਦਯੋਗਪਤੀ ਗੁਰਿੰਦਰ ਸਿੰਘ ਖਾਲਸਾ ਜੋ ਕਿ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਇਕ ਪੇਂਸ ਦੇ ਬਹੁਤ ਨਜ਼ਦੀਕੀ ਹਨ, ਦਾ ਕਹਿਣਾ ਹੈ ਕਿ ਭਾਰਤ ਤੇ ਅਮਰੀਕਾ ਦੋਵੇਂ ਸੰਭਾਵੀ ਸਾਂਝੀਦਾਰ ਹਨ ਕਿਉਂਕਿ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਚੀਨ ਦੇ ਹਮਲਾਵਰ ਰੁਖ ਦੇ ਚਲਦਿਆਂ ਇਸ ਮਸਲੇ ‘ਤੇ ਸੰਤੁਲਨ ਕਾਇਮ ਕਰਨ ਲਈ ਦੋਵਾਂ ਦੇਸ਼ਾਂ ਦੇ ਸਾਂਝੇ ਹਿੱਤ ਹਨ ਤੇ ਅਜਿਹੇ ਵਿਚ ਭਾਰਤ-ਅਮਰੀਕੀ ਸਬੰਧ ਨਵੀਆਂ ਉਚਾਈਆਂ ਛੂਹਣਗੇ। ਸ੍ਰੀ ਖਾਲਸਾ ਜੋ ਕਿ ਜੋ ਕਿ ਦੋਵਾਂ ਦੇਸ਼ਾਂ ਵਿਚਕਾਰ ਵਧੀਆ ਸਬੰਧ ਕਾਇਮ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ, ਦਾ ਇਹ ਵੀ ਕਹਿਣਾ ਹੈ ਕਿ ਏਸ਼ੀਆ-ਪ੍ਰਸ਼ਾਂਤ ਖੇਤਰ ਅਤੇ ਦੱਖਣ ਤੇ ਮੱਧ ਏਸ਼ੀਆ ਵਿਚ ਸਿਰ ਚੁੱਕ ਰਹੇ ਅੱਤਵਾਦ ਨਾਲ ਨਜਿੱਠਣ ਲਈ ਵੀ ਦੋਵਾਂ ਦੀ ਸਾਂਝੀ ਭਾਗੀਦਾਰੀ ਅਹਿਮ ਮਹੱਤਵ ਰੱਖਦੀ ਹੈ। ਸਿੱਖ ਪੋਲੀਟੀਕਲ ਐਕਸ਼ਨ ਕਮੇਟੀ ਦੇ ਸੰਸਥਾਪਕ ਤੇ ਮੁਖੀ ਸ੍ਰੀ ਖਾਲਸਾ ਜੋ ਕਿ ਇਥੋਂ ਦੇ ਮਿੱਡਵੈੱਸਟ ਖੇਤਰ ਵਿਚ ਭਾਰਤ-ਅਮਰੀਕੀ ਸਿੱਖ ਭਾਈਚਾਰੇ ਦੇ ਮੁੱਖ ਨੇਤਾ ਦੇ ਤੌਰ ‘ਤੇ ਉਭਰੇ ਹਨ, ਨੇ ਇਹ ਵੀ ਕਿਹਾ ਕਿ ਦੱਖਣ-ਪੂਰਬੀ ਏਸੀਆ ਵਿਚ ਚੀਨ ਦੇ ਵਧਦੇ ਆਰਥਿਕ ਤੇ ਸੈਨਿਕ ਪ੍ਰਭਾਵ ਨੂੰ ਠੱਲ੍ਹ ਪਾਉਣ ਤੇ ਪਾਕਿਸਤਾਨ ਤੇ ਅਫਗਾਨਿਸਤਾਨ ਵਿਚ ਵਧਦੇ ਅੱਤਵਾਦ ਨਾਲ ਨਜਿੱਠਣ ਲਈ ਵੀ ਦੋਵੇਂ ਦੇਸ਼ ਦਿਲਚਸਪੀ ਵਿਖਾ ਰਹੇ ਹਨ।